ਡਾ. ਗੋਗੋਆਣੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਡਾ. ਗੋਗੋਆਣੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ
Publish Date: Sat, 05 Sep 2026 06:09 PM (IST)
Updated Date: Sun, 06 Sep 2026 04:04 AM (IST)
ਫੋਟੋ-31 ਕੈਪਸਨ - ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਸਨਮਾਨਿਤ ਕਰਦੇ ਹੋਏ ਸੰਸਥਾ ਦੇ ਜਨਰਲ ਸਕੱਤਰ ਡਾ ਆਤਮਾ ਸਿੰਘ ਗਿੱਲ, ਪ੍ਰਧਾਨ ਮਰਕਸ ਪਾਲ ਗੁਮਟਾਲਾ, ਈਮੈਨੂਅਲ ਸਿੰਘ, ਮਨਪ੍ਰੀਤ ਸਿੰਘ ਕਪੂਰ, ਬੱਬਲਜੀਤ ਸਿੰਘ ਤੇ ਆਲਮ ਸਿੰਘ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੱਚਿਆਂ ਦੇ ਹੱਕਾਂ ਦੀ ਪਹਿਰੇਦਾਰ ਸੰਸਥਾ ‘ਬਾਲ ਵਿਕਾਸ ਕਲਾ ਕੇਂਦਰ ਅੰਮ੍ਰਿਤਸਰ’ ਵੱਲੋਂ ਸਿੱਖ ਇਤਿਹਾਸ ਦੇ ਮਹਾਨ ਖੋਜਾਰਥੀ ਤੇ ਪ੍ਰਸਿੱਧ ਲੇਖਕ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਉਨ੍ਹਾਂ ਦੀਆਂ ਅਕਾਦਮਿਕ, ਸਾਹਿਤਕ ਤੇ ਸਮਾਜਿਕ ਖੇਤਰ ’ਚ ਲਾਸਾਨੀ ਸੇਵਾਵਾਂ ਲਈ ‘ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ’ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਗੋਗੋਆਣੀ ਇੱਕ ਬਹੁਪੱਖੀ ਸ਼ਖ਼ਸੀਅਤ ਹਨ। ਉਨ੍ਹਾਂ ਐੱਮਏ ਧਰਮ ਅਧਿਐਨ, ਪੰਜਾਬੀ, ਸੰਗੀਤ, ਬੀਐੱਡ ਅਤੇ ਪੀਐੱਚਡੀ ਵਰਗੀਆਂ ਉੱਚ ਪੱਧਰੀ ਡਿਗਰੀਆਂ ਪ੍ਰਾਪਤ ਕਰ ਕੇ ਸਿੱਖਿਆ ਤੇ ਸਾਹਿਤ ਦੇ ਖੇਤਰ ’ਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਬਤੌਰ ਹਿਸਟਰੀ ਅਧਿਆਪਕ ਤੇ ਬਾਅਦ ਵਿਚ ਪ੍ਰਿੰਸੀਪਲ ਵਜੋਂ ਅਣਥੱਕ ਸੇਵਾਵਾਂ ਦਿੱਤੀਆਂ। ਅੱਜ ਕੱਲ ਉਹ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡੀਨ ਅਤੇ ਮੁਖੀ ਧਰਮ ਅਧਿਐਨ ਵਿਭਾਗ ਵੱਲੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਤਿੰਨ ਦਰਜਨ ਤੋਂ ਵੱਧ ਕਰੀਬ ਪੁਸਤਕਾਂ, ਡਾਕੂਮੈਂਟਰੀ ਫਿਲਮਾਂ ਅਤੇ 3 ਡੀ ਐਨੀਮੇਸ਼ਨ ਫਿਲਮਾਂ ਲਿਖ ਕੇ ਸਾਹਿਤ ਜਗਤ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ। ਬਾਲ ਵਿਕਾਸ ਕਲਾ ਕੇਂਦਰ ਦੇ ਪ੍ਰਧਾਨ ਮਰਕਸ ਪਾਲ ਗੁਮਟਾਲਾ ਅਤੇ ਜਨਰਲ ਸਕੱਤਰ ਡਾ. ਆਤਮਾ ਸਿੰਘ ਗਿੱਲ ਨੇ ਕਿਹਾ ਕਿ ਡਾ. ਇੰਦਰਜੀਤ ਸਿੰਘ ਗੋਗੋਆਣੀ ਵਰਗੀ ਨਿਮਰ ਅਤੇ ਗਿਆਨਵਾਨ ਸ਼ਖ਼ਸੀਅਤ ਨੂੰ ਸਨਮਾਨਿਤ ਕਰਕੇ ਸੰਸਥਾ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੀ ਹੈ ਅਤੇ ਅਰਦਾਸ ਕਰਦੀ ਹੈ ਕਿ ਉਹ ਲੰਬੀ ਉਮਰ ਭੋਗਦਿਆਂ ਸਮਾਜ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੇ ਰਹਿਣ। ਇਸ ਮੌਕੇ ਇਮੈਨੂਅਲ ਸਿੰਘ, ਬੱਬਲਜੀਤ ਸਿੰਘ, ਮਨਪ੍ਰੀਤ ਸਿੰਘ ਕਪੂਰ, ਆਲਮ ਸਿੰਘ, ਪਰਾਬੀਰ ਸਿੰਘ ਤੇ ਬਾਲ ਵਿਕਾਸ ਕਲਾ ਕੇਂਦਰ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।