ਚਾਰ ਕਿੱਲੋਗਾਮ ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ
ਚਾਰ ਕਿੱਲੋਗਾਮ ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ
Publish Date: Sun, 05 Apr 2026 05:42 PM (IST)
Updated Date: Mon, 06 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਚਾਰ ਕਿਲੋਗ੍ਰਾਮ ਤੇਰਾਂ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਸੁਲਤਾਨਵਿੰਡ ਪੁਲਿਸ ਥਾਣੇ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਇਕ ਵਿਦੇਸ਼ੀ ਹੈਂਡਲਰ ਨਾਲ ਮਿਲ ਕੇ ਦੁਆਬਾ ਅਤੇ ਮਾਝਾ ਖੇਤਰਾਂ ਵਿਚ ਵੱਡਾ ਹੈਰੋਇਨ ਨੈੱਟਵਰਕ ਚਲਾ ਰਹੇ ਸਨ, ਜਿਸ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਸੀਪੀ ਨੇ ਅੱਗੇ ਕਿਹਾ ਕਿ ਹੋਰ ਗਿਰੋਹ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਲੋਪੋਕੇ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਬੋਪਾਰਾਏ ਕਲਾਂ ਦੇ ਰਹਿਣ ਵਾਲੇ ਸਵਿੰਦਰ ਸਿੰਘ ਉਰਫ਼ ਸੁੰਦਰੀ ਅਤੇ ਫਗਵਾੜਾ ਦੇ ਰਹਿਣ ਵਾਲੇ ਆਤਿਸ਼ ਸੁਮਨ ਵਜੋਂ ਕੀਤੀ ਹੈ। ਸੁਮਨ ਵਿਰੁੱਧ ਕਪੂਰਥਲਾ ਵਿਚ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਸਵਿੰਦਰ ਸੁੰਦਰੀ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹੈ, ਜਿਸ ਵਿਰੁੱਧ ਲੋਪੋਕੇ ਪੁਲਿਸ ਥਾਣੇ ਵਿਚ ਇਕ ਕੇਸ ਦਰਜ ਹੈ। ਸਵਿੰਦਰ ਸਿੰਘ ਪੇਸ਼ੇ ਤੋਂ ਇਕ ਕਾਰ ਡਰਾਈਵਰ ਹੈ, ਜਦੋਂ ਕਿ ਸੁਮਨ ਇਕ ਮਸ਼ਹੂਰ ਮੋਟਰ ਕੰਪਨੀ ਲਈ ਕੰਮ ਕਰਦਾ ਹੈ।
ਦੋਵੇਂ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ ਨਾਲ, ਦੁਆਬਾ ਅਤੇ ਮਾਝਾ ਵਿਚ ਹੈਰੋਇਨ ਸਪਲਾਈ ਕਰ ਰਹੇ ਹਨ। ਜ਼ਬਤ ਕੀਤੀ ਗਈ ਖੇਪ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਸੁੱਟੀ ਸੀ। ਮੁਲਜ਼ਮ ਇਸ ਨੂੰ ਚੁੱਕ ਕੇ ਸਪਲਾਈ ਕਰਨ ਲਈ ਨਿਕਲੇ ਸਨ। ਜਾਣਕਾਰੀ ਦੇ ਅਧਾਰ ’ਤੇ ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਸੁਲਤਾਨਵਿੰਡ ਖੇਤਰ ਵਿਚ ਦੋਵਾਂ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਦੌਰਾਨ ਚਾਰ ਕਿਲੋਗ੍ਰਾਮ ਤੇਰਾਂ ਗ੍ਰਾਮ ਹੈਰੋਇਨ ਬਰਾਮਦ ਹੋਈ।