ਜੰਡਿਆਲਾ ਰੇਹੜੀ ਮਾਰਕੀਟ ’ਚ ਸਿਹਤ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਜੰਡਿਆਲਾ ਰੇਹੜੀ ਮਾਰਕੀਟ ’ਚ ਸਿਹਤ ਵਿਭਾਗ ਦੀ ਟੀਮ ਵੱਲੋਂ ਚੈਕਿੰਗ
Publish Date: Tue, 25 Aug 2026 08:23 PM (IST)
Updated Date: Wed, 26 Aug 2026 04:07 AM (IST)
ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਦੁਕਾਨਦਾਰਾਂ ਨੂੰ ਸਫ਼ਾਈ ਤੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਹਦਾਇਤ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਲ ਬੱਸ ਸਟੈਂਡ ਜੰਡਿਆਲਾ ਗੁਰੂ ਵਿਖੇ ਲੱਗਦੀ ਰੇੜੀ ਮਾਰਕੀਟ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਕਮਲਦੀਪ ਕੌਰ ਅਤੇ ਸਹਿਯੋਗੀ ਅਧਿਕਾਰੀਆਂ ਨੇ ਵੱਖ-ਵੱਖ ਰੇੜੀਆਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਰੇੜੀ ਮਾਰਕੀਟ ਵਿਚ ਸਫ਼ਾਈ ਦੀ ਘਾਟ ਅਤੇ ਫੂਡ ਸੇਫਟੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਦੇ ਮੱਦੇਨਜ਼ਰ ਮਾਰਕੀਟ ਦੀ ਜਾਂਚ ਕਰਕੇ ਮੋਮੋਜ਼, ਪਕੌੜਿਆਂ, ਵੈਜੀ ਚਾਪ ਸਮੇਤ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸਬੰਧਤ ਲੈਬਾਰਟਰੀ ਭੇਜਿਆ ਜਾਵੇਗਾ। ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕਈ ਰੇੜੀ ਚਾਲਕਾਂ ਵੱਲੋਂ ਫੂਡ ਸੇਫਟੀ ਨਿਯਮਾਂ ਦੀ ਪੂਰੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਉਨ੍ਹਾਂ ਰੇੜੀ ਚਾਲਕਾਂ ਨੂੰ ਫੂਡ ਸੇਫਟੀ ਲਾਇਸੈਂਸ/ਰਜਿਸਟ੍ਰੇਸ਼ਨ ਕਰਵਾਉਣ, ਸਾਫ਼-ਸੁਥਰੇ ਕੱਪੜੇ ਤੇ ਟੋਪੀਆਂ ਪਹਿਨਣ ਅਤੇ ਖਾਣਾ ਤਿਆਰ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ। ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਾਹਰੋਂ ਖਾਣ-ਪੀਣ ਵਾਲੀਆਂ ਵਸਤਾਂ ਖਰੀਦਣ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਵਰਤੇ ਜਾ ਰਹੇ ਤੇਲ ਦੀ ਗੁਣਵੱਤਾ, ਖਾਣ-ਪੀਣ ਵਾਲੀਆਂ ਵਸਤਾਂ ਦੀ ਤਾਜ਼ਗੀ ਅਤੇ ਪੈਕ ਕੀਤੀਆਂ ਵਸਤਾਂ ਦੀ ਤਿਆਰੀ ਤੇ ਮਿਆਦ ਪੁੱਗਣ ਦੀ ਤਾਰੀਖ਼ ਜ਼ਰੂਰ ਜਾਂਚੀ ਜਾਵੇ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਲਈ ਦੁਕਾਨਦਾਰਾਂ ਦੇ ਨਾਲ-ਨਾਲ ਖਪਤਕਾਰਾਂ ਦਾ ਸਹਿਯੋਗ ਵੀ ਜ਼ਰੂਰੀ ਹੈ।