ਰਾਮਤੀਰਥ-ਵਾਲਮੀਕ ਤੀਰਥ ਮਾਰਗ ਤੋਂ ਡੰਪ ਹਟਾਉਣ ਦੀ ਮੰਗ ਰਾਮਤੀਰਥ-ਵਾਲਮੀਕ ਤੀਰਥ ਮਾਰਗ 'ਤੇ ਡੰਪ ਹਟਾਉਣ ਦੀ ਮੰਗ
Publish Date: Mon, 27 Jul 2026 08:35 PM (IST)
Updated Date: Mon, 27 Jul 2026 08:36 PM (IST)
- ਇਲਾਕਾ ਵਾਸੀਆਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਸਫ਼ਾਈ ਦੀ ਜ਼ਿੰਮੇਵਾਰੀ ਇਕ ਪ੍ਰਾਈਵੇਟ ਕੰਪਨੀ ਨੂੰ ਸੌਂਪੇ ਜਾਣ ਦੇ ਬਾਵਜੂਦ ਵੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਗੰਦਗੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਖ਼ਾਸ ਕਰਕੇ ਰਾਮਤੀਰਥ ਰੋਡ ਤੇ ਮਾਹਲ ਡਰੇਨ ਦੇ ਨੇੜੇ ਬਣਿਆ ਕੂੜੇ ਦਾ ਮਿੰਨੀ ਡੰਪ ਇਲਾਕਾ ਵਾਸੀਆਂ ਅਤੇ ਇਸ ਰਸਤੇ ਤੋਂ ਲੰਘਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਛੋਟੀਆਂ ਗੱਡੀਆਂ ਰਾਹੀਂ ਕੂੜਾ ਇਕੱਠਾ ਕਰ ਕੇ ਇਸ ਮਿੰਨੀ ਡੰਪ ’ਤੇ ਲਿਆਂਦਾ ਜਾਂਦਾ ਹੈ ਅਤੇ ਬਾਅਦ ਵਿਚ ਵੱਡੇ ਟਿੱਪਰਾਂ ਰਾਹੀਂ ਭਗਤਾਂਵਾਲਾ ਡੰਪ ਤੱਕ ਭੇਜਿਆ ਜਾਂਦਾ ਹੈ, ਪਰ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਇਹ ਮਿੰਨੀ ਡੰਪ ਹੁਣ ਵੱਡੇ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਰਹੇ ਹਨ। ਜਿਸ ਕਾਰਨ ਆਲੇ-ਦੁਆਲੇ ਦੀ ਸੰਘਣੀ ਆਬਾਦੀ, ਗੁਰੂ ਘਰ, ਵਿੱਦਿਅਕ ਅਦਾਰੇ ਅਤੇ ਅਨਮੋਲ ਇਨਕਲੇਵ ਦੇ ਵਸਨੀਕ ਬਦਬੂ ਅਤੇ ਗੰਦਗੀ ਤੋਂ ਬਹੁਤ ਪਰੇਸ਼ਾਨ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਲਗਾਤਾਰ ਵੱਧ ਰਿਹਾ ਹੈ। ਅਨਮੋਲ ਇਨਕਲੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਸਰਵਣ ਸਿੰਘ, ਉੱਘੇ ਸਮਾਜ ਸੇਵੀ ਇੰਜੀ. ਅਮਰੀਕ ਸਿੰਘ ਸਿੱਧੂ, ਇੰਜੀ. ਗੁਰਿੰਦਰਜੀਤ ਸਿੰਘ ਸੰਧੂ ਅਤੇ ਯੂਨੀਅਨ ਆਗੂ ਨਿਸ਼ਾਨ ਸਿੰਘ ਰੰਧਾਵਾ ਨੇ ਮੌਕੇ ’ਤੇ ਪਹੁੰਚ ਕੇ ਡੰਪ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਡਰੇਨੇਜ਼ ਵਿਭਾਗ ਦੀ ਜ਼ਮੀਨ ’ਤੇ ਬਣਿਆ ਇਹ ਡੰਪ ਸਬੰਧਿਤ ਵਿਭਾਗਾਂ ਦੀ ਅਣਗਹਿਲੀ ਕਾਰਨ ਲਗਾਤਾਰ ਵਧਦਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸੇ ਮਾਰਗ ’ਤੇ ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਤੀਰਥ ਅਸਥਾਨ ਸਥਿਤ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਅਜਿਹੇ ਧਾਰਮਿਕ ਮਾਰਗ ’ਤੇ ਕੂੜੇ ਦੇ ਢੇਰ ਸ਼ਹਿਰ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਡੰਪ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ ਨਹੀਂ ਤਾਂ ਇਲਾਕਾ ਵਾਸੀਆਂ ਨੂੰ ਆਪਣੇ ਹੱਕਾਂ ਲਈ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।