- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਨੰਜੀ ਚਾਚਾ' ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

- ਖਾਲਸਾ ਕਾਲਜ ਦੇ ਵਿਦਿਆਰਥੀਆਂ ਦੇ ਦਿਲਾਂ ’ਚ ਹਮੇਸ਼ਾ ਜਿਊਂਦੇ ਰਹਿਣਗੇ ‘ਨੰਜੀ ਚਾਚਾ’
- 13 ਜੁਲਾਈ ਨੂੰ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਖਾਲਸਾ ਕਾਲਜ ਦੇ ਬੇਹੱਦ ਹਰਮਨਪਿਆਰੇ ਅਤੇ ਵਿਦਿਆਰਥੀਆਂ ਵਿਚ ‘ਨੰਜੀ ਚਾਚਾ’ ਦੇ ਨਾਮ ਨਾਲ ਪ੍ਰਸਿੱਧ ਰਹੇ ਸਵਰਗੀ ਨਿਰੰਜਨ ਸਿੰਘ ਦੇ ਦੇਹਾਂਤ ’ਤੇ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨੰਜੀ ਚਾਚਾ ਸਿਰਫ਼ ਇੱਕ ਵਿਅਕਤੀ ਨਹੀਂ ਸਨ, ਸਗੋਂ ਖਾਲਸਾ ਕਾਲਜ ਵਿਚ ਪੜ੍ਹੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਯਾਦਾਂ ਦਾ ਅਤੁੱਟ ਹਿੱਸਾ ਸਨ। ਔਜਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਖਾਲਸਾ ਕਾਲਜ ਨੇ ਵਿਦਿਆਰਥੀਆਂ ਨੂੰ ਸਿਰਫ਼ ਸਿੱਖਿਆ ਹੀ ਨਹੀਂ ਦਿੱਤੀ, ਸਗੋਂ ਜ਼ਿੰਦਗੀ ਜਿਊਣ ਦੇ ਅਨਮੋਲ ਸੰਸਕਾਰ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਿਹਨਤ, ਇਮਾਨਦਾਰੀ, ਪਿਆਰ, ਅਪਣੱਤ ਅਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਨੰਜੀ ਚਾਚਾ ਦੇ ਵਿਹਾਰ ਤੋਂ ਸਿੱਖਣ ਨੂੰ ਮਿਲਦੀ ਸੀ। ਉਹ ਹਮੇਸ਼ਾ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੇ ਸਨ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਕਦੇ ਗੁੱਸੇ ਵਿੱਚ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਮੋਬਾਈਲ ਅਤੇ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜ ਦਿੱਤਾ ਹੈ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਖਾਲਸਾ ਕਾਲਜ ਦੇ ਵਿਿਦਆਰਥੀਆਂ ਦੇ ਸੁੱਖ-ਦੁੱਖ ਦੀ ਸਭ ਤੋਂ ਪਹਿਲਾਂ ਜਾਣਕਾਰੀ ਨੰਜੀ ਚਾਚਾ ਕੋਲ ਹੀ ਹੁੰਦੀ ਸੀ। ਕਿਸੇ ਵਿਦਿਆਰਥੀ ਨੂੰ ਛੋਟੀ ਤੋਂ ਛੋਟੀ ਲੋੜ ਵੀ ਪੈਂਦੀ ਤਾਂ ਉਹ ਆਪਣੀ ਸਮਰੱਥਾ ਅਨੁਸਾਰ ਉਸ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਸਨ।
ਇਸੇ ਕਾਰਨ ਦੇਸ਼-ਵਿਦੇਸ਼ ਵਿਚ ਵੱਸਦੇ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਦੇ ਦਿਲਾਂ ਵਿੱਚ ਅੱਜ ਵੀ ਉਨ੍ਹਾਂ ਲਈ ਵਿਸ਼ੇਸ਼ ਸਤਿਕਾਰ ਅਤੇ ਪਿਆਰ ਹੈ। ਔਜਲਾ ਨੇ ਕਿਹਾ ਕਿ ਨੰਜੀ ਚਾਚਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਾਬਕਾ ਵਿਦਿਆਰਥੀਆਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਸੋਸ਼ਲ ਮੀਡੀਆ ’ਤੇ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਉਹ ਹਰ ਇੱਕ ਦੇ ਦਿਲ ਵਿੱਚ ਵੱਸਦੇ ਸਨ। ਉਨ੍ਹਾਂ ਸਮੂਹ ਸਾਬਕਾ ਵਿਦਿਆਰਥੀਆਂ, ਜਾਣ-ਪਛਾਣ ਵਾਲਿਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 13 ਜੁਲਾਈ (ਸੋਮਵਾਰ) ਨੂੰ ਕਬੀਰ ਬਾਗ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੀ ਅੰਤਿਮ ਅਰਦਾਸ ਵਿਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ। ਔਜਲਾ ਨੇ ਕਿਹਾ ਕਿ ਨੰਜੀ ਚਾਚਾ ਦੀ ਸਾਦਗੀ, ਸੇਵਾ ਭਾਵਨਾ ਅਤੇ ਹਰ ਇੱਕ ਪ੍ਰਤੀ ਉਨ੍ਹਾਂ ਦਾ ਪਿਆਰ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗਾ ਅਤੇ ਖਾਲਸਾ ਕਾਲਜ ਦਾ ਪਰਿਵਾਰ ਉਨ੍ਹਾਂ ਨੂੰ ਕਦੇ ਵੀ ਭੁੱਲ ਨਹੀਂ ਸਕੇਗਾ।