ਸੀਵਰੇਜ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਵਸਨੀਕਾਂ ਨੇ ਨਗਰ ਨਿਗਮ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
Publish Date: Tue, 28 Jul 2026 07:27 PM (IST)
Updated Date: Wed, 29 Jul 2026 04:13 AM (IST)
* ਜੇਕਰ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਲੋਕ ਸੜਕਾਂ ’ਤੇ ਉਤਰਨਗੇ : ਪ੍ਰਧਾਨ ਕੰਵਲਜੀਤ ਸਿੰਘ ਫੋਟੋ--37 ਕੈਪਸਨ : ਪੰਜਾਬ ਸਰਕਾਰ ਅਤੇ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਕੰਵਲਜੀਤ ਸਿੰਘ ਜਨਰਲ ਸਕੱਤਰ ਸੁਖਜਿੰਦਰ ਪਾਲ ਸਿੰਘ ਸੁੱਖ ਅਤੇ ਇਲਾਕਾ ਨਿਵਾਸੀ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਹਲਕਾ ਪੱਛਮੀ ਛੇਹਰਟਾ ਖੇਤਰ ਦੇ ਵੱਖ-ਵੱਖ ਇਲਾਕਿਆਂ ਵਿਚ ਸੀਵਰੇਜ ਪ੍ਰਣਾਲੀ ਅਤੇ ਪੀਣ ਵਾਲੇ ਪਾਣੀ ਵਿਚ ਗੰਦਾ ਪਾਣੀ ਮਿਕਸ ਹੋ ਕੇ ਆਉਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਿਲਸਿਲੇ ਦੇ ਚੱਲਦਿਆਂ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਅਤੇ ਸੁਖਜਿੰਦਰ ਪਾਲ ਸਿੰਘ ਸੁੱਖ ਦੀ ਅਗਵਾਈ ਵਿਚ ਵਾਰਡ ਨੰਬਰ 78 ਦੇ ਕਰਤਾਰ ਨਗਰ ਦੇ ਵਸਨੀਕਾਂ ਨੇ ਸੀਵਰੇਜ ਜਾਮ ਅਤੇ ਵੱਖ-ਵੱਖ ਗਲੀਆਂ ਵਿਚ ਸੀਵਰੇਜ ਲੀਕੇਜ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੰਵਲਜੀਤ ਸਿੰਘ ਦੀ ਜੇਈ ਸੁਨੀਲ ਬੇਦੀ ਨਾਲ ਤਿੱਖੀ ਬਹਿਸ ਵੀ ਹੋਈ। ਇਸ ਮੌਕੇ ਮੀਨਾ, ਸਨੇਹ ਲਤਾ, ਸਤਿੰਦਰ ਕੌਰ, ਇੰਦਰਜੀਤ ਕੌਰ, ਜੋਗਿੰਦਰ ਕੌਰ, ਕੁਲਦੀਪ ਕੌਰ, ਆਸ਼ਾ ਰਾਣੀ, ਗੁਰਪ੍ਰੀਤ ਸਿੰਘ, ਨੀਰਜ ਉੱਪਲ, ਮੁਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਪੱਛਮੀ ਹਲਕੇ ਦੇ ਕਰਤਾਰ ਨਗਰ ਖੇਤਰ ਵਿੱਚ ਸੀਵਰੇਜ ਸਿਸਟਮ ਕਈ ਮਹੀਨਿਆਂ ਤੋਂ ਬੰਦ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਪਾਣੀ ਇਕੱਠਾ ਹੋ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਵਿਚ ਰਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਬਦਬੂ ਆਉਂਦੀ ਹੈ, ਪਰ ਇਸ ਬਰਸਾਤ ਦੇ ਮੌਸਮ ਦੌਰਾਨ ਮੱਛਰਾਂ ਨਾਲ ਭਰੇ ਇਲਾਕੇ ਵਿਚ ਬਿਮਾਰੀਆਂ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਗਮ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦਾ ਜੀਵਨ ਮੁਸ਼ਕਿਲ ਬਣਾ ਦਿੱਤਾ ਹੈ, ਕਈ ਨੀਵੇਂ ਘਰਾਂ ਵਿਚ ਸੀਵਰੇਜ ਅਕਸਰ ਬੰਦ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਸ਼ਾਸਨ ਦੌਰਾਨ ਸੀਵਰੇਜ ਰੁਕਾਵਟਾਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਅਤੇ ਲਾਪ੍ਰਵਾਹ ਅਧਿਕਾਰੀਆਂ ਕਾਰਨ ਪੂਰਾ ਵਾਰਡ ਸੀਵਰੇਜ ਦੀ ਸਮੱਸਿਆ ਤੋਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਮੱਸਿਆ ਦੇ ਹੱਲ ਲਈ ਜੇਈ ਸੁਨੀਲ ਬੇਦੀ ਨੂੰ ਵਾਰ-ਵਾਰ ਸ਼ਿਕਾਇਤ ਕੀਤੀ ਹੈ, ਪਰ ਉਨ੍ਹਾਂ ਦੀਆਂ ਬੇਨਤੀਆਂ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ ਸੜਕਾਂ ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਨੇ ਕਿਹਾ ਕਿ ਪੱਛਮੀ ਹਲਕੇ ਦੇ ਸਾਰੇ ਖੇਤਰ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਘਰਾਂ ਦੇ ਬਾਹਰ ਗੰਦੇ ਪਾਣੀ ਦੇ ਖੜ੍ਹੇ ਹੋਣ ਕਾਰਨ ਇਲਾਕੇ ਵਿੱਚ ਮੱਛਰਾਂ ਦੀ ਗਿਣਤੀ ਵਧੀ ਹੈ, ਜਿਸ ਨਾਲ ਉਲਟੀਆਂ, ਦਸਤ, ਪੀਲੀਆ ਅਤੇ ਚਿਕਨਗੁਨੀਆ ਵਰਗੀਆਂ ਖਤਰਨਾਕ ਬਿਮਾਰੀਆਂ ਫੈਲ ਰਹੀਆਂ ਹਨ। ਪਿਛਲੇ ਸਾਲ ਨਿਗਮ ਦੀ ਲਾਪ੍ਰਵਾਹੀ ਕਾਰਨ ਪੱਛਮੀ ਖੇਤਰ ਦੇ ਲੋਕਾਂ ਨੂੰ ਚਿਕਨਗੁਨੀਆ ਹੋਇਆ ਸੀ, ਪਰ ਨਿਗਮ ’ਤੇ ਕੋਈ ਅਸਰ ਨਹੀਂ ਹੋਇਆ। ਜ਼ੋਨ ਨੰਬਰ 8 ਦੇ ਪ੍ਰਦਰਸ਼ਨਕਾਰੀ ਲੋਕਾਂ ਨਾਲ ਲਗਭਗ ਅੱਧੇ ਘੰਟੇ ਦੀ ਗੱਲਬਾਤ ਤੋਂ ਬਾਅਦ ਜੇਈ ਸੁਨੀਲ ਬੇਦੀ ਅਤੇ ਬਜਾਜ ਕੰਪਨੀ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਕਰਮਚਾਰੀ ਭੇਜਣਗੇ ਅਤੇ ਦੋ ਦਿਨਾਂ ਦੇ ਅੰਦਰ ਸਮੱਸਿਆ ਦੇ ਹੱਲ ਲਈ ਨਿਰੰਤਰ ਕੰਮ ਕਰਨਗੇ।