ਵਿਦੇਸ਼ ਭੇਜਣ ਦੇ ਨਾਂ 'ਤੇ 17.89 ਲੱਖ ਦੀ ਠੱਗੀ
ਵਿਦੇਸ਼ ਭੇਜਣ ਦੇ ਨਾਂ 'ਤੇ 17.89 ਲੱਖ ਦੀ ਠੱਗੀ
Publish Date: Tue, 31 Mar 2026 07:28 PM (IST)
Updated Date: Wed, 01 Apr 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀ ਡਵੀਜ਼ਨ ਥਾਣੇ ਦੀ ਪੁਲਿਸ ਨੇ ਜਵਾਹਰ ਨਗਰ, ਲੁਧਿਆਣਾ ਦੇ ਰਹਿਣ ਵਾਲੇ ਅਜੈ ਕੁਮਾਰ ਦੀ ਪਤਨੀ ਰੀਨਾ ਕੁਮਾਰੀ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਤਹਿਤ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਔਰਤ ਨੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਵਿਦੇਸ਼ ਵਿਚ ਨੌਕਰੀ ਦਿਵਾਉਣ ਦੇ ਬਦਲੇ ਉਸ ਤੋਂ 17.89 ਲੱਖ ਰੁਪਏ ਲਏ। ਏਸੀਪੀ ਅਨੁਭਵ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਿਊ ਗੁਰਨਾਮ ਨਗਰ ਵਾਸੀ ਸੁਖਦੇਵ ਸਿੰਘ ਨੇ ਬੀ ਡਵੀਜ਼ਨ ਪੁਲਿਸ ਨੂੰ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਕੁਝ ਸਾਲ ਪਹਿਲਾਂ ਔਰਤ ਨੂੰ ਮਿਲਿਆ ਸੀ। ਮੁਲਜ਼ਮ ਔਰਤ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਇਕ ਟ੍ਰੈਵਲ ਏਜੰਟ ਹੈ ਤੇ ਉਸ ਨੇ ਕਈ ਨੌਜਵਾਨਾਂ ਨੂੰ ਵਿਦੇਸ਼ ਵਿਚ ਚੰਗੀਆਂ ਨੌਕਰੀਆਂ ਦਿਵਾਈਆਂ ਹਨ। ਔਰਤ ਨੇ ਕਿਹਾ ਕਿ ਜੇਕਰ ਉਸ ਦਾ ਕੋਈ ਰਿਸ਼ਤੇਦਾਰ ਹੈ, ਤਾਂ ਉਹ ਉਨ੍ਹਾਂ ਨੂੰ ਵਿਦੇਸ਼ ਵਿਚ ਸੈਟਲ ਹੋਣ ਵਿੱਚ ਮਦਦ ਕਰ ਸਕਦੀ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਲਾਬ ਸਿੰਘ ਤੇ ਰਿਸ਼ਤੇਦਾਰ ਪਲਵਿੰਦਰ ਸਿੰਘ ਆਸਟ੍ਰੇਲੀਆ ਜਾਣ ਵਿਚ ਦਿਲਚਸਪੀ ਰੱਖਦੇ ਸਨ। ਉਸ ਨੇ ਰੀਨਾ ਕੁਮਾਰੀ ਨਾਲ ਦੋਵਾਂ ਨੌਜਵਾਨਾਂ ਬਾਰੇ ਗੱਲ ਕੀਤੀ। ਔਰਤ ਨੇ ਕਿਹਾ ਕਿ ਉਹ ਉਨ੍ਹਾਂ ਤੋਂ ਵਿਦੇਸ਼ ਭੇਜਣ ਲਈ 18 ਲੱਖ ਰੁਪਏ ਲਵੇਗੀ। ਹਾਲਾਕਿ ਬਾਅਦ ’ਚ ਮਾਮਲਾ 17.89 ਰੁਪਏ ’ਚ ਤੈਅ ਕੀਤਾ ਗਿਆ। ਉਨ੍ਹਾਂ ਕਿਸੇ ਤਰ੍ਹਾਂ ਪੈਸੇ ਦਾ ਪ੍ਰਬੰਧ ਕਰਕੇ ਔਰਤ ਨੂੰ ਦੇ ਦਿੱਤਾ। ਰੀਨਾ ਨੇ ਵੀਜ਼ਾ ਪ੍ਰਾਪਤ ਕਰਨ ਲਈ ਦੋਵਾਂ ਨੌਜਵਾਨਾਂ ਦੇ ਪਾਸਪੋਰਟ ਵੀ ਆਪਣੇ ਕਬਜ਼ੇ ਵਿਚ ਲੈ ਲਏ ਸਨ। ਹੁਣ ਕਈ ਦਿਨਾਂ ਬਾਅਦ ਔਰਤ ਨਾ ਤਾਂ ਪਾਸਪੋਰਟ ਵਾਪਸ ਕਰ ਰਹੀ ਹੈ ਤੇ ਨਾ ਹੀ ਵਿਦੇਸ਼ ਭੇਜ ਰਹੀ ਹੈ। ਜਦੋਂ ਪੈਸੇ ਤੇ ਪਾਸਪੋਰਟ ਮੰਗੇ ਗਏ ਤਾਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।