ਹੋਟਲ ’ਚੋਂ ਔਰਤ ਦੀ ਲਾਸ਼ ਮਿਲੀ
ਹੋਟਲ ’ਚ ਔਰਤ ਦੀ ਲਾਸ਼ ਮਿਲੀ
Publish Date: Tue, 31 Mar 2026 07:57 PM (IST)
Updated Date: Wed, 01 Apr 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੰਗਲਵਾਰ ਸਵੇਰੇ ਪੁਲਿਸ ਥਾਣਾ ਬੀ ਡਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਹੈਰੀਟੇਜ ਸਟਰੀਟ ਤੇ ਹੋਟਲ ’ਚ ਇਕ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ। ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਤੇ ਪੋਸਟਮਾਰਟਮ ਦੀ ਕਰਵਾਈ ਕੀਤੀ ਜਾ ਰਹੀ ਹੈ। ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਕ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ। ਹੋਟਲ ਦੇ ਕਮਰੇ ਤੋਂ ਕਈ ਸਬੂਤ ਇਕੱਠੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਔਰਤ ਦੀ ਪਛਾਣ ਤਮੰਨਾ ਉਰਫ਼ ਮੋਨਿਕਾ ਵਜੋਂ ਹੋਈ ਹੈ, ਜੋ ਗੁਰੂ ਨਾਨਕ ਪੁਰਾ ਦੀ ਰਹਿਣ ਵਾਲੀ ਹੈ। ਉਹ ਤਿੰਨ ਦਿਨ ਪਹਿਲਾਂ ਹੋਟਲ ਆਈ ਸੀ। ਹੋਟਲ ਦੇ ਰਿਕਾਰਡ ਵਿਚ ਕਮਰਾ ਵੀ ਮੋਨਿਕਾ ਦੇ ਨਾਮ ਤੇ ਦਰਜ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਮੋਨਿਕਾ ਦਾ ਆਪਣੇ ਪਤੀ ਨਾਲ ਝਗੜਾ ਸੀ ਤੇ ਉਹ ਆਪਣੇ ਪਤੀ ਤੇ ਪੁੱਤਰ ਤੋਂ ਵੱਖ ਰਹਿ ਰਹੀ ਸੀ। ਸੀਸੀਟੀਵੀ ਫੁਟੇਜ ਵੀ ਜ਼ਬਤ ਕਰ ਲਈ ਗਈ ਹੈ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਮੋਨਿਕਾ ਹੋਟਲ ’ਚ ਇਕੱਲੀ ਆਈ ਸੀ। ਪੁਲਿਸ ਨੇ ਮੋਨਿਕਾ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਹੈ। ਸਰੀਰ ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ। ਪੁਲਿਸ ਇਸ ਨੂੰ ਸ਼ੱਕੀ ਮੌਤ ਦਾ ਮਾਮਲਾ ਦੱਸ ਰਹੀ ਹੈ।