ਭੈਣਾਂ ਤੋਂ ਸਿਰਫ਼ ਰੱਖੜੀ ਦਾ ਧਾਗਾ ਹੀ ਨਹੀਂ, ਭਰੋਸਾ ਅਤੇ ਆਸ਼ੀਰਵਾਦ ਲੈ ਕੇ ਅੱਗੇ ਵਧਾਂਗਾ : ਅਕਸ਼ੈ ਭੈਣਾਂ ਤੋਂ ਸਿਰਫ਼ ਰੱਖੜੀ ਦਾ ਧਾਗਾ ਹੀ ਨਹੀਂ, ਭਰੋਸਾ ਅਤੇ ਆਸ਼ੀਰਵਾਦ ਲੈ ਕੇ ਅੱਗੇ ਵਧਾਂਗਾ : ਅਕਸ਼ੈ
Publish Date: Tue, 25 Aug 2026 08:02 PM (IST)
Updated Date: Wed, 26 Aug 2026 04:07 AM (IST)
ਅਕਸ਼ੈ ਸ਼ਰਮਾ ਨੇ ਹਜ਼ਾਰਾਂ ਔਰਤਾਂ ਤੋਂ ਰੱਖੜੀ ਬੰਨ੍ਹਵਾਈ ਤੇ ਆਸ਼ੀਰਵਾਦ ਲਿਆ ਯਾਦਗਾਰੀ ਹੋ ਨਿੱਬੜਿਆ ਅਕਸ਼ੈ ਸ਼ਰਮਾ ਦਾ ਰੱਖੜੀ ਮਹਾ-ਸੰਮੇਲਨ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਜ਼ਾਰਾਂ ਔਰਤਾਂ ਤੇ ਪਰਿਵਾਰਾਂ ਦਾ ਮਿਲਿਆ ਸਾਥ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ‘ਰੱਖੜੀ ਮਹਾ-ਸੰਮੇਲਨ’ ’ਚ ਅਕਸ਼ੈ ਸ਼ਰਮਾ ਲਈ ਅਣਗਿਣਤ ਭੈਣਾਂ ਦਾ ਪਿਆਰ ਉਮੜ ਪਿਆ। ਅਕਸ਼ੈ ਸ਼ਰਮਾ ਦੀਆਂ ਦੋਵੇਂ ਬਾਹਾਂ ਰੱਖੜੀਆਂ ਨਾਲ ਭਰ ਗਈਆਂ। ਹਲਕਾ ਉਤਰੀ ਤੋਂ ਭਾਜਪਾ ਦੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਵਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਹਲਕਾ ਉੱਤਰੀ ’ਚ ਕਰਵਾਇਆ ਗਿਆ ਇਹ ਸੰਮੇਲਨ ਯਾਦਗਾਰੀ ਹੋ ਨਿੱਬੜਿਆ। ਅਕਸ਼ੈ ਸ਼ਰਮਾ ਦਾ ‘ਰੱਖੜੀ ਮਹਾ-ਸੰਮੇਲਨ’ ਮਹਿਜ਼ ਭੈਣ-ਭਰਾ ਦੇ ਪਿਆਰ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਵਿਚ ਸਿਆਸਤ ਦੇ ਰੰਗ ਵੀ ਸਾਫ਼ ਨਜ਼ਰ ਆਏ। ਗੋਲਡਨ ਵਿਊ ਰਿਜ਼ੋਰਟ ’ਚ ਕਰਵਾਏ ਗਏ ਇਸ ਸਮਾਗਮ ’ਚ ਹਲਕਾ ਉੱਤਰੀ ਦੀਆਂ ਹਜ਼ਾਰਾਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਪਹੁੰਚੇ। ਵੱਡੀ ਗਿਣਤੀ ’ਚ ਔਰਤਾਂ ਦੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵੱਡੇ ਸਿਆਸੀ ਸ਼ਕਤੀ ਪ੍ਰਦਰਸ਼ਨ ਵਜੋਂ ਚਰਚਾ ਵਿਚ ਲਿਆ ਦਿੱਤਾ। ਅਕਸ਼ੈ ਸ਼ਰਮਾ ਨੇ ਸਮਾਗਮ ਵਿਚ ਪਹੁੰਚੀਆਂ ਹਜ਼ਾਰਾਂ ਔਰਤਾਂ ਤੋਂ ਰੱਖੜੀ ਬੰਨ੍ਹਵਾਈ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਪੂਰੇ ਸਮਾਗਮ ਦੌਰਾਨ ਔਰਤਾਂ ’ਚ ਉਨ੍ਹਾਂ ਪ੍ਰਤੀ ਅਜਿਹਾ ਆਪਣਾਪਣ ਦੇਖਣ ਨੂੰ ਮਿਿਲਆ ਕਿ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਗਿਆ। ਸਮਾਗਮ ’ਚ ਹਲਕਾ ਉੱਤਰੀ ਲਈ ਬਣਾਈਆਂ ਗਈਆਂ 204 ਬੂਥ ਕਮੇਟੀਆਂ ਦੀਆਂ ਮਹਿਲਾ ਪ੍ਰਧਾਨਾਂ ਨੇ ਵੀ ਸ਼ਮੂਲੀਅਤ ਕੀਤੀ। ਸਾਰੀਆਂ ਬੂਥ ਕਮੇਟੀਆਂ ਦੀ ਕਮਾਨ ਔਰਤਾਂ ਨੂੰ ਸੌਂਪਿਆ ਜਾਣਾ ਵੀ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ। ਮਹਾ-ਸੰਮੇਲਨ ਦਾ ਸਭ ਤੋਂ ਭਾਵੁਕ ਪੱਖ ਉਨ੍ਹਾਂ ਕਰੀਬ 356 ਔਰਤਾਂ ਦੀ ਮੌਜੂਦਗੀ ਰਹੀ, ਜਿਨ੍ਹਾਂ ਨੇ ਨਸ਼ਿਆਂ ਕਾਰਨ ਆਪਣੇ ਪਿਤਾ, ਪੁੱਤਰ ਜਾਂ ਭਰਾ ਨੂੰ ਗੁਆਇਆ ਹੈ। ਇਨ੍ਹਾਂ ਔਰਤਾਂ ਨੇ ਅਕਸ਼ੈ ਸ਼ਰਮਾ ਨੂੰ ਆਪਣਾ ਭਰਾ ਮੰਨਦੇ ਹੋਏ ਉਨ੍ਹਾਂ ਨੂੰ ਰੱਖੜੀ ਬੰਨ੍ਹੀ। ਦੱਸਿਆ ਗਿਆ ਕਿ ਅਕਸ਼ੈ ਸ਼ਰਮਾ ਲੰਬੇ ਸਮੇਂ ਤੋਂ ਇਨ੍ਹਾਂ ਪਰਿਵਾਰਾਂ ਦੇ ਸੰਪਰਕ ’ਚ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਆ ਰਹੇ ਹਨ। ਅਕਸ਼ੈ ਸ਼ਰਮਾ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਦੋ ਤਰ੍ਹਾਂ ਦੀਆਂ ਭਾਵਨਾਵਾਂ ਮਹਿਸੂਸ ਹੋ ਰਹੀਆਂ ਹਨ। ਖੁਸ਼ੀ ਇਸ ਗੱਲ ਦੀ ਹੈ ਕਿ ਹਜ਼ਾਰਾਂ ਭੈਣਾਂ ਨੇ ਉਨ੍ਹਾਂ ’ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਪਰ ਦੂਜੇ ਪਾਸੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅੱਜ ਵੀ ਹਲਕਾ ਉੱਤਰੀ ’ਚ ਕਈ ਪਰਿਵਾਰ ਰੋਟੀ ਅਤੇ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਵਾਂ ਤੇ ਭੈਣਾਂ ਦੇ ਆਸ਼ੀਰਵਾਦ ਨਾਲ ਹੀ ਨੌਜਵਾਨ ਲੀਡਰਸ਼ਿਪ ਮਜ਼ਬੂਤ ਹੁੰਦੀ ਹੈ, ਜੇਕਰ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਹਲਕਾ ਉੱਤਰੀ ਦੇ ਲੋਕਾਂ ਦੇ ਉਨ੍ਹਾਂ ਹਾਲਾਤਾਂ ਨੂੰ ਬਦਲਣ ਦਾ ਯਤਨ ਕਰਨਗੇ, ਜਿਨ੍ਹਾਂ ਕਾਰਨ ਅੱਜ ਵੀ ਕਈ ਪਰਿਵਾਰ ਮਜਬੂਰੀ ’ਚ ਜੀਵਨ ਬਤੀਤ ਕਰ ਰਹੇ ਹਨ। ਅਕਸ਼ੈ ਸ਼ਰਮਾ ਨੇ ਕਿਹਾ ਕਿ ਉਹ ਸਿਰਫ਼ ਚੋਣਾਂ ਦੇ ਸਮੇਂ ਲੋਕਾਂ ਵਿਚਕਾਰ ਨਜ਼ਰ ਆਉਣ ਵਾਲੇ ਆਗੂ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਦਾ ਯਤਨ ਹੈ ਕਿ ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਚੋਣਾਂ ਤੋਂ ਬਾਅਦ ਵੀ ਇਸੇ ਤਰ੍ਹਾਂ ਕਾਇਮ ਰਹੇ। ਉਨ੍ਹਾਂ ਕਿਹਾ ਕਿ ਅੱਜ ਉਹ ਭੈਣਾਂ ਤੋਂ ਸਿਰਫ਼ ਰੱਖੜੀ ਦਾ ਧਾਗਾ ਹੀ ਨਹੀਂ, ਸਗੋਂ ਉਨ੍ਹਾਂ ਦਾ ਭਰੋਸਾ ਅਤੇ ਆਸ਼ੀਰਵਾਦ ਲੈ ਕੇ ਅੱਗੇ ਵਧ ਰਹੇ ਹਨ। ਬਾਕਸ ਸਿਆਸੀ ਗਲਿਆਰਿਆਂ ’ਚ ਵੀ ਚਰਚਾ ਹੋਈ ਤੇਜ਼ ਰੱਖੜੀ ਮਹਾ-ਸੰਮੇਲਨ ’ਚ ਉਮੜੀ ਭੀੜ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ। ਸਮਾਗਮ ’ਚ 10 ਹਜ਼ਾਰ ਤੋਂ ਵੱਧ ਔਰਤਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ। ਅਜਿਹੇ ’ਚ ਰੱਖੜੀ ਦੇ ਧਾਗਿਆਂ ਦਰਮਿਆਨ ਅਕਸ਼ੈ ਸ਼ਰਮਾ ਨੇ ਜਿੱਥੇ ਆਪਣੇ ਸਮਰਥਕਾਂ ਤੇ ਵਰਕਰਾਂ ਵਿਚਕਾਰ ਸਿਆਸੀ ਤਾਕਤ ਦਾ ਸੰਦੇਸ਼ ਦਿੱਤਾ, ਉੱਥੇ ਔਰਤਾਂ ਦੀ ਵੱਡੀ ਸ਼ਮੂਲੀਅਤ ਨੇ ਹਲਕਾ ਉੱਤਰੀ ਦੀ ਆਉਣ ਵਾਲੀ ਚੋਣੀ ਤਸਵੀਰ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਬਾਕਸ ਮੇਰਾ ਮਕਸਦ ਸਿਆਸਤ ਨਹੀਂ, ਹਾਲਾਤ ਬਦਲਣਾ ਅਕਸ਼ੈ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਸਿਆਸਤ ਕਰਨਾ ਨਹੀਂ ਸਗੋਂ ਲੋਕਾਂ ਦੇ ਹਾਲਾਤ ਬਦਲਣਾ ਹੈ। ਉਨ੍ਹਾਂ ਦਾ ਸੁਪਨਾ ਹੈ ਕਿ 2027 ਤੋਂ ਬਾਅਦ ਹਲਕਾ ਉੱਤਰੀ ਦੀ ਤਸਵੀਰ ਅਜਿਹੀ ਬਦਲੇ, ਜਿੱਥੇ ਲੋਕ ਮਜਬੂਰ ਨਹੀਂ, ਸਗੋਂ ਮਜ਼ਬੂਤ ਹੋਣ। ਅਕਸ਼ੈ ਸ਼ਰਮਾ ਨੇ ਕਿਹਾ ਕਿ ਹਲਕਾ ਉੱਤਰੀ ਦੇ ਕਈ ਇਲਾਕਿਆਂ ’ਚ ਲੋਕ ਗਰੀਬੀ ਤੇ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬੀ ਕੋਈ ਸਥਾਈ ਮਜਬੂਰੀ ਨਹੀਂ ਸਗੋਂ ਹਾਲਾਤਾਂ ਦਾ ਨਤੀਜਾ ਹੈ ਅਤੇ ਇਨ੍ਹਾਂ ਹਾਲਾਤਾਂ ਨੂੰ ਬਦਲਿਆ ਜਾ ਸਕਦਾ ਹੈ। ਇਸ ਲਈ ਨੌਜਵਾਨ ਆਗੂਆਂ ਨੂੰ ਅੱਗੇ ਆ ਕੇ ਜ਼ਿੰਮੇਵਾਰੀ ਸੰਭਾਲਣੀ ਪਵੇਗੀ।