ਸਾਢੇ 4 ਸਾਲਾਂ ਦਾ ਹਿਸਾਬ ਲੋਕਾਂ ਦੀ ਕਚਹਿਰੀ ’ਚ ਦੇਣਾ ਪਵੇਗਾ: ਸੱਚਰ ਸਾਢੇ ਚਾਰ ਸਾਲਾਂ ਦਾ ਹਿਸਾਬ ਲੋਕਾਂ ਦੀ ਕਚਹਿਰੀ ’ਚ ਦੇਣਾ ਪਵੇਗਾ: ਸੱਚਰ
Publish Date: Sun, 30 Aug 2026 06:23 PM (IST)
Updated Date: Mon, 31 Aug 2026 04:02 AM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਸੀਨੀਅਰ ਕਾਂਗਰਸੀ ਆਗੂ ਤੇ ਪਾਰਟੀ ਦੇ ਮਜੀਠੇ ਤੋਂ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਵੱਡੇ-ਵੱਡੇ ਦਾਅਵਿਆਂ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ, ਪਰ ਚੋਣ ਜ਼ਾਬਤਾ ਲੱਗਣ ਉਪਰੰਤ ਸੱਤਾਧਾਰੀਆਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਅਸਲੀ ਪਤਾ ਲੱਗੇਗਾ। ਸੱਚਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਮਿਲੀਆਂ ਸਹੂਲਤਾਂ ਵਿਚਲਾ ਫ਼ਰਕ ਹੁਣ ਲੋਕ ਖੁਦ ਮਹਿਸੂਸ ਕਰ ਰਹੇ ਹਨ। ਨਸ਼ੇ ਦੇ ਖਾਤਮੇ, ਕਾਨੂੰਨ-ਵਿਵਸਥਾ, ਰਿਸ਼ਵਤਖੋਰੀ, ਰੁਜ਼ਗਾਰ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਅੱਜ ਵੀ ਪੰਜਾਬ ਦੇ ਲੋਕਾਂ ਲਈ ਵੱਡੇ ਸਵਾਲ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਵਰਗ ਨਾਲ ਵੱਡੇ-ਵੱਡੇ ਵਾਅਦੇ ਕਰਦੇ ਸਨ, ਅੱਜ ਉਨ੍ਹਾਂ ਨੂੰ ਆਪਣੇ ਹੀ ਵਾਅਦਿਆਂ ਦਾ ਜਵਾਬ ਦੇਣ ਤੋਂ ਭੱਜਣ ਦੀ ਬਜਾਏ ਪੰਜਾਬ ਦੇ ਲੋਕਾਂ ਸਾਹਮਣੇ ਸਾਢੇ ਚਾਰ ਸਾਲਾਂ ਦਾ ਪੂਰਾ ਲੇਖਾ-ਜੋਖਾ ਪੇਸ਼ ਕਰਨਾ ਚਾਹੀਦਾ ਹੈ। ਸੱਚਰ ਨੇ ਕਿਹਾ ਕਿ ਚੋਣਾਂ ਲੋਕਤੰਤਰ ਦਾ ਉਹ ਪੜਾਅ ਹਨ ਜਿੱਥੇ ਕੰਮ ਬੋਲਦਾ ਹੈ ਅਤੇ ਭਾਸ਼ਣ ਨਹੀਂ, ਕਾਰਗੁਜ਼ਾਰੀ ਦਾ ਹਿਸਾਬ ਹੁੰਦਾ ਹੈ। ਪੰਜਾਬ ਦੇ ਲੋਕ ਹੁਣ ਸਿਆਸੀ ਬਿਆਨਾਂ ਦੀ ਬਜਾਏ ਆਪਣੇ ਤਜਰਬੇ ਦੇ ਆਧਾਰ ’ਤੇ ਫ਼ੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਪਿੰਡ-ਪਿੰਡ ਅਤੇ ਘਰ-ਘਰ ਜਾਵੇਗੀ ਅਤੇ ਸਰਕਾਰ ਤੋਂ ਹਰ ਵੱਡੇ ਵਾਅਦੇ ਦਾ ਹਿਸਾਬ ਮੰਗੇਗੀ। ਇਸ ਮੌਕੇ ਭਗਵੰਤ ਪਾਲ ਸਿੰਘ ਸੱਚਰ ਦੇ ਨਾਲ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਨਵਦੀਪ ਸਿੰਘ ਸੋਨਾ ਮਜੀਠਾ ਸ਼ਹਿਰੀ ਪ੍ਰਧਾਨ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆ, ਝਿਲਮਿਲ ਸਿੰਘ ਬਾਠ ਸਾਧਪੁਰ, ਸੋਨੀ ਗਿੱਲ ਪੰਧੇਰ, ਪਲਵਿੰਦਰ ਸਿੰਘ ਫੌਜੀ, ਅਰਸ਼ ਮਜੀਠਾ ਤੇ ਯੂਥ ਕਾਂਗਰਸ ਦੇ ਆਗੂ ਸ਼ਰਨਜੀਤ ਸਿੰਘ ਸੰਨੀ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।