ਹਰਗੋਬਿੰਦ ਐਵੀਨਿਊ ਟਾਵਰ ਵਾਲੀ ਗਲੀ ਦੇ ਵਸਨੀਕਾਂ ਕੀਤਾ ਰੋਸ ਪ੍ਰਦਰਸ਼ਨ
ਹਰਗੋਬਿੰਦ ਐਵੀਨਿਊ ਟਾਵਰ ਵਾਲੀ ਗਲੀ ਦੇ ਵਸਨੀਕਾਂ ਕੀਤਾ ਰੋਸ ਪ੍ਰਦਰਸ਼ਨ
Publish Date: Sun, 05 Apr 2026 06:12 PM (IST)
Updated Date: Mon, 06 Apr 2026 04:05 AM (IST)

ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਹਲਕਾ ਪੱਛਮੀ ਵਾਰਡ ਨੰਬਰ 82 ਵਿੱਚ ਗਲੀਆਂ ਨੂੰ ਪੱਕਾ ਕਰਨ ਅਤੇ ਚੈਂਬਰ ਬਣਾਉਣ ਲਈ ਕੀਤੀ ਗਈ ਖੁਦਾਈ ਦਾ ਕੰਮ ਮੁਕੰਮਲ ਨਾ ਕਰਨ ਕਰਕੇ ਪ੍ਰੇਸ਼ਾਨ ਹਰਗੋਬਿੰਦ ਐਵੀਨਿਊ ਟਾਵਰ ਵਾਲੀ ਗਲੀ ਦੇ ਵਸਨੀਕਾਂ ਵਲੋਂ ਵਾਰਡ ਕੌਂਸਲਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਲਾਕਾ ਨਿਵਾਸੀ ਦਲਜੀਤ ਸਿੰਘ ਹੀਰਾ, ਮਨਪ੍ਰੀਤ ਸਿੰਘ, ਰਾਜਿੰਦਰ ਯਾਦਵ, ਮਨਮੋਹਨ ਸਿੰਘ, ਹਰਦੇਵ ਸਿੰਘ, ਮਨਪ੍ਰੀਤ ਕੌਰ, ਕੈਲਾਸ਼ ਕੌਰ, ਗੁਰਕੀਰਤ ਕੌਰ, ਸੰਦੀਪ ਕੌਰ ਅਤੇ ਹੋਰਾਂ ਨੇ ਦੱਸਿਆ ਕਿ ਲਗਭਗ ਤਿੰਨ ਮਹੀਨੇ ਪਹਿਲਾਂ, ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਵਾਰਡ ਕੌਂਸਲਰ ਸੰਦੀਪ ਸਿੰਘ ਨੇ ਕੰਕਰੀਟ ਦੀ ਫਰਸ਼ ਵਿਛਾਉਣ ਅਤੇ ਚੈਂਬਰ ਬਣਾਉਣ ਲਈ ਹਰਗੋਬਿੰਦ ਐਵੀਨਿਊ ਟਾਵਰ ਵਾਲੀ ਗਲੀ ਵਿਚ ਗਲੀਆਂ ਦੀ ਖੁਦਾਈ ਦਾ ਉਦਘਾਟਨ ਕੀਤਾ ਸੀ। ਪ੍ਰੰਤੂ ਅਜੇ ਤੱਕ ਚੈਂਬਰ ਲਗਾਉਣ ਦੇ ਕੰਮ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਪੂਰਾ ਹੋਇਆ ਹੈ। ਗਲੀਆਂ ਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ ਹੈ। ਚੈਂਬਰ ਬਣਾਉਂਦੇ ਸਮੇਂ ਠੇਕੇਦਾਰ ਨੇ ਪੂਰੀ ਗਲੀ ਪੁੱਟ ਦਿੱਤੀ ਅਤੇ ਹੌਲੀ ਰਫ਼ਤਾਰ ਨਾਲ ਕੰਮ ਕਰ ਰਿਹਾ ਹੈ, ਭਾਵ ਕੁਝ ਕੁ ਮਜ਼ਦੂਰਾਂ ਕੋਲੋਂ ਹੀ ਕੰਮ ਕਰਵਾ ਰਿਹਾ ਹੈ। ਇਲਾਕਾ ਨਿਵਾਸੀਆਂ ਵੱਲੋਂ ਕੌਂਸਲਰ ਸੰਦੀਪ ਸਿੰਘ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਦਾ ਗਲੀ ’ਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਬਜ਼ੁਰਗ ਅਤੇ ਬੱਚੇ ਸਮੇਤ ਰਾਹਗੀਰ ਡਿੱਗ ਰਹੇ ਹਨ ਅਤੇ ਜ਼ਖਮੀ ਹੋ ਰਹੇ ਹਨ। ਬਰਸਾਤ ਦੇ ਮੌਸਮ ਦੌਰਾਨ ਸਥਿਤੀ ਹੋਰ ਵੀ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਸਿਰਫ਼ ਦੋ ਮਜ਼ਦੂਰਾਂ ਨੂੰ ਕੰਮ ’ਤੇ ਰੱਖ ਰਿਹਾ ਹੈ, ਜੋ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਹਨ। ਠੇਕੇਦਾਰ ਨੇ ਕੰਮ ਦਾ ਨਿਰੀਖਣ ਕਰਨ ਲਈ ਇਕ ਵਾਰ ਵੀ ਗਲੀ ਦਾ ਦੌਰਾ ਨਹੀਂ ਕੀਤਾ। ਕੌਂਸਲਰ ਵੀ ਇਲਾਕੇ ਨੂੰ ਨਜ਼ਰ-ਅੰਦਾਜ਼ ਕਰ ਰਿਹਾ ਹੈ ਅਤੇ ਕੋਈ ਜਵਾਬ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੌਂਸਲਰ ਅਤੇ ਵਿਧਾਇਕ ਸੋਮਵਾਰ ਤੱਕ ਕੰਮ ਨੂੰ ਤੇਜ਼ ਨਹੀਂ ਕਰਦੇ ਅਤੇ ਪੂਰਾ ਨਹੀਂ ਕਰਦੇ, ਤਾਂ ਉਹ ਮੰਗਲਵਾਰ ਨੂੰ ਵਿਧਾਇਕ ਅਤੇ ਕੌਂਸਲਰ ਦੇ ਪੁਤਲੇ ਸਾੜ ਕੇ ਵਿਰੋਧ ਪ੍ਰਦਰਸ਼ਨ ਕਰਨਗੇ।