ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀ ਤੇ ਪ੍ਰਿੰਸੀਪਲ ਸਨਮਾਨਿਤ ਮੈਰਿਟ ਹਾਸਲ ਕਰਨ ਵਾਲੇ ਵਿਿਦਆਰਥੀ ਤੇ ਪ੍ਰਿੰਸੀਪਲ ਸਨਮਾਨਿਤ
Publish Date: Mon, 06 Jul 2026 04:14 PM (IST)
Updated Date: Mon, 06 Jul 2026 04:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਰੇਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਵੱਲੋਂ ਸਥਾਨਕ ਡਾ. ਮੰਗਲ ਸਿੰਘ ਕਿਸ਼ਨਪੁਰੀ ਦੇ ਸਕੂਲ ਦੇ ਆਡੀਟੋਰੀਅਮ ਹਾਲ ਵਿਖੇ ਵਿਸ਼ਾਲ ਅਤੇ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦਾ ਮੁੱਖ ਮਨੋਰਥ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲ 2026 ਦੀਆਂ ਪ੍ਰੀਖਿਆਵਾਂ ਵਿਚੋਂ ਸਟੇਟ ਮੈਰਿਟ ਹਾਸਲ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨਾ ਸੀ, ਤਾਂ ਜੋ ਬਾਕੀ ਬੱਚਿਆਂ ਵਿਚ ਵੀ ਅੱਗੇ ਵਧਣ ਦਾ ਉਤਸ਼ਾਹ ਪੈਦਾ ਹੋ ਸਕੇ। ਇਸ ਪ੍ਰੋਗਰਾਮ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਪਣੀ ਪਤਨੀ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਸਾ ਯੂਕੇ ਦੀ ਟੀਮ ਅਤੇ ਡਾ. ਮੰਗਲ ਸਿੰਘ ਕਿਸਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਅਤੇ ਸੱਭਿਆਚਾਰਕ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨਾਂ ਦੇ ਆਡੀਟੋਰੀਅਮ ਹਾਲ ਵਿਖੇ ਪਹੁੰਚਣ ’ਤੇ ਐੱਨਸੀਸੀ ਕੈਡਿਟਾਂ ਦੀ ਅਗਵਾਈ ਹੇਠ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰਦਿਆਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਵੱਖ-ਵੱਖ ਸਵਾਗਤੀ ਧੁਨਾਂ ਅਤੇ ਗਿੱਧੇ ਦੇ ਬੋਲਾਂ ਰਾਹੀਂ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਅਤੇ ਜੀ ਆਇਆਂ ਨੂੰ ਸਮਾਰੋਹ ਦੀ ਸ਼ੁਰੂਆਤ ਸਾਰੇ ਹਾਜ਼ਰ ਪ੍ਰਿੰਸੀਪਲਾਂ ਦੀ ਮੌਜੂਦਗੀ ਵਿਚ ਸ਼ਮ੍ਹਾਂ ਰੋਸ਼ਨ ਕਰ ਕੇ ਕੀਤੀ ਗਈ। ਮੰਚ ਦਾ ਸੰਚਾਲਨ ਪ੍ਰਿੰਸੀਪਲ ਐੱਚਐੱਸ ਕਠਾਨੀਆ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਰਾਸਾ ਯੂਕੇ ਪੰਜਾਬ ਦੇ ਪ੍ਰਧਾਨ ਪ੍ਰਿੰਸੀਪਲ ਰਵੀ ਸ਼ਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸਾਹਿਬ, ਉਨ੍ਹਾਂ ਦੀ ਪਤਨੀ, ਸਾਰੇ ਅਹੁਦੇਦਾਰਾਂ ਅਤੇ ਪ੍ਰਿੰਸੀਪਲਾਂ ਨੂੰ ਨਿੱਘੀ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਉਨ੍ਹਾਂ ਨੇ ਚੇਅਰਮੈਨ ਨੂੰ ਆਪਣੀ ਐਸੋਸੀਏਸ਼ਨ (ਰਾਸਾ) ਦੇ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀਆਂ ਵਿਸ਼ੇਸ਼ ਗੱਲਾਂ ਉੱਪਰ ਬੜੀ ਬਾਰੀਕੀ ਨਾਲ ਚਾਨਣਾ ਪਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਪਠਾਨੀਆ ਨੇ ਪ੍ਰੋਗਰਾਮ ਦੇ ਮੁੱਖ ਉਦੇਸ਼ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ 2026 ਵਿਚੋਂ ਸਟੇਟ ਮੈਰਿਟ ਹਾਸਲ ਕੀਤੀ ਹੈ, ਉਨ੍ਹਾਂ ਨੂੰ ਬੋਰਡ ਦੇ ਚੇਅਰਮੈਨ ਵੱਲੋਂ ‘ਮੈਰਿਟ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਰਾਸਾ ਵੱਲੋਂ ਇਨ੍ਹਾਂ ਬੱਚਿਆਂ ਦੀਆਂ ਉਮੀਦਾਂ ਅਤੇ ਲੋੜਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਸਮਾਰੋਹ ਦੌਰਾਨ ਸਿੱਖਿਆ ਦੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਉਣ ਲਈ ਪ੍ਰਿੰਸੀਪਲ ਅਸ਼ਵਨੀ ਅਵਸਥੀ, ਪ੍ਰਿੰਸੀਪਲ ਪ੍ਰਦੀਪ ਸ਼ਰਮਾ, ਪ੍ਰਿੰਸੀਪਲ ਵਿਨੋਦ ਕਾਲੀਆ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੂੰ ਐਸੋਸੀਏਸ਼ਨ ਵੱਲੋਂ ‘ਗਲੋਬਲ ਅੰਬੈਸਡਰ ਪੰਜਾਬੀ ਓਲੰਪੀਆਡ’ ਦੇ ਵਜੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਆਈ ਉਨ੍ਹਾਂ ਦੀ ਪਤਨੀ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਰਡ ਦੇ ਅਸਿਸਟੈਂਟ ਸੈਕਟਰੀ ਸੰਦੀਪ ਵਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮਾਰੋਹ ਵਿਚ ਰਾਸਾ ਐਸੋਸੀਏਸ਼ਨ ਦੇ ਪੰਜਾਬ ਅਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰ ਵੱਡੀ ਹਰਪਾਲ ਸਿੰਘ ਯੂਕੇ ਚੇਅਰਮੈਨ, ਪੰਜਾਬ, ਡੀਐੱਸ ਪਠਾਨੀਆ ਵਾਈਸ ਚੇਅਰਮੈਨ ਪੰਜਾਬ, ਪ੍ਰਿੰਸੀਪਲ ਚਰਨਜੀਤ ਸਿੰਘ ਹੁੰਦਲ ਵਾਈਸ ਪ੍ਰਧਾਨ ਪੰਜਾਬ, ਪ੍ਰਿੰਸੀਪਲ ਦਿਲਬਾਗ ਸਿੰਘ ਕੈਸ਼ੀਅਰ ਪੰਜਾਬ, ਪ੍ਰਿੰਸੀਪਲ ਸਲਵਾਨ ਸ਼ਰਮਾ ਟੀਮ ਪ੍ਰਬੰਧਕ ਪੰਜਾਬ ਮੁੱਖ ਸਲਾਹਕਾਰ ਪ੍ਰਿੰਸੀਪਲ ਨਗੀਨ ਸਿੰਘ ਭਲ਼ਲ਼, ਪ੍ਰਿੰਸੀਪਲ ਪਰਮਿੰਦਰ ਸਿੰਘ ਸੰਧੂ, ਪ੍ਰਿੰਸੀਪਲ ਇੰਦਰਜੀਤ ਸਿੰਘ ਖੁਜਾਲਾ, ਸਕੱਤਰ ਪ੍ਰਿੰਸੀਪਲ ਜਸਬੀਰ ਸਿੰਘ ਸੋਹਲ, ਪ੍ਰਿੰਸੀਪਲ ਪਰਮਿੰਦਰ ਸਿੰਘ ਸੈਦੋਲੇਹਲ, ਜ਼ਿਲ੍ਹਾ ਅਤੇ ਤਹਿਸੀਲ ਲੀਡਰਸ਼ਿਪ ਵਿਚ ਪ੍ਰਿੰਸੀਪਲ ਨਵਜੋਤ ਸਿੰਘ ਭੰਗੂ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ, ਪ੍ਰਿੰਸੀਪਲ ਪ੍ਰਤੀਕ ਸਹਿਦੇਵ ਮੀਤ ਪ੍ਰਧਾਨ, ਪ੍ਰਿੰਸੀਪਲ ਤੇਜਬੀਰ ਸਿੰਘ ਸੋਹਲ ਜਨਰਲ ਸਕੱਤਰ ਜ਼ਿਲ੍ਹਾ ਅੰਮ੍ਰਿਤਸਰ, ਪ੍ਰਿੰਸੀਪਲ ਜਸਬੀਰ ਸਿੰਘ ਬੁਤਾਲਾ ਸਕੱਤਰ ਜ਼ਿਲ੍ਹਾ ਅੰਮ੍ਰਿਤਸਰ, ਪ੍ਰਿੰਸੀਪਲ ਗੁਰਜੀਤ ਸਿੰਘ ਪ੍ਰਧਾਨ ਤਹਿਸੀਲ ਬਾਬਾ ਬਕਾਲਾ, ਪ੍ਰਿੰਸੀਪਲ ਸ਼ਾਮਲਾਲ ਮਹਿਤਾ ਜਨਰਲ ਸਕੱਤਰ ਬਾਬਾ ਬਕਾਲਾ, ਪ੍ਰਿੰਸੀਪਲ ਅਮਰਪ੍ਰੀਤ ਸਿੰਘ ਪਧਾਨ ਤਹਿਸੀਲ ਮਜੀਠਾ, ਪ੍ਰਿੰਸੀਪਲ ਹਰਭਜਨ ਸਿੰਘ ਜਨਰਲ ਸਕੱਤਰ ਮਜੀਠਾ, ਪ੍ਰਿੰਸੀਪਲ ਹਰਜਿੰਦਰ ਸਿੰਘ ਪ੍ਰਧਾਨ ਤਹਿਸੀਲ ਅਜਨਾਲਾ, ਪ੍ਰਿੰਸੀਪਲ ਗੁਰਦਰਸ਼ਨ ਬਜਾਜ ਮੀਤ ਪ੍ਰਧਾਨ ਅਜਨਾਲਾ, ਪ੍ਰਿੰਸੀਪਲ ਅਵਤਾਰ ਸਿੰਘ ਮਾਕੋਵਾਲ ਜਨਰਲ ਸਕੱਤਰ ਅਜਨਾਲਾ, ਪ੍ਰਿੰਸੀਪਲ ਅਮਿਤ ਸ਼ਰਮਾ ਪ੍ਰਧਾਨ ਤਹਿਸੀਲ ਅੰਮ੍ਰਿਤਸਰ ਅਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਜਨਰਲ ਸਕੱਤਰ ਤਹਿਸੀਲ ਅੰਮ੍ਰਿਤਸਰ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿਚ ਜਨਰਲ ਸੈਕਟਰੀ ਪੰਜਾਬ ਰਾਸਾ ਗੁਰਮੁੱਖ ਸਿੰਘ ਅਰਜਨ ਮਾਂਗਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਰਾਸਾ ਐਸੋਸੀਏਸ਼ਨ ਹਮੇਸ਼ਾ ਇਸੇ ਤਰ੍ਹਾਂ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਦੇ ਨਾਲ ਪੰਜਾਬ ਦੇ ਸਕੂਲਾਂ ਅਤੇ ਸਿੱਖਿਆ ਦੇ ਸੁਧਾਰ ਲਈ ਕੰਮ ਕਰਦੀ ਰਹੇਗੀ।