ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਦੇ ਜੈਕਾਰਿਆਂ ਨਾਲ ਨਿਕਲੀ ਪ੍ਰਭਾਤ ਫੇਰੀ
ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਦੇ ਜੈਕਾਰਿਆਂ ਨਾਲ ਨਿਕਲੀ ਪ੍ਰਭਾਤ ਫੇਰੀ
Publish Date: Tue, 16 Jun 2026 07:16 PM (IST)
Updated Date: Wed, 17 Jun 2026 04:07 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਸਥਾਪਨਾ ਦਿਵਸ ਅਤੇ ਪਾਟੋਤਸਵ ਦੇ ਉਪਲਕਸ਼ ਵਿੱਚ ਜੈ ਸ਼੍ਰੀ ਰਾਮ , ਜੈ ਸ਼੍ਰੀ ਭਗਵਾਨ ਲਕਸ਼ਮੀ ਨਾਰਾਇਣ , ਸ਼੍ਰੀ ਦੁਰਗਿਆਣਾ ਧਾਮ ਦੀ ਜੈ ਹੋ ਅਤੇ ਹੋਰ ਜੈਕਾਰਿਆਂ ਦੇ ਨਾਲ ਧਾਰਮਿਕ ਸਮਾਗਮਾਂ ਦਾ ਆਗਾਜ਼ ਸ਼੍ਰੀ ਦੁਰਗਿਆਣਾ ਤੀਰਥ ਤੋਂ ਕੱਢੀ ਗਈ ਪਹਿਲੀ ਪ੍ਰਭਾਤ ਫੇਰੀ ਨਾਲ ਸ਼ੁਰੂ ਹੋ ਗਿਆ। ਸਵੇਰੇ ਧਾਰਮਿਕ ਪਰੰਪਰਾ ਅਨੁਸਾਰ ਤੀਰਥ ਦੇ ਸਥਾਪਨਾ ਦਿਵਸ ਦੇ ਉਪਲਕਸ਼ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿੱਚ ਪੂਜਾ-ਅਰਚਨਾ ਕੀਤੀ ਗਈ, ਉਸ ਤੋਂ ਬਾਅਦ ਜੋਤ ਪ੍ਰਜਵਲਿਤ ਕੀਤੀ ਗਈ ਅਤੇ ਸ਼੍ਰੀ ਠਾਕੁਰ ਜੀ ਦੇ ਜੈਕਾਰਿਆਂ ਨਾਲ ਪ੍ਰਭਾਤ ਫੇਰੀ ਦੀ ਸ਼ੁਰੂਆਤ ਹੋਈ। ਕਮੇਟੀ ਦੇ ਪ੍ਰਬੰਧਕ ਅਨਿਲ ਸ਼ਰਮਾ ਅਤੇ ਸੰਕੀਰਤਨ ਚੇਅਰਮੈਨ ਸੰਜੀਵ ਖੰਨਾ ਦੀ ਸਰਪ੍ਰਸਤੀ ਹੇਠ ਪ੍ਰਭਾਤ ਫੇਰੀ ਦਾ ਸ਼ੁਭ ਆਰੰਭ ਕੀਤਾ ਗਿਆ ਅਤੇ ਸ਼ਰਧਾਲੂਆਂ ਵੱਲੋਂ ਠਾਕੁਰ ਜੀ ਦਾ ਗੁਣਗਾਨ ਕੀਤਾ ਗਿਆ। ਸ਼੍ਰੀ ਦੁਰਗਿਆਣਾ ਤੀਰਥ ਦੇ ਸ਼ਤਾਬਦੀ ਵਰ੍ਹੇ ਦੇ ਉਪਲਕਸ਼ ਵਿੱਚ ਪ੍ਰਭਾਤ ਫੇਰੀ ਤੀਰਥ ਤੋਂ ਸ਼ੁਰੂ ਹੋ ਕੇ ਲਾਜਪਤ ਰਾਏ ਗਲੀ, ਹਾਥੀ ਗੇਟ, ਕੱਟੜਾ ਮੋਤੀ ਰਾਮ, ਬੋਹੜ ਵਾਲੀ ਗਲੀ, ਖੂਹ ਮੁੰਬਈ ਵਾਲਾ ਗਲੀ, ਲੰਬੀ ਵਾਲੀ ਗਲੀ, ਦੀਵਾਰੀਆਂ ਟੋਭਾ, ਭਾਈ ਸਾਬੋ, ਜਮਾਦਾਰ ਹਵੇਲੀ, ਸਾਈਂ ਦਾਸ ਰੋਡ ਤੋਂ ਹੁੰਦੀ ਹੋਈ ਸ਼੍ਰੀ ਰਾਧਾ ਬਾਲਮ ਮੰਦਰ, ਲੋਹਗੜ੍ਹ ਵਿਖੇ ਬਿਸਰਾਮ ਕੀਤਾ ਗਿਆ। ਥਾਂ-ਥਾਂ ਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਸਵਾਗਤ ਕਰਕੇ ਭਗਵਾਨ ਸ਼੍ਰੀ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂਆਂ ਨੇ ਆਰਤੀ ਕੀਤੀ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਾਧਨਾ ਕੀਤੀ। ਇਸ ਮੌਕੇ ਸ਼੍ਰੀ ਲਕਸ਼ਮੀ ਨਾਰਾਇਣ ਅਤੇ ਸ਼ਯਨ ਸਮਿਤੀ ਦੇ ਸੇਵਾਦਾਰਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਅਸ਼ੋਕ ਕਪੂਰ, ਤਰੁਣ ਸਭਰਵਾਲ, ਰੌਬਿਨ ਕੋਹਲੀ, ਕਪਿਲ ਮਹਿਰਾ, ਕਪਿਲ ਬੀ, ਸੰਦੀਪ ਬਹਿਲ, ਸ਼ੁਭਮ, ਹਰਸ਼ ਖੰਨਾ, ਅਰਜੁਨ ਖੰਨਾ ਸ਼ਾਮਲ ਸਨ। ਕੀਰਤਨ ਮੰਡਲੀ ਦੇ ਧਰਮੇਸ਼ ਸ਼ਰਮਾ (ਵ੍ਰਿੰਦਾਵਨ ਵਾਲੇ) ਅਤੇ ਆਸ਼ਾ ਖੱਤਰੀ ਨੇ ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਦਾ ਗੁਣਗਾਨ ਕੀਤਾ। ਇਸ ਤੋਂ ਇਲਾਵਾ ਸ਼੍ਰੀ ਲਕਸ਼ਮੀ ਨਾਰਾਇਣ ਸੇਵਾ ਦਲ, ਸ਼੍ਰੀ ਗਿਰੀਰਾਜ ਜੀ ਸੇਵਾ ਸੰਘ, ਸ਼੍ਰੀ ਰਾਮਾਇਣ ਪ੍ਰਚਾਰ ਪ੍ਰੀਸ਼ਦ, ਸ਼ਯਨ ਸਮਿਤੀ ਅਤੇ ਹੋਰ ਵੀ ਸੰਸਥਾਵਾਂ ਦੇ ਸੇਵਕਾਂ ਨੇ ਭਾਗ ਲਿਆ। ਸ਼੍ਰੀ ਦੁਰਗਿਆਣਾ ਕਮੇਟੀ ਦੇ ਵਿਭਾਗ ਸ਼੍ਰੀ ਲਕਸ਼ਮੀ ਨਾਰਾਇਣ ਸੰਕੀਰਤਨ ਚੇਅਰਮੈਨ ਸੰਜੀਵ ਖੰਨਾ ਨੇ ਦੱਸਿਆ ਕਿ ਸਥਾਪਨਾ ਦਿਵਸ ਨੂੰ ਲੈ ਕੇ ਮੰਦਿਰ ਕੰਪਲੈਕਸ ਵਿੱਚ ਕਈ ਧਾਰਮਿਕ ਪ੍ਰੋਗਰਾਮ ਕਰਵਾਉਣ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਪਹਿਲੀ ਪ੍ਰਭਾਤ ਫੇਰੀ ਦਾ ਆਗਾਜ਼ ਕੀਤਾ ਗਿਆ ਹੈ, ਜੋ ਕਿ 24 ਜੂਨ ਤੱਕ ਚੱਲੇਗੀ। ਇਹ ਪ੍ਰਭਾਤ ਫੇਰੀ ਸਵੇਰੇ 5:00 ਵਜੇ ਤੋਂ ਲੈ ਕੇ 7:30 ਵਜੇ ਤੱਕ ਕੱਢੀ ਜਾਵੇਗੀ, ਜੋ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਾਵੇਗੀ। 17 ਜੂਨ ਨੂੰ ਸਿੱਧ ਪੀਠ ਮਾਤਾ ਲਾਲ ਦੇਵੀ ਭਵਨ, ਮਾਡਲ ਟਾਊਨ ਤੋਂ ਪ੍ਰਭਾਤ ਫੇਰੀ ਕੱਢੀ ਜਾਵੇਗੀ।