- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹੀਨਾਵਾਰ ਯਾਤਰੀ ਪਾਸ ਧਾਰਕਾਂ ਲਈ ਵੇਟਿੰਗ ਹਾਲ ਬੰਦ ਹੋਣਾ ਮੰਦਭਾਗਾ : ਸਤਨਾਮ ਸਿੰਘ ਮਠਾੜੂ

- ਕਿਹਾ, ਭਾਜਪਾ ਦੀ ਇਕ ਹੋਰ ਨਾਕਾਮੀ ਆਈ ਸਾਹਮਣੇ
- ਭਾਜਪਾ ਨੇ ਸਿਰਫ ਕਰੋੜਾਂ ਰੁਪਏ ਦੇ ਐਲਾਨ ਕੀਤੇ, ਪਰ ਅੱਜ ਤੱਕ ਨਹੀਂ ਕੋਈ ਠੋਸ ਕੰਮ ਸ਼ੁਰੂ ਹੋਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅੰਮ੍ਰਿਤਸਰ ਸਤਨਾਮ ਸਿੰਘ ਮਠਾੜੂ ਨੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਅੰਮ੍ਰਿਤਸਰ ਰੇਲਵੇ ਪ੍ਰਸ਼ਾਸਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੰਮ੍ਰਿਤਸਰ ਨੂੰ ਵਿਸ਼ਵ-ਪੱਧਰੀ ਰੇਲਵੇ ਸਟੇਸ਼ਨ ਬਣਾਉਣ ਦੇ ਦਾਅਵੇ ਸਿਰਫ਼ ਚੋਣੀ ਜੁਮਲੇ ਸਾਬਤ ਹੋਏ ਹਨ। ਇਸ ਮੌਕੇ ਹਲਕਾ ਕੋਆਰਡੀਨੇਟਰ ਬੰਟੀ ਮਹਾਜਨ, ਹਲਕਾ ਵਾਈਸ ਕੋਆਰਡੀਨੇਟਰ ਸੋਸ਼ਲ ਮੀਡੀਆ ਦੀਪਕ ਸ਼ਰਮਾ ਅਤੇ ਰਜਿੰਦਰ ਕੁਮਾਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਹਰ ਚੋਣ ਤੋਂ ਪਹਿਲਾਂ ਕਰੋੜਾਂ ਰੁਪਏ ਦੇ ਐਲਾਨ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਵਿਚ ਅੱਜ ਵੀ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਮਠਾੜੂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਵਿਖੇ ਮਹੀਨਾਵਾਰ ਸੀਜ਼ਨ ਟਿਕਟ ਧਾਰਕ ਯਾਤਰੀਆਂ ਲਈ ਬਣਾਇਆ ਗਿਆ ਵੇਟਿੰਗ ਹਾਲ ਬੰਦ ਕਰ ਦਿੱਤਾ ਗਿਆ ਹੈ ਅਤੇ ਉੱਥੇ ‘ਨੋਟ ਇਨ ਯੂਜ’ ਦਾ ਬੋਰਡ ਲਗਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਮਾਰਤ ਵਰਤੋਂ ਯੋਗ ਨਹੀਂ ਸੀ ਤਾਂ ਰੇਲਵੇ ਪ੍ਰਸ਼ਾਸਨ ਨੂੰ ਪਹਿਲਾਂ ਯਾਤਰੀਆਂ ਲਈ ਕੋਈ ਬਦਲਵਾਂ ਅਤੇ ਢੁੱਕਵਾਂ ਪ੍ਰਬੰਧ ਕਰਨਾ ਚਾਹੀਦਾ ਸੀ। ਹਜ਼ਾਰਾਂ ਰੋਜ਼ਾਨਾ ਯਾਤਰੀ ਹੁਣ ਟਰੇਨਾਂ ਦੀ ਉਡੀਕ ਖੁੱਲ੍ਹੇ ਵਿੱਚ ਜਾਂ ਸਟੇਸ਼ਨ ਦੇ ਵੱਖ-ਵੱਖ ਕੋਨਿਆਂ ਵਿੱਚ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ‘ਵਰਲਡ ਕਲਾਸ’ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਜਦਕਿ ਦੂਜੇ ਪਾਸੇ ਮੌਜੂਦਾ ਬੁਨਿਆਦੀ ਸਹੂਲਤਾਂ ਵੀ ਯਾਤਰੀਆਂ ਤੋਂ ਖੋਹੀਆਂ ਜਾ ਰਹੀਆਂ ਹਨ। ਕਦੇ 502 ਕਰੋੜ ਰੁਪਏ ਅਤੇ 874 ਕਰੋੜ ਰੁਪਏ ਦੇ ਐਲਾਨ ਹੋਏ, ਪਰ ਅੱਜ ਤੱਕ ਨਾ ਕੋਈ ਠੋਸ ਕੰਮ ਸ਼ੁਰੂ ਹੋਇਆ ਅਤੇ ਨਾ ਹੀ ਕੋਈ ਸਪੱਸ਼ਟ ਰੋਡਮੈਪ ਲੋਕਾਂ ਸਾਹਮਣੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਚੋਣਾਂ ਤੋਂ ਪਹਿਲਾਂ ਨਵੇਂ ਸੁਪਨੇ ਦਿਖਾਉਣ ਦੀ ਬਜਾਏ ਪਹਿਲਾਂ ਰੇਲਵੇ ਸਟੇਸ਼ਨ ’ਤੇ ਮੌਜੂਦ ਸਹੂਲਤਾਂ ਨੂੰ ਸੁਚਾਰੂ ਬਣਾਏ ਅਤੇ ਉਕਤ ਯਾਤਰੀਆਂ ਲਈ ਤੁਰੰਤ ਇੱਕ ਢੁੱਕਵਾਂ ਵੇਟਿੰਗ ਹਾਲ ਮੁਹੱਈਆ ਕਰਵਾਏ, ਤਾਂ ਜੋ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮਠਾੜੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਉਠਾਉਂਦੀ ਰਹੇਗੀ ਅਤੇ ਕੇਂਦਰ ਸਰਕਾਰ ਤੋਂ ਅੰਮ੍ਰਿਤਸਰ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਦੀ ਰਹੇਗੀ।