ਪਿਸਤੌਲ ਸਮੇਤ ਮੁਲਜ਼ਮ ਗ੍ਰਿਫਤਾਰ, ਦੂਜਾ ਫਰਾਰ ਪਿਸਤੌਲ ਸਮੇਤ ਮੁਲਜ਼ਮ ਗ੍ਰਿਫਤਾਰ, ਦੂਜਾ ਫਰਾਰ
Publish Date: Sun, 16 Aug 2026 07:34 PM (IST)
Updated Date: Mon, 17 Aug 2026 04:08 AM (IST)
* ਡਲਿਵਰੀ ਕੰਪਨੀ ’ਚ ਲੁੱਟ ਦੀ ਕੋਸ਼ਿਸ਼ ਨਾਕਾਮ, ਮੁਲਜ਼ਮ ਖ਼ਿਲਾਫ਼ ਅਗਲੇਰੀ ਕਾਰਵਾਈ ਵਿੱਢੀ ਫੋਟੋ: 53 ਕੈਪਸਨ : ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਗ੍ਰਿਫ਼ਤਾਰ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮਜੀਠਾ ਕਰਮਪਾਲ ਸਿੰਘ ਰੰਧਾਵਾਂ ਨਾਲ ਏ.ਐਸ.ਆਈ ਕੁਲਦੀਪ ਸਿੰਘ ਅਤੇ ਹੋਰ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਕਸਬਾ ਮਜੀਠਾ ਵਿਚ ਇਕ ਡਲਿਵਰੀ ਕੰਪਨੀ ਦੇ ਦਫ਼ਤਰ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਹਥਿਆਰਬੰਦਾਂ ਦੀ ਕੋਸ਼ਿਸ਼ ਨਾਕਾਮ ਹੋ ਗਈ। ਦਫ਼ਤਰ ਦੇ ਸਟਾਫ ਦੀ ਸੂਝ-ਬੂਝ ਤੇ ਹੌਸਲੇ ਕਾਰਨ ਇਕ ਲੁਟੇਰੇ ਨੂੰ ਵਿਦੇਸ਼ੀ ਪਿਸਤੌਲ ਸਮੇਤ ਕਾਬੂ ਕਰ ਲਿਆ ਗਿਆ, ਜਦਕਿ ਉਸ ਦਾ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਉਕਤ ਵਾਰਦਾਤ ਮਜੀਠਾ ਪੈਲਸ ਦੇ ਨੇੜੇ ਸਥਿਤ ਡਿਲੀਵਰੀ ਕੰਪਨੀ ਦੇ ਦਫ਼ਤਰ ਵਿਚ ਵਾਪਰੀ। ਘਟਨਾ ਸਮੇਂ ਦਫ਼ਤਰ ’ਚ ਮੈਨੇਜਰ ਜੁਗਰਾਜ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਜੇਠੂਨੰਗਲ ਰੋਡ ਅਤੇ ਉਸ ਦਾ ਸਾਥੀ ਜਸਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੜ੍ਹਰੀ ਕਲਾਂ ਮੌਜੂਦ ਸਨ। ਇਸੇ ਦੌਰਾਨ ਮੂੰਹ ਢੱਕ ਕੇ ਆਏ ਦੋ ਨੌਜਵਾਨਾਂ ਨੇ ਪਾਰਸਲ ਬਾਰੇ ਪੁੱਛ-ਪੜਤਾਲ ਕਰਨ ਦੇ ਬਹਾਨੇ ਅੰਦਰ ਦਾਖਲ ਹੋ ਕੇ ਲੁੱਟ ਦੀ ਨੀਅਤ ਜ਼ਾਹਿਰ ਕਰ ਦਿੱਤੀ। ਜਦੋਂ ਮੈਨੇਜਰ ਜੁਗਰਾਜ ਸਿੰਘ ਨੇ ਉਨ੍ਹਾਂ ਨੂੰ ਪਹਿਚਾਣ ਦੇਣ ਅਤੇ ਮੂੰਹ ਖੋਲ੍ਹਣ ਲਈ ਕਿਹਾ ਤਾਂ ਇਕ ਨੌਜਵਾਨ ਨੇ ਜੇਬ ਵਿਚੋਂ ਪਿਸਤੌਲ ਕੱਢ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਕੈਸ਼ ਦੀ ਮੰਗ ਕੀਤੀ। ਜਿਸ ਤੇ ਜੁਗਰਾਜ ਸਿੰਘ ਨੇ ਬਹਾਦਰੀ ਦਿਖਾਉਂਦੇ ਹੋਏ ਉਸ ਨੂੰ ਜੱਫਾ ਪਾ ਲਿਆ। ਜਸਨਪ੍ਰੀਤ ਸਿੰਘ ਦੀ ਮਦਦ ਨਾਲ ਉਨ੍ਹਾਂ ਨੇ ਮੁਲਜ਼ਮ ਦੇ ਹੱਥੋਂ ਪਿਸਤੌਲ ਖੋਹ ਲਿਆ। ਗੁੱਥਮ-ਗੁੱਥਾ ਦੌਰਾਨ ਮੁਲਜ਼ਮ ਦਾ ਸਿਰ ਕੰਧ ਨਾਲ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਦੂਜਾ ਨੌਜਵਾਨ ਇਹ ਸਭ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਨੌਜਵਾਨ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਦੱਸਿਆ। ਉਸ ਨੇ ਫਰਾਰ ਹੋਏ ਸਾਥੀ ਦਾ ਨਾਮ ਹੈਪੀ ਪੁੱਤਰ ਘੁੱਗੀ ਵਾਸੀ ਸ੍ਰੀ ਹਰਗੋਬਿੰਦਪੁਰ ਦੱਸਿਆ। ਇਸ ਦੌਰਾਨ ਸੂਚਨਾ ਮਿਲਦੇ ਹੀ ਥਾਣਾ ਮਜੀਠਾ ਦੇ ਏਐਸਆਈ ਕੁਲਦੀਪ ਸਿੰਘ ਅਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ। ਪੁਲਿਸ ਨੇ ਮੁਲਜ਼ਮ ਕੋਲੋਂ 30 ਬੋਰ ਦਾ ਵਿਦੇਸ਼ੀ ਪਿਸਤੌਲ ਬਰਾਮਦ ਕੀਤਾ, ਜਿਸ ਤੇ 14 ਸ਼ੋਟ ਪਿਸਤੋਲ ਮੇਡਨ ਇਨ ਚਾਈਨਾ 30 ਬੋਰ ਲਿਖਿਆ ਹੋਇਆ ਸੀ। ਪਿਸਤੌਲ ਨੂੰ ਅਨਲੋਡ ਕਰਨ ਤੇ ਮੈਗਜ਼ੀਨ ’ਚੋਂ 6 ਕਾਰਤੂਸ ਵੀ ਮਿਲੇ। ਪੁਲਿਸ ਨੇ ਮੁਲਜ਼ਮ ਸੁਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਫਰਾਰ ਮੁਲਜ਼ਮ ਹੈਪੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।