ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ
ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ
Publish Date: Tue, 17 Feb 2026 03:59 PM (IST)
Updated Date: Tue, 17 Feb 2026 04:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ 65 ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਤਲੀਘਰ ਸਰਕਲ ਤੋਂ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਦੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਰਣੀਕੇ ਨੇ ਕਿਹਾ ਕਿ ਸਾਡੀ ਪਾਰਟੀ ਦੇ ਹੋਣਹਾਰ ਤੇ ਮਿਹਨਤੀ ਵਰਕਰ ਗੋਰਾ ਰੰਧਾਵਾ ਵਲੋਂ ਦਿੱਤੇ ਨਿੱਘੇ ਸੱਦੇ ਤਹਿਤ ਉਹ ਇਸ ਸਮਾਗਮ ਦਾ ਹਿੱਸਾ ਬਣੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸਮਾਗਮਾਂ ਵਿਚ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਵਰਕਰਾਂ ਦਾ ਵੀ ਹੌਂਸਲਾ ਅਫਜ਼ਾਈ ਹੁੰਦੀ ਹੈ ਅਤੇ ਸਾਨੂੰ ਵੀ ਗੁਰੂ ਦੀ ਪਿਆਰੀ ਸੰਗਤ ਦੇ ਸਨਮੁੱਖ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਦੌਰਾਨ ਸਰਕਲ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਵਲੋਂ ਗੁਲਜਾਰ ਸਿੰਘ ਰਣੀਕੇ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਜਦ ਕਿ ਹੋਰਨਾਂ ਸ਼ਖਸੀਅਤਾਂ ਨੂੰ ਵੀ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਰਣੀਕੇ ਨੇ ਸਥਾਨਕ ਵਰਕਰਾਂ ਤੇ ਆਗੂਆਂ ਨਾਲ ਨਿੱਜੀ ਤੌਰ ’ਤੇ ਮੀਟਿੰਗ ਵੀ ਕੀਤੀ ਅਤੇ ਚੋਣਾਂ ਸਬੰਧੀ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਹੈ ਅਤੇ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਪਹੁੰਚੀਆਂ ਸ਼ਖਸੀਅਤਾਂ ਅਤੇ ਗੁਲਜਾਰ ਸਿੰਘ ਰਣੀਕੇ ਦਾ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਸਿੰਘ ਚੰਗਿਆੜਾ, ਦਿਲਬਾਗ ਸਿੰਘ ਰੱਤੋਕੇ, ਯੁਵਰਾਜ ਗੁਮਟਾਲਾ, ਅਜੇ, ਰਾਹੁਲ ਖੋਸਲਾ, ਭਜਨ ਸਿੰਘ ਮਾਹਲ ਆਦਿ ਹਾਜ਼ਰ ਸਨ।