ਸੈਨੇਟਰੀ ਇੰਸਪੈਕਟਰਾਂ ਦੀ ਭਰਤੀ ਨਾਲ ਮਿਲੇਗੀ ਸਫ਼ਾਈ ਤੇ ਸਿਹਤ ਸੁਰੱਖਿਆ ਦੀ ਨਵੀਂ ਦਿਸ਼ਾ ਸੈਨਟਰੀ ਇੰਸਪੈਕਟਰਾਂ ਦੀ ਭਰਤੀ ਨਾਲ ਮਿਲੇਗੀ ਸਫ਼ਾਈ ਤੇ ਸਿਹਤ ਸੁਰੱਖਿਆ ਦੀ ਨਵੀਂ ਦਿਸ਼ਾ
Publish Date: Mon, 27 Jul 2026 05:04 PM (IST)
Updated Date: Mon, 27 Jul 2026 05:06 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਤਾ ਚਰਨ ਕੌਰ ਕਾਲਜ ਆਫ ਪਬਲਿਕ ਹੈਲਥ ਅੰਮ੍ਰਿਤਸਰ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਕਰਮਚਾਰੀ ਸਾਹਿਲ ਗਿੱਲ ਨੂੰ ਸੈਨੇਟਰੀ ਇੰਸਪੈਕਟਰ ਕੋਰਸ ਪਾਸ ਕਰਨ ਉਪਰੰਤ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਾਹਿਲ ਗਿੱਲ ਅਤੇ ਡਾ. ਰਣਜੀਤ ਸਿੰਘ ਨੇ ਸੈਨੇਟਰੀ ਇੰਸਪੈਕਟਰਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਾਹਿਲ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ 85 ਵਾਰਡ ਹਨ ਅਤੇ ਹਰ ਵਾਰਡ ਵਿਚ ਘੱਟੋ-ਘੱਟ ਇਕ ਸੈਨੇਟਰੀ ਇੰਸਪੈਕਟਰ ਦੀ ਨਿਯੁਕਤੀ ਹੋਣੀ ਬਹੁਤ ਜ਼ਰੂਰੀ ਹੈ। ਇਸ ਸਮੇਂ ਨਗਰ ਨਿਗਮ ਵਿਚ ਸੈਨਟਰੀ ਇੰਸਪੈਕਟਰਾਂ ਦੀ ਗਿਣਤੀ ਬਹੁਤ ਘੱਟ ਹੈ, ਜਿਸ ਕਾਰਨ ਸਫ਼ਾਈ ਪ੍ਰਬੰਧਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਲੋੜੀਂਦੇ ਸੈਨੇਟਰੀ ਇੰਸਪੈਕਟਰ ਭਰਤੀ ਕੀਤੇ ਜਾਣ ਤਾਂ ਸ਼ਹਿਰ ਵਿਚ ਕੂੜਾ-ਕਰਕਟ ਦੇ ਨਿਪਟਾਰੇ ਅਤੇ ਵਾਤਾਵਰਣ ਦੀ ਸਫ਼ਾਈ ਵਿੱਚ ਕਾਫ਼ੀ ਸੁਧਾਰ ਆ ਸਕਦਾ ਹੈ। ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ, ਮੇਅਰ ਸਾਹਿਬ ਅਤੇ ਸਾਰੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸਫ਼ਾਈ ਪ੍ਰਬੰਧ ਮਜ਼ਬੂਤ ਹੋਣ ਨਾਲ ਡੇਂਗੂ, ਮਲੇਰੀਆ, ਹੈਜ਼ਾ ਅਤੇ ਹੋਰ ਸੰਕਰਾਮਕ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਮਿਲੇਗੀ। ਡਾ. ਰਣਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਕੀਤੀ ਕਿ ਸੈਨੇਟਰੀ ਇੰਸਪੈਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਜਲਦ ਭਰਿਆ ਜਾਵੇ। ਉਨ੍ਹਾਂ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਸੈਨਟਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਸੀ, ਜਦਕਿ ਅੱਜ ਵੀ ਪੰਜਾਬ ਵਿਚ ਲਗਭਗ 200 ਸੈਨੇਟਰੀ ਇੰਸਪੈਕਟਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹਾਲ ਹੀ ਵਿਚ ਕੀਤੀ ਗਈ ਭਰਤੀ ਵਿਚ ਸਿਰਫ਼ ਪੰਜ ਸੈਨਟਰੀ ਇੰਸਪੈਕਟਰਾਂ ਦੀ ਚੋਣ ਹੋਈ ਹੈ, ਜੋ ਕਿ ਮਾਤਾ ਚਰਨ ਕੌਰ ਕਾਲਜ ਦੇ ਵਿਿਦਆਰਥੀ ਹਨ। ਉਨ੍ਹਾਂ ਨੇ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਡਾ. ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵਿਦਿਆਰਥੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ, ਉਹ ਹਾਲੀਡੇ ਬੈਚਾਂ ਵਿਚ ਸੈਨੇਟਰੀ ਇੰਸਪੈਕਟਰ ਕੋਰਸ ਕਰ ਕੇ ਆਪਣੇ ਕਰੀਅਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਇਸ ਤੋਂ ਇਲਾਵਾ ਬਾਰ੍ਹਵੀਂ ਕਲਾਸ ਵਿਚ ਪੜ੍ਹ ਰਹੇ ਵਿਦਿਆਰਥੀ ਸ਼ਾਮ ਦੇ ਬੈਚਾਂ ਵਿਚ ਫਾਇਰਮੈਨ ਕੋਰਸ ਕਰ ਕੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਲਈ ਅਪਲਾਈ ਕਰ ਸਕਦੇ ਹਨ ਅਤੇ ਪ੍ਰਾਈਵੇਟ ਸੈਕਟਰ ਵਿਚ ਵੀ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਵਿਦੇਸ਼ ਜਾਣ ਲਈ ਅਰਜ਼ੀ ਦਿੱਤੀ ਹੋਈ ਹੈ, ਪਰ ਹਾਲੇ ਤੱਕ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ, ਉਹ ਘਬਰਾਉਣ ਦੀ ਬਜਾਏ ਇਸ ਸਮੇਂ ਦਾ ਲਾਭ ਲੈਂਦੇ ਹੋਏ ਮਾਤਾ ਚਰਨ ਕੌਰ ਕਾਲਜ ਵਿੱਚ ਵੱਖ-ਵੱਖ ਪ੍ਰੋਫੈਸ਼ਨਲ ਕੋਰਸ ਕਰ ਸਕਦੇ ਹਨ। ਇਸ ਨਾਲ ਉਹ ਆਪਣਾ ਸਟੱਡੀ ਜਾਂ ਕਰੀਅਰ ਗੈਪ ਵੀ ਕਵਰ ਕਰ ਸਕਦੇ ਹਨ ਅਤੇ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਕਰ ਸਕਦੇ ਹਨ। ਕਾਲਜ ਵਿਚ ਸੈਨਟਰੀ ਇੰਸਪੈਕਟਰ, ਜੀਡੀਏ (ਜਨਰਲ ਡਿਊਟੀ ਅਸਿਸਟੈਂਟ) ਪੀਐੱਸਡਬਲਯੂ (ਪਰਸਨਲ ਸੁਪੋਰਟ ਵਰਕਰ), ਲੈਬੋਰੇਟਰੀ ਟੈਕਨੀਸ਼ਨ, ਆਪ੍ਰੇਸ਼ਨ ਥੀਏਟਰ ਟੈਕਨੀਸ਼ਨ, ਫਿਜ਼ੀਓਥੈਰਪੀ ਅਸਿਸਟੈਂਟ, ਨੈਨੀ ਕੋਰਸ ਸਮੇਤ ਹੋਰ ਕਈ ਰੁਜ਼ਗਾਰਮੁਖੀ ਕੋਰਸ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਤੋਂ ਬਾਅਦ ਵਿਦਿਆਰਥੀ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿਚ ਨੌਕਰੀ ਹਾਸਲ ਕਰਨ ਦੇ ਨਾਲ-ਨਾਲ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹਨ।