ਸਿਹਤਮੰਦ ਜੀਵਨ ਦੀ ਮੂਲ ਕੁੰਜੀ ਹਾਈਡ੍ਰੇਸ਼ਨ ਸਿਹਤਮੰਦ ਜੀਵਨ ਦੀ ਮੂਲ ਕੁੰਜੀ ਹਾਈਡ੍ਰੇਸ਼ਨ
Publish Date: Sun, 30 Aug 2026 06:46 PM (IST)
Updated Date: Mon, 31 Aug 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੱਜ ਦੇ ਭੱਜਦੌੜ ਭਰੇ ਜੀਵਨ ਵਿਚ ਅਸੀਂ ਅਕਸਰ ਆਪਣੀ ਸਿਹਤ ਦੀਆਂ ਬੁਨਿਆਦੀ ਲੋੜਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਹਾਈਡ੍ਰੇਸ਼ਨ, ਅਰਥਾਤ ਸਰੀਰ ਵਿਚ ਪਾਣੀ ਦੀ ਯੋਗ ਮਾਤਰਾ ਬਣਾਈ ਰੱਖਣਾ, ਸਿਹਤਮੰਦ ਜੀਵਨ ਦੀ ਸਭ ਤੋਂ ਅਹਿਮ ਜ਼ਰੂਰਤ ਹੈ। ਮਨੁੱਖੀ ਸਰੀਰ ਦਾ ਲਗਭਗ 60 ਫ਼ੀਸਦੀ ਹਿੱਸਾ ਪਾਣੀ ਨਾਲ ਬਣਿਆ ਹੈ, ਜੋ ਸਾਡੇ ਸਰੀਰ ਦੇ ਹਰ ਇਕ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ। ਇਹ ਪ੍ਰਗਟਾਵਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਗੱਲਬਾਤ ਕਰਦਿਆਂ ਕੀਤਾ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਪਾਣੀ ਸਿਰਫ਼ ਤ੍ਰਿਸ਼ਨਾ ਮਿਟਾਉਣ ਲਈ ਨਹੀਂ, ਬਲਕਿ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਸੰਤੁਲਿਤ ਰੱਖਣ, ਪੋਸ਼ਕ ਤੱਤਾਂ ਨੂੰ ਕੋਸ਼ਿਕਾਵਾਂ ਤੱਕ ਪਹੁੰਚਾਉਣ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਵੇ ਤਾਂ ਥਕਾਵਟ, ਚੱਕਰ ਆਉਣਾ, ਸਿਰ ਦਰਦ ਅਤੇ ਧਿਆਨ ਦੀ ਘਾਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਖਾਸ ਕਰਕੇ ਗਰਮੀ ਦੇ ਮੌਸਮ ਵਿਚ ਜਾਂ ਜਦੋਂ ਸਰੀਰਕ ਮਿਹਨਤ ਵੱਧ ਹੁੰਦੀ ਹੈ, ਤਾਂ ਪਸੀਨੇ ਰਾਹੀਂ ਸਰੀਰ ਵਿਚੋਂ ਪਾਣੀ ਤੇਜ਼ੀ ਨਾਲ ਘਟਦਾ ਹੈ। ਇਸ ਲਈ ਹਰ ਵਿਅਕਤੀ ਨੂੰ ਦਿਨ ਵਿੱਚ ਘੱਟੋ-ਘੱਟ 7-8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਨਾਲ ਹੀ ਨਾਰੀਅਲ ਪਾਣੀ, ਲੱਸੀ, ਛਾਛ, ਤਾਜ਼ੇ ਫਲਾਂ ਦੇ ਰਸ ਵਰਗੇ ਪ੍ਰਾਕ੍ਰਿਿਤਕ ਪੀਣ ਵਾਲੇ ਪਦਾਰਥ ਵੀ ਹਾਈਡ੍ਰੇਸ਼ਨ ਲਈ ਬਹੁਤ ਲਾਭਕਾਰੀ ਹਨ। ਇਸ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ਼, ਖੀਰਾ, ਸੰਤਰਾ ਅਤੇ ਟਮਾਟਰ ਵੀ ਪਾਣੀ ਦੀ ਪ੍ਰਚੁਰ ਮਾਤਰਾ ਰੱਖਦੇ ਹਨ, ਜੋ ਸਰੀਰ ਨੂੰ ਤਰੋਤਾਜ਼ਾ ਅਤੇ ਤੰਦਰੁਸਤ ਰੱਖਦੇ ਹਨ। ਕੈਫੀਨ ਅਤੇ ਸ਼ੂਗਰ ਵਾਲੇ ਪੀਣ ਵਾਲੇ ਪਦਾਰਥਾਂ ਦੀ ਬਜਾਏ ਸਾਧਾਰਣ ਪਾਣੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਹਾਈਡ੍ਰੇਸ਼ਨ ਸਿਰਫ਼ ਇਕ ਆਦਤ ਨਹੀਂ, ਸਗੋਂ ਇੱਕ ਜੀਵਨ ਸ਼ੈਲੀ ਹੈ। ਜੇ ਅਸੀਂ ਆਪਣੀ ਰੁਟੀਨ ਵਿਚ ਪਾਣੀ ਪੀਣ ਦੀ ਸਹੀ ਮਾਤਰਾ ਸ਼ਾਮਲ ਕਰ ਲਈਏ, ਤਾਂ ਅਸੀਂ ਨਾ ਸਿਰਫ਼ ਬਿਮਾਰੀਆਂ ਤੋਂ ਬਚ ਸਕਦੇ ਹਾਂ, ਬਲਕਿ ਆਪਣੀ ਸਮੁੱਚੀ ਸਿਹਤ ਨੂੰ ਵੀ ਬਿਹਤਰ ਬਣਾ ਸਕਦੇ ਹਾਂ। ਸਿਹਤਮੰਦ ਜੀਵਨ ਲਈ ਪਾਣੀ ਨੂੰ ਆਪਣਾ ਸਭ ਤੋਂ ਵੱਡਾ ਸਾਥੀ ਬਣਾਓ।