ਭਾਰ ਘਟਾਉਣ ਲਈ ਖੁਰਾਕ ’ਚ ਗੁਣਵੱਤਾ ਵਾਲਾ ਪ੍ਰੋਟੀਨ ਜ਼ਰੂਰੀ ਭਾਰ ਘਟਾਉਣ ਲਈ ਖੁਰਾਕ ’ਚ ਉੱਚ ਗੁਣਵੱਤਾ ਵਾਲਾ ਪ੍ਰੋਟੀਨ ਜਰੂਰੀ
Publish Date: Tue, 28 Jul 2026 05:37 PM (IST)
Updated Date: Wed, 29 Jul 2026 04:07 AM (IST)
* ਭਾਰ ਘਟਾਉਣਾ ਨਹੀਂ, ਸਹੀ ਢੰਗ ਨਾਲ ਚਰਬੀ ਘਟਾਉਣਾ ਹੈ ਅਸਲ ਮਕਸਦ ਕੈਪਸ਼ਨ : ਡਾਇਟੀਸ਼ੀਅਨ ਦਿਸ਼ਾ ਖੋਸਲਾ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਜ-ਕੱਲ੍ਹ ਭਾਰ ਘਟਾਉਣ ਲਈ ਸੋਸ਼ਲ ਮੀਡੀਆ ਤੇ ਅਨੇਕਾਂ ਤਰੀਕੇ ਵੇਖਣ ਨੂੰ ਮਿਲਦੇ ਹਨ। ਕੋਈ ਕਾਰਬੋਹਾਈਡਰੇਟ ਪੂਰੀ ਤਰ੍ਹਾਂ ਛੱਡਣ ਦੀ ਸਲਾਹ ਦਿੰਦਾ ਹੈ, ਕੋਈ ਸਿਰਫ਼ ਜੂਸ ਜਾਂ ਡੀਟੌਕਸ ਡਾਇਟ ਨੂੰ ਹੱਲ ਮੰਨਦਾ ਹੈ। ਪਰ ਅਸਲ ਸੱਚਾਈ ਇਹ ਹੈ ਕਿ ਸਿਹਤਮੰਦ ਵਜ਼ਨ ਘਟਾਉਣਾ ਇਕ ਵਿਗਿਆਨਕ ਪ੍ਰਕਿਰਿਆ ਹੈ, ਨਾ ਕਿ ਕੁਝ ਦਿਨਾਂ ਦਾ ਪ੍ਰਯੋਗ। ਇਹ ਪ੍ਰਗਟਾਵਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਗੱਲਬਾਤ ਕਰਦਿਆਂ ਕੀਤਾ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਵੱਧਿਆ ਹੋਇਆ ਭਾਰ ਚਰਬੀ ਨਹੀਂ ਹੁੰਦਾ। ਸਰੀਰ ਵਿਚ ਪਾਣੀ, ਮਾਸਪੇਸ਼ੀਆਂ ਤੇ ਚਰਬੀ–ਤਿੰਨਾਂ ਦਾ ਵੱਖਰਾ ਯੋਗਦਾਨ ਹੁੰਦਾ ਹੈ। ਇਸ ਲਈ ਸਿਰਫ਼ ਤੋਲ ਮਸ਼ੀਨ ਤੇ ਘਟਿਆ ਅੰਕ ਸਫਲਤਾ ਦੀ ਨਿਸ਼ਾਨੀ ਨਹੀਂ ਹੈ। ਅਸਲ ਮਕਸਦ ਸਰੀਰ ਦੀ ਵਾਧੂ ਚਰਬੀ ਘਟਾਉਣਾ ਅਤੇ ਮਾਸਪੇਸ਼ੀਆਂ ਨੂੰ ਸੁਰੱਖਿਅਤ ਰੱਖਣਾ ਹੋਣਾ ਚਾਹੀਦਾ ਹੈ। ਭਾਰ ਘਟਾਉਣ ਲਈ ਸੰਤੁਲਿਤ ਖੁਰਾਕ ਵਿਚ ਉੱਚ ਗੁਣਵੱਤਾ ਵਾਲਾ ਪ੍ਰੋਟੀਨ, ਭਰਪੂਰ ਮਾਤਰਾ ’ਚ ਫਾਈਬਰ, ਸਾਬਤ ਅਨਾਜ, ਮੌਸਮੀ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਬਹੁਤ ਮਹੱਤਵਪੂਰਨ ਹੈ। ਪ੍ਰੋਟੀਨ ਭੁੱਖ ਨੂੰ ਕਾਬੂ ਵਿਚ ਰੱਖਣ ਦੇ ਨਾਲ-ਨਾਲ ਮਾਸਪੇਸ਼ੀਆਂ ਦੀ ਰੱਖਿਆ ਕਰਦਾ ਹੈ, ਜਦਕਿ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ ਅਤੇ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿਚ ਮਦਦ ਕਰਦਾ ਹੈ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਅਕਸਰ ਲੋਕ ਖਾਣਾ ਛੱਡ ਕੇ ਜਾਂ ਬਹੁਤ ਘੱਟ ਕੈਲੋਰੀ ਲੈ ਕੇ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਤਰੀਕਾ ਕੁਝ ਸਮੇਂ ਲਈ ਭਾਵੇਂ ਨਤੀਜੇ ਦੇਵੇ, ਪਰ ਲੰਬੇ ਸਮੇਂ ਵਿੱਚ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਦੁਬਾਰਾ ਭਾਰ ਵਧਣ ਦਾ ਖਤਰਾ ਵੀ ਵਧਾ ਸਕਦਾ ਹੈ। ਇਸ ਲਈ ਖੁਰਾਕ ਵਿਚ ਬੇਲੋੜੀਆਂ ਪਾਬੰਦੀਆਂ ਲਗਾਉਣ ਦੀ ਬਜਾਏ ਸਹੀ ਮਾਤਰਾ ਅਤੇ ਸੰਤੁਲਨ ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹਫ਼ਤੇ ਵਿਚ ਘੱਟੋ-ਘੱਟ 150 ਮਿੰਟ ਸਰੀਰਕ ਗਤੀਵਿਧੀ ਅਤੇ ਹਫ਼ਤੇ ਵਿਚ 2–3 ਦਿਨ ਤਾਕਤ ਵਧਾਉਣ ਵਾਲੀਆਂ ਕਸਰਤਾਂ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਚੰਗੀ ਨੀਂਦ ਤੇ ਤਣਾਅ ਦਾ ਸਹੀ ਪ੍ਰਬੰਧ ਵੀ ਭਾਰ ਕੰਟਰੋਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਨੀਂਦ ਦੀ ਕਮੀ ਅਤੇ ਲਗਾਤਾਰ ਤਣਾਅ ਭੁੱਖ ਨਾਲ ਸਬੰਧਤ ਹਾਰਮੋਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਅੰਤ ’ਚ ਭਾਰ ਘਟਾਉਣ ਨੂੰ ਇੱਕ ਛੋਟੇ ਸਮੇਂ ਦੇ ਟੀਚੇ ਦੀ ਬਜਾਏ ਸਿਹਤਮੰਦ ਜੀਵਨਸ਼ੈਲੀ ਦੀ ਯਾਤਰਾ ਵਜੋਂ ਦੇਖਣਾ ਚਾਹੀਦਾ ਹੈ। ਸਹੀ ਪੋਸ਼ਣ, ਨਿਯਮਿਤ ਕਸਰਤ ਅਤੇ ਵਿਗਿਆਨਕ ਸੋਚ ਨਾਲ ਕੀਤੇ ਗਏ ਛੋਟੇ-ਛੋਟੇ ਬਦਲਾਅ ਹੀ ਲੰਬੇ ਸਮੇਂ ਤੱਕ ਸਿਹਤਮੰਦ ਤੇ ਟਿਕਾਊ ਨਤੀਜੇ ਦਿੰਦੇ ਹਨ।