ਅਕਸ਼ੈ ਸ਼ਰਮਾ ਦੇ ਘਰ ਪਹੁੰਚੇ ਗਜੇਂਦਰ ਸਿੰਘ ਸ਼ੇਖਾਵਤ ਅਕਸ਼ੈ ਸ਼ਰਮਾ ਦੇ ਘਰ ਪਹੁੰਚੇ ਗਜੇਂਦਰ ਸਿੰਘ ਸ਼ੇਖਾਵਤ
Publish Date: Sun, 16 Aug 2026 04:28 PM (IST)
Updated Date: Mon, 17 Aug 2026 04:00 AM (IST)
ਫੋਟੋ-2 ਕੈਪਸ਼ਨ : ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਸਵਾਗਤ ਕਰਦੇ ਹੋਏ ਅਕਸ਼ੈ ਸ਼ਰਮਾ। * ਮੰਤਰੀ ਸ਼ੇਖਾਵਤ ਨਾਲ ਬਹੁਤ ਪੁਰਾਣਾ ਤੇ ਗੂੜ੍ਹਾ ਰਿਸ਼ਤਾ: ਅਕਸ਼ੈ * ਘਰ ਹੋਈ ਸਿਆਸੀ ਚਰਚਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਅੰਮ੍ਰਿਤਸਰ ਪੁੱਜਣ ’ਤੇ ਭਾਜਪਾ ਆਗੂ ਤੇ ਹਲਕਾ ਉੱਤਰੀ ਤੋਂ ਸਰਗਰਮ ਆਗੂ ਅਕਸ਼ੈ ਸ਼ਰਮਾ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਅਕਸ਼ੈ ਸ਼ਰਮਾ ਨੇ ਸ਼ੇਖਾਵਤ ਨੂੰ ਫੁੱਲਾਂ ਦੀ ਮਾਲਾ ਪਹਿਨਾ ਕੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਮੁਲਾਕਾਤ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਬਾਅਦ ਸ਼ੇਖਾਵਤ ਵਿਸ਼ੇਸ਼ ਤੌਰ ’ਤੇ ਅਕਸ਼ੈ ਸ਼ਰਮਾ ਦੇ ਗ੍ਰਹਿ ਵਿਖੇ ਵੀ ਪਹੁੰਚੇ। ਇਸ ਮੌਕੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਤੇ ਗੂੜ੍ਹਾ ਰਿਸ਼ਤਾ ਹੈ। ਲੰਬੇ ਸਮੇਂ ਤੋਂ ਉਨ੍ਹਾਂ ਨੂੰ ਸ਼ੇਖਾਵਤ ਦੀ ਰਹਿਨੁਮਾਈ ਹੇਠ ਕੰਮ ਕਰਨ ਅਤੇ ਉਨ੍ਹਾਂ ਤੋਂ ਸਿਆਸੀ ਤੇ ਸੰਗਠਨਾਤਮਕ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਦਾ ਰਿਹਾ ਹੈ। ਅਕਸ਼ੈ ਸ਼ਰਮਾ ਨੇ ਕਿਹਾ ਕਿ ਸ਼ੇਖਾਵਤ ਨਾਲ ਹਰ ਮੁਲਾਕਾਤ ਉਨ੍ਹਾਂ ਲਈ ਸਿੱਖਣ ਦਾ ਮੌਕਾ ਹੁੰਦੀ ਹੈ। ਉਨ੍ਹਾਂ ਦੇ ਤਜਰਬੇ, ਸੰਗਠਨ ਪ੍ਰਤੀ ਸਮਰਪਣ ਅਤੇ ਸਿਆਸੀ ਸਮਝ ਤੋਂ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਣਾ ਮਿਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਸ਼ੇਖਾਵਤ ਜੀ ਨਾਲ ਗੱਲਬਾਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਨਵੀਂ ਦਿਸ਼ਾ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅੰਮ੍ਰਿਤਸਰ ਦੌਰੇ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅਕਸ਼ੈ ਸ਼ਰਮਾ ਦੇ ਨਿਵਾਸ ਵਿਖੇ ਵੀ ਕੁਝ ਸਮਾਂ ਬਿਤਾਇਆ। ਇਸ ਦੌਰਾਨ ਦੋਵਾਂ ਵਿਚਾਲੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੰਗਠਨਾਤਮਕ ਗਤੀਵਿਧੀਆਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ। ਅਕਸ਼ੈ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸ਼ੇਖਾਵਤ ਨੂੰ ਹਲਕਾ ਉੱਤਰੀ ਦੇ ਨਾਲ-ਨਾਲ ਪੂਰੇ ਅੰਮ੍ਰਿਤਸਰ ਵਿੱਚ ਭਾਜਪਾ ਦੀਆਂ ਸੰਗਠਨਾਤਮਕ ਗਤੀਵਿਧੀਆਂ, ਜਨਸੰਪਰਕ ਮੁਹਿੰਮਾਂ ਅਤੇ ਪਾਰਟੀ ਦੀਆਂ ਜ਼ਮੀਨੀ ਤਿਆਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਲਗਾਤਾਰ ਲੋਕਾਂ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਹਨ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਅਕਸ਼ੈ ਸ਼ਰਮਾ ਨੇ ਕਿਹਾ ਕਿ ਸੀਨੀਅਰ ਆਗੂਆਂ ਦੀ ਰਹਿਨੁਮਾਈ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਅੰਮ੍ਰਿਤਸਰ ਆਉਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਬਿਤਾਇਆ ਸਮਾਂ ਹਮੇਸ਼ਾ ਯਾਦਗਾਰ ਅਤੇ ਪ੍ਰੇਰਣਾਦਾਇਕ ਰਹਿੰਦਾ ਹੈ। ਇਸ ਮੁਲਾਕਾਤ ਦੌਰਾਨ ਭਾਜਪਾ ਦੇ ਸੰਗਠਨਾਤਮਕ ਵਿਸਥਾਰ, ਆਗਾਮੀ ਸਿਆਸੀ ਰਣਨੀਤੀ ਅਤੇ ਅੰਮ੍ਰਿਤਸਰ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।