ਪੀਸੀਸੀਟੀਯੂ ਦੇ 69ਵੇਂ ਜਨਰਲ ਇਜਲਾਸ ’ਚ ਏਡਿਡ ਕਾਲਜ ਅਧਿਆਪਕਾਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਪੀਸੀਸੀਟੀਯੂ ਦੇ 69ਵੇੰ ਜਨਰਲ ਇਜਲਾਸ 'ਚ ਏਡਿਡ ਕਾਲਜ ਅਧਿਆਪਕਾਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ
Publish Date: Mon, 27 Jul 2026 04:43 PM (IST)
Updated Date: Mon, 27 Jul 2026 04:45 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਜਲੰਧਰ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ 69ਵੇਂ ਜਨਰਲ ਇਜਲਾਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਦੇ 136 ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਨਵੀਂ ਕਾਰਜਕਾਰਨੀ ਦਾ ਗਠਨ ਕਰਨ ਉਪਰੰਤ ਆਪਣੀਆਂ ਪੈਂਡਿੰਗ ਮੰਗਾਂ ਦੀ ਪੂਰਤੀ ਲਈ ਸੂਬਾ ਪੱਧਰ ਉੱਤੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਸਾਲ 2026-28 ਲਈ ਨਵੀਂ ਕਾਰਜਕਾਰਨੀ ਦੇ ਗਠਨ ਲਈ ਸੱਦੇ ਗਏ ਜਨਰਲ ਇਜਲਾਸ ਦੌਰਾਨ ਸਮੂਹ ਅਧਿਆਪਕਾਂ ਨੇ ਸਰਬਸੰਮਤੀ ਨਾਲ ਪ੍ਰੋ. ਸੁਰਜੀਤ ਸਿੰਘ ਧਾਲੀਵਾਲ ਨੂੰ ਪੀਸੀਸੀਟੀਯੂ ਦੀ ਐਗਜੈਕਟਿਵ ਕਮੇਟੀ ਦਾ ਪ੍ਰਧਾਨ ਅਤੇ ਪ੍ਰੋ. ਬੀ.ਬੀ ਯਾਦਵ ਨੂੰ ਜਨਰਲ ਸਕੱਤਰ ਚੁਣਿਆ। ਸਮਾਗਮ ਦਾ ਆਗਾਜ਼ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਡਾ . ਸੀਮਾ ਜੇਤਲੀ ਵੱਲੋਂ ਸਮੂਹ ਜੁਝਾਰੂ ਅਧਿਆਪਕਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਇੱਕਜੁਟ ਹੋ ਕੇ ਆਪਣੇ ਹਿੱਤਾਂ ਦੀ ਰਾਖੀ ਕਰਨ ਦੇ ਸੰਦੇਸ਼ ਨਾਲ ਹੋਇਆ। ਇਸ ਉਪਰੰਤ ਮੌਜੂਦਾ ਜਰਨਲ ਸਕੱਤਰ ਡਾ. ਬਹਾਦਰ ਸਿੰਘ ਨੇ 2024-26 ਦੌਰਾਨ ਪੀਸੀਸੀਟੀਯੂ ਦੀਆਂ ਸਮੁੱਚੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦਿਆਂ ਆਪਣੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਵਿੱਤ ਸਕੱਤਰ ਡਾ. ਭੁਪਿੰਦਰ ਸਿੰਘ ਨੇ ਜਥੇਬੰਦੀ ਦੇ ਵਿੱਤੀ ਲੈਣ ਦੇਣ ਦਾ ਹਿਸਾਬ ਕਿਤਾਬ ਐਗਜੈਕਟਿਵ ਕਮੇਟੀ ਦੇ ਸਨਮੁੱਖ ਰੱਖਿਆ। ਇਸ ਸਮਾਗਮ ਦੀ ਪ੍ਰਧਾਨਗੀ ਡੀਏਵੀ ਜਲੰਧਰ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਕੀਤੀ। ਇਸ ਮੌਕੇ ਪੀਪੀਸੀਟੀਯੂ ਦੀ ਪਿਛਲੀ ਐਗਜੈਕਟਿਵ ਕਮੇਟੀ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਨਵੀਂ ਚੁਣੀ ਗਈ ਟੀਮ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਡਾ. ਬਹਾਦਰ ਸਿੰਘ ਅਤੇ ਡਾ. ਬੀ.ਬੀ ਯਾਦਵ ਨੇ ਪੀਸੀਸੀਟੀਯੂ ਦੀਆਂ ਪ੍ਰਾਪਤੀਆਂ ਉੱਤੇ ਚਾਨਣਾ ਪਾਉਂਦੇ ਹੋਏ ਆਖਿਆ ਕਿ ਸੂਬਾ ਸਰਕਾਰ ਦੇ ਬੇਹੱਦ ਅੜੀਅਲ ਅਤੇ ਅਧਿਆਪਕ ਵਿਰੋਧੀ ਰਵੱਈਏ ਦੇ ਬਾਵਜੂਦ ਯੂਨੀਅਨ 7ਵੇਂ ਪੇ ਕਮਿਸ਼ਨ ਨੂੰ ਏਡਿਡ ਅਤੇ ਅਨਏਡਿਡ ਅਧਿਆਪਕਾਂ ਉੱਤੇ ਇਕਸਾਰਤਾ ਨਾਲ ਲਾਗੂ ਕਰਵਾਉਣ, 7ਵੇਂ ਪੇ ਕਮਿਸ਼ਨ ਦੇ ਏਰੀਅਰਜ਼ ਦਾ ਭੁਗਤਾਨ ਕਰਵਾਉਣ, 140 ਅਧਿਆਪਕਾਂ ਨੂੰ ਕਾਨੂੰਨੀ ਜਿੱਤ ਦਿਵਾਉਣ ਵਿੱਚ ਵਡਮੁੱਲੇ ਸਹਿਯੋਗ ਤੋਂ ਇਲਾਵਾ ਉਨ੍ਹਾਂ ਰੈਗੂਲਰ ਤਨਖਾਹ ਦਾ ਭੁਗਤਾਨ ਕਰਵਾਉਣ, ਰਿਫਰੈਸ਼ਰ ਅਤੇ ਓਰੀਐਂਟੇਸ਼ਨ ਕੋਰਸਾਂ ਵਿੱਚ ਛੋਟ ਦਿਵਾਉਣ, ਕੌਮੀ ਅਧਿਆਪਕ ਜਥੇਬੰਦੀ ਏਆਈਫਕਟੋ ਦੀ 33ਵੀਂ ਰਾਸ਼ਟਰੀ ਕਾਨਫਰੰਸ ਦਾ ਸਫਲ ਪ੍ਰੋਗਰਾਮ ਕਰਵਾਉਣ ਅਤੇ ਆਪਣੇ ਦੋ ਵੱਡੇ ਅਧਿਆਪਕ ਆਗੂਆਂ ਨੂੰ ਕੌਮੀ ਜਥੇਬੰਦੀ ਵਿੱਚ ਵੱਕਾਰੀ ਅਹੁਦੇ ਦਿਵਾ ਕੇ ਰਾਸ਼ਟਰੀ ਪੱਧਰ ਉੱਤੇ ਜਥੇਬੰਦਕ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸਥਿਤੀ ਵਿੱਚ ਪਹੁੰਚੀ ਹੈ। ਉਨ੍ਹਾਂ ਇਸ ਮੌਕੇ ਆਪਣੀ ਰਿਪੋਰਟ ਵਿੱਚ ਪੀਸੀਸੀਟੀਯੂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਏਜੰਡਾ ਪੇਸ਼ ਕੀਤਾ। ਇਸ ਤਹਿਤ ਉਨ੍ਹਾਂ ਕੁੱਝ ਕਵਰਡ ਅਤੇ ਅਨਕਵਰਡ ਅਧਿਆਪਕਾਂ ਉੱਤੇ 7ਵੇਂ ਪੇ ਕਮਿਸ਼ਨ ਨੂੰ ਇਕਸਾਰਤਾ ਨਾਲ ਲਾਗੂ ਕਰਵਾਉਣਾ, 75 ਫ਼ੀਸਦੀ ਗ੍ਰਾਂਟ ਨੂੰ 95 ਫ਼ੀਸਦੀ ਗ੍ਰਾਂਟ ਵਜੋਂ ਮੁੜ ਬਹਾਲ ਕਰਵਾਉਣਾ, ਅਨਕਵਰਡ ਪੋਸਟਾਂ ਨੂੰ 95 ਫੀਸਦੀ ਕਵਰਡ ਪੋਸਟਾਂ ਵਿੱਚ ਤਬਦੀਲ ਕਰਵਾਉਣਾ ਅਤੇ ਨਵੇਂ ਅਧਿਆਪਕਾਂ ਦੀਆਂ ਪੋਸਟਾਂ ਦੀ ਭਰਤੀ ਉੱਤੇ ਲੱਗੀ ਰੋਕ ਹਟਵਾਉਣ ਸਬੰਧੀ ਸਾਰਿਆਂ ਨੂੰ ਇੱਕਜੁਟਤਾ ਨਾਲ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਇਸ ਮੌਕੇ ਸਾਲ 2026-2028 ਲਈ ਨਵੀਂ ਕਾਰਜਕਾਰਨੀ ਦੀ ਚੋਣ ਤਹਿਤ ਪ੍ਰੋ. ਰਾਜੇਸ਼ ਖੱਤਰੀ ਵਾਈਸ ਪ੍ਰਧਾਨ, ਵਿੱਤ ਸਕੱਤਰ ਪ੍ਰੋ. ਲਲਿਤ ਕੁਮਾਰ, ਪ੍ਰੋ. ਅਸ਼ਮੀਨ ਕੌਰ ਏਰੀਆ ਸਕੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ. ਰਮਨ ਸ਼ਰਮਾ ਏਰੀਆ ਸਕੱਤਰ ਪੰਜਾਬ ਯੂਨੀਵਰਸਿਟੀ, ਡਾ. ਸਰਵਜੀਤ ਸਿੰਘ ਭਾਟੀਆ ਏਰੀਆ ਸਕੱਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਫਿਸ ਬੀਅਰਜ਼ ਵਜੋੰ ਸਰਬਸੰਮਤੀ ਨਾਲ ਚੁਣੇ ਗਏ। ਨਵੀਂ ਗਠਿਤ ਕਾਰਜਕਾਰਨੀ ਵਿੱਚ ਪ੍ਰੋ. ਵਿਨੇ ਸੋਫਤ, ਪ੍ਰੋ. ਬਹਾਦਰ ਸਿੰਘ, ਪ੍ਰੋ. ਜਗਦੀਪ ਕੁਮਾਰ, ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਰੋਹਿਤ ਕੁਮਾਰ, ਪ੍ਰੋ. ਵਰੁਣ ਗੋਇਲ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਵਿਕਾਸ ਕੁਮਾਰ, ਪ੍ਰੋ. ਅਦਿਤੀ ਜੈਨ, ਪ੍ਰੋ. ਐੱਸਐੱਸ ਬੈਂਸ ਅਤੇ ਪ੍ਰੋ. ਸੰਜੀਵ ਧਵਨ ਨੂੰ ਸਰਬਸੰਮਤੀ ਨਾਲ ਐਗਜੈਕਟਿਵ ਮੈੰਬਰ ਚੁਣਿਆ ਗਿਆ। ਇਸ ਮੌਕੇ ਹਾਲ ਹੀ ਅਚਨਚੇਤੀ ਸਦੀਵੀ ਵਿਛੋੜਾ ਦੇ ਗਏ ਖਾਲਸਾ ਕਾਲਜ ਚਵਿੰਡਾ ਦੇਵੀ, ਅੰਮ੍ਰਿਤਸਰ ਦੇ ਅਧਿਆਪਕ ਦੇ ਨਾਲ-ਨਾਲ ਹੋਰ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।