ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਵਾਲਮੀਕਿ ਜਥੇਬੰਦੀਆਂ ਵੱਲੋਂ ਭੰਡਾਰੀ ਪੁਲ ’ਤੇ ਧਰਨਾ ਬਰਨਾਲਾ ਲਾਠੀਚਾਰਜ ਦੇ ਵਿਰੋਧ 'ਚ ਵਾਲਮੀਕਿ ਜਥੇਬੰਦੀਆਂ ਵਲੋਂ ਭੰਡਾਰੀ ਪੁਲ 'ਤੇ ਧਰਨਾ
Publish Date: Mon, 27 Jul 2026 04:34 PM (IST)
Updated Date: Mon, 27 Jul 2026 04:36 PM (IST)
- ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਬਾਜ਼ਾਰ ਕਰਵਾਏ ਬੰਦ, ਕੁਝ ਸਮੇਂ ਬਾਅਦ ਹੀ ਆਵਾਜਾਈ ਕੀਤੀ ਬਹਾਲ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਰਨਾਲਾ ਵਿਖੇ ਸਫਾਈ ਮੁਲਾਜ਼ਮਾਂ ’ਤੇ ਹੋਏ ਲਾਠੀਚਾਰਜ ਦੀ ਘਟਨਾ ਦੇ ਰੋਸ ਵਜੋਂ ਅੰਮ੍ਰਿਤਸਰ ਦੀਆਂ ਸਮੂਹ ਵਾਲਮੀਕਿ ਜਥੇਬੰਦੀਆਂ ਵੱਲੋਂ ਸਥਾਨਕ ਭੰਡਾਰੀ ਪੁਲ ਵਿਖੇ ਭਗਵਾਨ ਵਾਲਮੀਕਿ ਤੀਰਥ ਧੂਣਾ ਸਾਹਿਬ ਟਰੱਸਟ ਦੇ ਗੱਦੀਨਸ਼ੀਨ ਸੰਤ ਮਲਕੀਤ ਨਾਥ ਦੀ ਅਗਵਾਈ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਵੱਲੋਂ ਵੱਖ-ਵੱਖ ਬਾਜ਼ਾਰਾਂ ਵਿਚ ਜਾ ਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਤੇ ਰੋਸ ਜਾਹਿਰ ਕੀਤਾ ਗਿਆ। ਧਰਨੇ ਵਿਚ ਜਿੱਥੇ ਵੱਡੀ ਗਿਣਤੀ ਵਿਚ ਵਾਲਮੀਕਿ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਉੱਥੇ ਹੀ ਭੰਡਾਰੀ ਪੁਲ ’ਤੇ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਵੀ ਤਾਇਨਾਤ ਰਹੇ। ਪ੍ਰਦਰਸ਼ਨਕਾਰੀਆਂ ਨੇ ਰੋਸ ਵਜੋਂ ਭੰਡਾਰੀ ਪੁਲ ਤੇ ਜਗ੍ਹਾ-ਜਗ੍ਹਾ ‘ਆਪ’ ਪਾਰਟੀ ਦੇ ਨੁਮਾਇੰਦਿਆਂ ਦੇ ਲੱਗੇ ਪੋਸਟਰ ਵੀ ਫਾੜੇ ਅਤੇ ਮੰਗ ਕੀਤੀ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਭਗਵਾਨ ਵਾਲਮੀਕਿ ਤੀਰਥ ਧੂਣਾ ਸਾਹਿਬ ਟਰੱਸਟ ਦੇ ਸੰਤ ਮਲਕੀਤ ਨਾਥ ਅਤੇ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਸਮਾਜ ਦੇ ਲੋਕਾਂ ’ਤੇ ਹੀ ਅੱਤਿਆਚਾਰ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਪਲੇਟਫਾਰਮ ’ਤੇ ਲੋਕਾਂ ਨੂੰ ਬਣਦੇ ਹੱਕ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਸਫ਼ਾਈ ਸੇਵਕਾਂ ’ਤੇ ਹੋਇਆ ਲਾਠੀ ਚਾਰਜ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਸਮਾਜ ਨਾਲ ਸਿੱਧੇ ਤੌਰ ’ਤੇ ਵਿਤਕਰਾ ਕਰ ਰਹੀ ਹੈ, ਜੋ ਕਿਸੇ ਵੀ ਕੀਮਤ ’ਤੇ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਅਧਿਕਾਰੀਆਂ ਨੂੰ ਜਲਦੀ ਬਰਖ਼ਾਸਤ ਨਾ ਕੀਤਾ ਗਿਆ, ਤਾਂ ਇਸ ਸੰਘਰਸ਼ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਵਿਚ ਚੇਅਰਮੈਨ ਓਮ ਪ੍ਰਕਾਸ਼ ਗੱਬਰ, ਬਲਵੰਤ ਨਾਥ, ਕੇਂਦਰੀ ਵਾਲਮੀਕਿ ਮੰਦਰ ਦੇ ਚੇਅਰਮੈਨ ਬਿਮਲ ਕੁਮਾਰ, ਪ੍ਰਧਾਨ ਯੋਗਰਾਜ ਮਲਹੋਤਰਾ, ਸੰਤ ਮੇਘਨਾਥ, ਜੋਨ ਕੋਟਲੀ, ਜਗਦੀਸ਼ ਜੱਗੂ, ਰਾਹੁਲ ਮਲਿਕ, ਦਵਿੰਦਰ ਪਹਿਲਵਾਨ, ਬਿੱਟੂ ਪਹਿਲਵਾਨ, ਰੁਪਿੰਦਰ ਕੌਰ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ। ਰੋਸ ਵਜੋਂ ਭੁੱਖ ਹੜਤਾਲ ’ਤੇ ਬੈਠੇ ਵਾਲਮੀਕਿ ਆਗੂ : ਬਰਨਾਲਾ ਵਿਚ ਸਫਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਰੋਸ ਵਿਚ ਭੰਡਾਰੀ ਪੁਲ ਤੇ ਲਗਾਏ ਧਰਨੇ ਦੌਰਾਨ ਜਥੇਬੰਦੀਆਂ ਦੇ ਆਗੂ ਸੁਮੀਤ ਕਾਲੀ, ਰਾਹੁਲ ਮਲਿਕ ਤੇ ਸਿਮਰਨ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਵਲੋਂ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਪੁਲਿਸ ਅਧਿਕਾਰੀਆਂ ਨੇ ਆਵਾਜਾਈ ਕਰਵਾਈ ਬਹਾਲ : ਵਾਲਮੀਕਿ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਬੰਦ ਕੀਤੇ ਰਸਤਿਆਂ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਆਵਾਜਾਈ ਬਹਾਲ ਕਰਵਾਈ ਗਈ, ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ। ਸ਼ਹਿਰ ਦੇ ਹਰ ਕੋਨੇ ’ਤੇ ਲੱਗਾ ਟ੍ਰੈਫਿਕ ਜਾਮ : ਭੰਡਾਰੀ ਪੁਲ ’ਤੇ ਲੱਗੇ ਧਰਨੇ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਕੋਨੇ-ਕੋਨੇ ’ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਅਤੇ ਆਉਣ-ਜਾਣ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਕੁਝ ਸਮਾਂ ਬਾਅਦ ਆਵਾਜਾਈ ਬਹਾਲ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ। ਗਰਮੀ ਨਾਲ ਬੇਹਾਲ ਹੋਈ ਜਨਤਾ : ਇਸ ਧਰਨੇ ਦੌਰਾਨ ਲੱਗੇ ਜਾਮ ਵਿਚ ਜਨਤਾ ਗਰਮੀ ਨਾਲ ਬੇਹਾਲ ਹੁੰਦੀ ਰਹੀ। ਮੌਸਮ ਵਿਚ ਵਾਰ-ਵਾਰ ਹੋ ਰਹੀ ਤਬਦੀਲੀ ਕਾਰਨ ਸੋਮਵਾਰ ਨੂੰ ਤਿੱਖੀ ਧੁੱਪ ਨਿਕਲੀ ਸੀ। ਜਿਸ ਕਾਰਨ ਗਰਮੀ ਦਾ ਕਹਿਰ ਵੀ ਪੂਰੇ ਸ਼ਿਖਰਾਂ ’ਤੇ ਸੀ। ਗਰਮੀ ਕਾਰਨ ਰਾਹਗੀਰ ਆਪਣੀ ਮੰਜ਼ਿਲ ਵੱਲ ਪਹੁੰਚਣ ਲਈ ਧਰਨਾਕਾਰੀਆਂ ਨਾਲ ਉਲਝਦੇ ਵੀ ਦੇਖੇ ਗਏ।