- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ

ਵੰਡੇ ਫਾਰਮਾਂ ਵਿੱਚੋਂ 20,438 ਐਨੂਮਰੇਸ਼ਨ ਫਾਰਮਾਂ ਦੀ ਮੁਕੰਮਲ ਜਾਂਚ ਕਰਕੇ ਕੀਤੀ ਜਾ ਰਹੀ ਡਿਜੀਟਲ ਜਾ ਐਂਟਰੀ
ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ ਹੈ। ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ-2026) ਦੀ ਪ੍ਰਗਤੀ ਸਬੰਧੀ ਤਾਜ਼ਾ ਰਿਪੋਰਟ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਅਧਿਕਾਰਤ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਵੋਟਰ ਰਜਿਸਟ੍ਰੇਸ਼ਨ ਅਤੇ ਡਾਟਾਬੇਸ ਪ੍ਰਬੰਧਨ ਦੇ ਕੰਮ ਵਿੱਚ ਪ੍ਰਸ਼ਾਸਨ ਨੇ ਇੱਕ ਵੱਡਾ ਪੜਾਅ ਪਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ 30 ਜੂਨ 2026 ਤੱਕ ਇਕੱਠੇ ਕੀਤੇ ਅਧਿਕਾਰਤ ਅੰਕੜਿਆਂ ਅਨੁਸਾਰ, ਪੂਰੇ ਜ਼ਿਲ੍ਹੇ ਵਿੱਚ ਕੁੱਲ ਵੋਟਰ 19,73,071 ’ਚੋਂ ਹੁਣ ਤੱਕ ਕੁੱਲ 17,64,101 ਐਨੂਮਰੇਸ਼ਨ ਫਾਰਮ (ਈਐੱਫ) ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਾਰਮ ਵੰਡਣ ਦੀ ਮੁਹਿੰਮ ਦੇ ਨਾਲ-ਨਾਲ ਡਿਜੀਟਾਈਜ਼ੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਵੰਡੇ ਗਏ ਫਾਰਮਾਂ ਵਿੱਚੋਂ 20,438 ਐਨੂਮਰੇਸ਼ਨ ਫਾਰਮਾਂ ਦੀ ਮੁਕੰਮਲ ਜਾਂਚ ਕਰਕੇ ਚੋਣ ਡਾਟਾਬੇਸ ਵਿੱਚ ਡਿਜੀਟਲ ਐਂਟਰੀ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 2,134 ਬੂਥ ਲੈਵਲ ਅਫ਼ਸਰ (ਬੀਐੱਲਓਜ਼), 213 ਸੈਕਟਰ ਅਫ਼ਸਰ, 22 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਤੇ 110 ਵਧੀਕ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਮੈਦਾਨੀ ਪੱਧਰ ੱਤੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਸਮੂਹ ਨਾਗਰਿਕਾਂ ਤੇ ਰਾਜਨੀਤਿਕ ਪਾਰਟੀਆਂ ਦੀ ਸਹੂਲਤ ਲਈ, ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਲਈ ਜਾਰੀ ਕੀਤਾ ਗਿਆ ਮੁਕੰਮਲ ਐੱਸਆਈਆਰ-2026 ਸ਼ਡਿਊਲ ਸਾਂਝਾ ਕਰਦਿਆਂ ਦੱਸਿਆ ਕਿ 25 ਜੂਨ ਤੋਂ 24 ਜੁਲਾਈ 2026 ਤੱਕ ਘਰ-ਘਰ ਜਾ ਕੇ ਗਣਨਾ (ਡੋਰ ਟੂ ਡੋਰ ਵੈਰੀਫਿਕੇਸ਼ਨ) ਕੀਤੀ ਜਾਵੇਗੀ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਅਗਸਤ 2026 ਨੂੰ ਕੀਤੀ ਜਾਵੇਗੀ। ਦਾਅਵੇ ਤੇ ਇਤਰਾਜ਼ ਦਰਜ ਕਰਵਾਉਣ ਦਾ ਸਮਾਂ 3 ਅਗਸਤ ਤੋਂ 2 ਸਤੰਬਰ 2026 ਤੱਕ ਹੋਵੇਗਾ। ਨੋਟਿਸ ਪੀਰੀਅਤ (ਸੁਣਵਾਈ ਅਤੇ ਵੈਰੀਫਿਕੇਸ਼ਨ) 3 ਅਗਸਤ ਤੋਂ 28 ਸਤੰਬਰ 2026 ਤੱਕ ਹੋਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਡਾਟਾ ਐਂਟਰੀ ਵਿੱਚ 100 ਫ਼ੀਸਦੀ ਸ਼ੁੱਧਤਾ ਅਤੇ ਤੇਜ਼ੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਆਉਣ ਵਾਲੇ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਨੂੰ ਸਹੀ ਜਾਣਕਾਰੀ ਦੇਣ ਅਤੇ ਸ਼ਡਿਊਲ ਅਨੁਸਾਰ ਆਪਣੇ ਫਾਰਮ ਜਲਦੀ ਜਮ੍ਹਾਂ ਕਰਵਾਉਣ ਤਾਂ ਜੋ ਕੋਈ ਵੀ ਯੋਗ ਵੋਟਰ ਰਜਿਸਟਰ ਹੋਣ ਤੋਂ ਵਾਂਝਾ ਨਾ ਰਹੇ।