ਡਾਇਰੈਕਟਰ ਪ੍ਰੋ. ਬੀ. ਸ਼ਾਦਰਚ ਨਾਲ ਇੰਟਰਐਕਟਿਵ ਸੈਸ਼ਨ ਡਾਇਰੈਕਟਰ ਪ੍ਰੋ. ਬੀ. ਸ਼ਾਦਰਚ ਨਾਲ ਇੰਟਰਐਕਟਿਵ ਸੈਸ਼ਨ
Publish Date: Tue, 28 Jul 2026 05:06 PM (IST)
Updated Date: Wed, 29 Jul 2026 04:04 AM (IST)
ਫੋਟੋ-20 ਕੈਪਸ਼ਨ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਮਨਵੈਲਥ ਐਜੂਕੇਸ਼ਨਲ ਮੀਡੀਆ ਸੈਂਟਰ ਫਾਰ ਏਸ਼ੀਆ, ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਬੀ. ਸ਼ਾਦਰਚ ਨਾਲ ਇੰਟਰਐਕਟਿਵ ਸੈਸ਼ਨ ਦੌਰਾਨ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ ਪ੍ਰੋ. ਕੇ ਐਸ ਚਾਹਲ ਅਤੇ ਹੋਰ ਅਧਿਕਾਰੀ ਤੇ ਅਧਿਆਪਕ। * ਉੱਚ ਸਿੱਖਿਆ ’ਚ ਡਿਜੀਟਲ ਤਬਦੀਲੀ ਤੇ ਨਵੀਨਤਾ ਨੂੰ ਅਪਣਾਉਣਾ ਸਮੇਂ ਦੀ ਲੋੜ : ਪ੍ਰੋ. ਬੀ. ਸ਼ਾਦਰਚ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਮਨਵੈਲਥ ਐਜੂਕੇਸ਼ਨਲ ਮੀਡੀਆ ਸੈਂਟਰ ਫਾਰ ਏਸ਼ੀਆ (ਸੀਈਐੱਮਸੀਏ), ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਬੀ. ਸ਼ਾਦਰਚ ਨਾਲ ਇਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਉੱਚ ਸਿੱਖਿਆ ਵਿਚ ਉੱਭਰ ਰਹੇ ਰੁਝਾਨਾਂ, ਡਿਜੀਟਲ ਤਬਦੀਲੀ, ਆਨਲਾਈਨ ਅਤੇ ਮਿਸ਼ਰਤ ਸਿੱਖਿਆ, ਖੋਜ, ਪਾਠਕ੍ਰਮ ਸੁਧਾਰ ਅਤੇ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸੈਸ਼ਨ ਦੌਰਾਨ ਪ੍ਰੋ. ਹਰਵਿੰਦਰ ਸਿੰਘ ਸੈਣੀ, ਡੀਨ ਅਕਾਦਮਿਕ ਮਾਮਲੇ ਨੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ, ਪ੍ਰੋ. ਬੀ. ਸ਼ਾਦਰਚ ਅਤੇ ਹਾਜ਼ਰ ਅਧਿਆਪਕਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪ੍ਰੋ. ਸ਼ਾਦਰਚ ਦੀ ਜਾਣ-ਪਛਾਣ ਕਰਵਾਉਂਦਿਆਂ ਉੱਚ ਸਿੱਖਿਆ ਦੇ ਬਦਲਦੇ ਦ੍ਰਿਸ਼ ਅਤੇ ਡਿਜੀਟਲ ਤਬਦੀਲੀ ਦੇ ਸੰਦਰਭ ਵਿੱਚ ਇਸ ਇੰਟਰਐਕਟਿਵ ਸੈਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਯੂਨੀਵਰਸਿਟੀਆਂ ਨੂੰ ਕੇਵਲ ਡਿਗਰੀਆਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਰਵਾਇਤੀ ਭੂਮਿਕਾ ਤੋਂ ਅੱਗੇ ਵਧ ਕੇ ਨਵੀਨਤਾ, ਉੱਦਮਤਾ, ਖੋਜ ਅਤੇ ਹੁਨਰ ਵਿਕਾਸ ਦੇ ਕੇਂਦਰਾਂ ਵਜੋਂ ਵਿਕਸਿਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਅਕਾਦਮਿਕ ਪ੍ਰੋਗਰਾਮਾਂ ਨੂੰ ਉਦਯੋਗ, ਉੱਭਰ ਰਹੀਆਂ ਤਕਨਾਲੋਜੀਆਂ ਅਤੇ ਕੌਮੀ ਸਿੱਖਿਆ ਨੀਤੀ-2020 ਦੀਆਂ ਲੋੜਾਂ ਅਨੁਸਾਰ ਲਗਾਤਾਰ ਢਾਲ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਪੱਧਰੀ ਮਾਹੌਲ ਲਈ ਤਿਆਰ ਕੀਤਾ ਜਾ ਸਕੇ। ਇਸ ਮੌਕੇ ਅਧਿਆਪਕਾਂ ਨੇ ਵੀ ਸਰਗਰਮੀ ਨਾਲ ਭਾਗ ਲੈਂਦਿਆਂ ਅਕਾਦਮਿਕ ਨਵੀਨਤਾ, ਡਿਜੀਟਲ ਸਿੱਖਿਆ, ਪਾਠਕ੍ਰਮ ਸੁਧਾਰ, ਖੋਜ ਅਤੇ ਅਕਾਦਮਿਕਤਾ ਤੇ ਉਦਯੋਗ ਦਰਮਿਆਨ ਨਜ਼ਦੀਕੀ ਸਹਿਯੋਗ ਰਾਹੀਂ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਵਧਾਉਣ ਸਬੰਧੀ ਪ੍ਰੋ. ਸ਼ਾਦਰਚ ਨਾਲ ਵਿਚਾਰ-ਵਟਾਂਦਰਾ ਕੀਤਾ। ਅੰਤ ’ਚ ਰਜਿਸਟਰਾਰ ਪ੍ਰੋ. ਕੇ.ਐੱਸ ਚਾਹਲ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਪ੍ਰੋ. ਬੀ. ਸ਼ਾਦਰਚ ਵੱਲੋਂ ਸਾਂਝੇ ਕੀਤੇ ਕੀਮਤੀ ਵਿਚਾਰਾਂ ਲਈ ਧੰਨਵਾਦ ਕੀਤਾ ਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।