ਲੋਕਾਂ ਦਾ ‘ਆਪ’ ਸਰਕਾਰ ਤੋਂ ਭਰੋਸਾ ਉੱਠਿਆ: ਮਜੀਠੀਆ
ਲੋਕਾਂ ਦਾ ‘ਆਪ’ ਸਰਕਾਰ ਤੋਂ ਭਰੋਸਾ ਉੱਠ ਚੁੱਕਾ : ਮਜੀਠੀਆ
Publish Date: Tue, 17 Feb 2026 04:21 PM (IST)
Updated Date: Tue, 17 Feb 2026 04:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਦੌਰਾਨ ਪੁਤਲੀਘਰ ਸਰਕਲ ਤੋਂ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਅਤੇ ਤਰਸੇਮ ਸਿੰਘ ਚੰਗਿਆੜਾ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਕਿਹਾ ਕਿ ਮਜੀਠੀਆ ਦੇ ਆਉਣ ਨਾਲ ਪਾਰਟੀ ਦੇ ਵਰਕਰਾਂ ਵਿਚ ਜੋਸ਼ ਭਰ ਗਿਆ ਹੈ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਲੋਕ ਜਿਹੜੀ ਕਾਨੂੰਨ ਵਿਵਸਥਾ ਅਤੇ ਸਰਵਪੱਖੀ ਵਿਕਾਸ ਦਾ ਮਾੜਾ ਹਾਲ ਵੇਖ ਰਹੇ ਹਨ, ਉਸ ਨਾਲ ਲੋਕਾਂ ਦਾ ਭਰੋਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਆਪ’ ਸਰਕਾਰ ਤੋਂ ਪੂਰੀ ਤਰ੍ਹਾਂ ਉੱਠ ਗਿਆ ਹੈ ਅਤੇ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਜਿਹੜੀਆਂ ਸਹੂਲਤਾਂ ਤੇ ਲੋਕ ਭਲਾਈ ਦੇ ਕੰਮ ਪਿਛਲੀ ਬਾਦਲ ਸਰਕਾਰ ਨੇ ਕੀਤੇ ਸਨ ਉਸ ਦੇ ਮੁਕਾਬਲੇ ਹੁਣ ਮੌਜੂਦਾ ਸਮੇਂ ਚ ਸੂਬੇ ਦੀ ਆਰਥਿਕ ਤੇ ਸਮਾਜਿਕ ਸਥਿਤੀ ਪੁਰੀ ਤਰਾਂ ਡਾਵਾਂਡੋਲ ਹੋ ਗਈ ਹੈ, ਜਿਸ ਦੀ ਜਿੰਮੇਵਾਰ ਪੰਜਾਬ ਵਿਚਲੀ ਆਪ ਸਰਕਾਰ ਹੈ। ਗੋਰਾ ਰੰਧਾਵਾ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿਚ ਸੁਰੱਖਿਅਤ ਹੈ ਕਿਉਂਕਿ ਇਹ ਪਾਰਟੀ ਸਾਰੇ ਵਰਗਾਂ ਦੇ ਹਿੱਤ ਵਿਚ ਹੈ ਅਤੇ ਮੌਜੂਦਾ ਸਮੇਂ ਚ ਅਕਾਲੀ ਪਾਰਟੀ ਦੀ ਹਰਮਨ ਪਿਆਰਤਾ ਬਹੁਤ ਜਿਆਦਾ ਵੱਧ ਗਈ ਹੈ। ਇਸ ਮੌਕੇ ਤਰਸੇਮ ਸਿੰਘ ਚੰਗਿਆੜਾ, ਦਿਲਬਾਗ ਸਿੰਘ ਰੱਤੋਕੇ, ਯੁਵਰਾਜ ਗੁਮਟਾਲਾ, ਅਜੇ, ਰਾਹੁਲ ਖੋਸਲਾ, ਭਜਨ ਸਿੰਘ ਮਾਹਲ ਆਦਿ ਹਾਜ਼ਰ ਸਨ।