ਖਾਲੀ ਪਲਾਟਾਂ ’ਚੋਂ ਕੂੜਾ ਹਟਵਾਉਣ ਲਈ ਨਿੱਤਰੇ ਕੌਂਸਲਰ ਵਿਰਾਟ ਦੇਵਗਨ ਖਾਲੀ ਪਲਾਟਾਂ ’ਚੋਂ ਕੂੜਾ ਹਟਵਾਉਣ ਲਈ ਨਿੱਤਰੇ ਕੌਂਸਲਰ ਵਿਰਾਟ ਦੇਵਗਨ
Publish Date: Sun, 30 Aug 2026 07:24 PM (IST)
Updated Date: Mon, 31 Aug 2026 04:05 AM (IST)
ਅਬਾਦੀ ਅਨੁਸਾਰ ਕੂੜਾ ਲਿਫਟਿੰਗ ਲਈ ਗੱਡੀਆਂ ਮੁਹੱਈਆ ਕਰਵਾਈਆਂ ਜਾਣ :ਕੌਂਸਲਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ ਨੰਬਰ -66, ਇੰਦਰਪੁਰੀ ਭੱਲੇ ਵਾਲਾ ਖੂਹ ਇਲਾਕੇ ਅਧੀਨ ਕਈ ਖਾਲੀ ਪਲਾਟਾਂ ਵਿਚ ਕੂੜੇ ਦੇ ਮਿੰਨੀ ਡੰਪ ਬਣ ਚੁੱਕੇ ਹਨ। ਇਨ੍ਹਾਂ ਡੰਪਾਂ ਨੂੰ ਹਟਾਉਣ ਲਈ ਕੌਂਸਲਰ ਵਿਰਾਟ ਦੇਵਗਨ ਮੈਦਾਨ ਵਿਚ ਨਿੱਤਰੇ ਅਤੇ ਕਾਫੀ ਹੱਦ ਤੱਕ ਕੂੜੇ ਦੇ ਢੇਰਾਂ ਨੂੰ ਹਟਾਇਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਕੌਂਸਲਰ ਵਿਰਾਟ ਦੇਵਗਨ ਦੀ ਅਗਵਾਈ ਹੇਠ ਵਾਰਡ ਨੰਬਰ -66, ਇੰਦਰਪੁਰੀ ਭੱਲੇ ਵਾਲਾ ਖੂਹ ਦੇ ਆਸਪਾਸ ਸਫਾਈ ਅਭਿਆਨ ਚਲਾਇਆ ਗਿਆ। ਕੌਂਸਲਰ ਵਿਰਾਟ ਦੇਵਗਨ ਨੇ ਕਿ ਪੂਰੇ ਅੰਮ੍ਰਿਤਸਰ ਗੁਰੂ ਨਗਰੀ ਵਿਚ ਸਾਫ਼-ਸਫਾਈ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਬੀਤੇ ਦਿਨੀਂ ਡਿਪਟੀ ਕਮਿਸ਼ਨਰ, ਸਮੂਹ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ ਕਿ ਸ਼ਹਿਰ ਦੇ ਵਿਚ ਕੂੜਾ ਨਹੀਂ ਰਹਿਣ ਦੇਣਾ, ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇੰਦਰਪੁਰੀ ਭੱਲੇ ਵਾਲਾ ਖੂਹ ਇਲਾਕੇ ਵਿਚ ਕਈ ਖਾਲੀ ਪਲਾਟਾਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਹ ਢੇਰਾਂ ਨੂੰ ਜੇਸੀਬੀ ਮਸ਼ੀਨਾਂ ਤੇ ਟ੍ਰੈਕਟਰ ਟਰਾਲੀਆਂ ਨਾਲ ਸਾਫ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਢੇਰ ਲੱਗਣ ਦਾ ਵੱਡਾ ਕਾਰਨ ਇਹ ਹੈ ਕਿ ਆਬਾਦੀ ਅਨੁਸਾਰ ਜਿੰਨੀਆਂ ਗੱਡੀਆਂ ਕੂੜਾ ਲਿਫਟਿੰਗ ਲਈ ਚਾਹੀਦੀਆਂ ਹਨ, ਓਨੀਆਂ ਗੱਡੀਆਂ ਨਹੀਂ ਆਉਂਦੀਆਂ ਹਨ। ਕੌਂਸਲਰ ਵਿਰਾਟ ਦੇਵਗਨ ਨੇ ਦੱਸਿਆ ਕਿ ਉਨ੍ਹਾਂ ਦੀ ਵਾਰਡ ਦੀ ਅਬਾਦੀ ਲਗਭਗ 25 ਹਜਾਰ ਹੈ ਅਤੇ ਤਕਰੀਬਨ 4500 ਘਰ ਹੈ। ਦੋ-ਤਿੰਨ ਲਿਫਟਿੰਗ ਦੀਆਂ ਗੱਡੀਆਂ ਨਾਲ ਮੁਕੰਮਲ ਕੂੜਾ ਲਿਫਟਿੰਗ ਨਹੀਂ ਹੋ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਮੁਕੰਮਲ ਕੂੜਾ ਲਿਫਟਿੰਗ ਨਹੀਂ ਹੁੰਦੀ ਤਾਂ ਲੋਕ ਕੂੜਾ ਇਧਰ-ਉਧਰ ਸੁੱਟਦੇ ਹਨ। ਉਨ੍ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਡੀਸੀ ਦਲਵਿੰਦਰਜੀਤ ਸਿੰਘ ਅਤੇ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਅਪੀਲ ਕੀਤੀ ਕਿ ਪਹਿਲਾ ਠੇਕੇਦਾਰ ਬਦਲ ਚੁੱਕਾ ਅਤੇ ਹੁਣ ਨਵੇਂ ਠੇਕੇਦਾਰ ਤੋਂ ਸਖਤੀ ਨਾਲ ਕੰਮ ਲੈ ਕੇ ਅਬਾਦੀ ਅਨੁਸਾਰ ਕੂੜਾ ਲਿਫਟਿੰਗ ਲਈ ਗੱਡੀਆਂ ਮੁਹੱਈਆ ਕਰਵਾਈਆਂ ਜਾਣ। ਜੇਕਰ ਜਰੂਰਤ ਅਨੁਸਾਰ ਗੱਡੀਆਂ ਮੁਹੱਈਆ ਹੋਣ ਤੇ ਸਹੀ ਢੰਗ ਨਾਲ ਕੂੜਾ ਲਿਫਟਿੰਗ ਹੋਵੇਗੀ ਤਾਂ ਲੋਕ ਖੁਦ ਹੀ ਖਾਲੀ ਪਲਾਟਾਂ ਵਿਚ ਕੂੜਾ ਨਹੀਂ ਸੁੱਟਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੂੜਾ ਖਾਲੀ ਪਲਾਟਾਂ ਵਿਚ ਨਾ ਸੁੱਟਣ। ਇਸ ਤਰ੍ਹਾਂ ਕੂੜਾ ਸੁੱਟਣ ਨਾਲ ਬੀਮਾਰੀਆਂ ਵੀ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਸ਼ਰਾਰਤੀ ਅਨਸਰ ਖਾਲੀ ਪਲਾਂਟਾ ਵਿਚ ਕੂੜਾ ਸੁੱਟਦਾ ਹੈ ਤਾਂ ਉਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਤੇ ਜੁਰਮਾਨਾ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਲਾਕੇ ਨੂੰ ਸਾਫ਼, ਸੁੰਦਰ ਅਤੇ ਸਵੱਛ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਬਾਕਸ ਪਲਾਟਾਂ ’ਚ ਬਣੇ ਮਿੰਨੀ ਡੰਪ ਲੋਕਾਂ ਵਲੋਂ ਖਾਲੀ ਪਲਾਟਾਂ ਵਿਚ ਕੂੜਾ ਸੁੱਟੇ ਜਾਣ ਕਾਰਨ ਮਿੰਨੀ ਡੰਪ ਬਣ ਚੁੱਕੇ ਹਨ। ਇਹ ਮਿੰਨੀ ਡੰਪਾਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਸ਼ਹਿਰ ਸਾਫ਼ ਕਰ ਰਹੇ ਹੋ ਤਾਂ ਇਹ ਵੀ ਸ਼ਹਿਰ ਦਾ ਹੀ ਹਿੱਸਾ ਹੈ। ਇੱਥੇ ਵੀ ਸਫਾਈ ਹੋਣੀ ਚਾਹੀਦੀ ਹੈ। ਇਹ ਟਰੈਕਟਰ ਟਰਾਲੀਆਂ ਨਾਲ ਕੂੜਾ ਹਟਾਇਆ ਜਾ ਰਿਹਾ ਹੈ, ਪਰ ਇਸ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ।