ਮਲਵਿੰਦਰ ਦੀ ਪੁਸਤਕ 'ਸੰਵਾਦ ਸਮੀਖਿਆ' ਲੋਕ ਅਰਪਣ
ਮਲਵਿੰਦਰ ਦੀ ਪੁਸਤਕ 'ਸੰਵਾਦ ਸਮੀਖਿਆ' ਲੋਕ ਅਰਪਣ ਕੀਤੀ
Publish Date: Sat, 14 Feb 2026 04:10 PM (IST)
Updated Date: Sat, 14 Feb 2026 04:12 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਕਿਤਾਬ ਬੋਲਦੀ ਹੈ ਪੜ੍ਹੋ ਤੇ ਵਧੋ ਮੁਹਿੰਮ ਦੇ ਮਿਸ਼ਨ ਹੇਠ ਪਾਠਕ ਨੂੰ ਪੁਸਤਕ ਤੇ ਪੁਸਤਕਾਲਾ ਨਾਲ ਜੋੜਣ ਤਹਿਤ ਜ਼ਿਲ੍ਹਾ ਲਾਇਬ੍ਰੇਰੀ ਵਿਖ਼ੇ ਲੇਖਕ ਮਲਵਿੰਦਰ ਦੀ ਪੁਸਤਕ ਸੰਵਾਦ ਸਮੀਖਿਆ ਦਾ ਲੋਕ ਅਰਪਣ ਕੀਤਾ ਗਿਆ । ਪੁਸਤਕ ਸੰਵਾਦ ਸਮੀਖਿਆ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਪ੍ਰਭਜੋਤ ਕੌਰ ਸੰਧੂ ਹੋਰਾਂ ਨੇ ਪਾਠਕਾਂ, ਲੇਖਕਾਂ ਨੂੰ ਕਿਤਾਬ ਬੋਲਦੀ ਹੈ ਪੜ੍ਹੋ ਅਤੇ ਵਧੋ ਮੁਹਿੰਮ ਨਾਲ ਜੁੜਣ ਲਈ ਬੇਨਤੀ ਕੀਤੀ ਅਤੇ ਇਸ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੁਹਿੰਮ ਦਾ ਮਿਸ਼ਨ ਪਾਠਕ ਨੂੰ ਉਸ ਦੀ ਪੁਸਤਕ ਨਾਲ ਮੇਲ ਕਰਾਉਣਾ ਅਤੇ ਕਿਤਾਬ ਨਾਲ ਸਾਂਝ ਨੂੰ ਤਾਉਮਰ ਬਰਕਰਾਰ ਰੱਖਣ ਲਈ ਲਾਈਬ੍ਰੇਰੀ ਨਾਲ ਪੱਕਾ ਰਿਸ਼ਤਾ ਬਣਾਉਣਾ ਹੈ। ਇਸ ਵਾਸਤੇ - ਲਗਾਤਾਰ ਪੁਸਤਕ ਲੋਕ ਅਰਪਣ, ਲੇਖਕ ਰੂਬਰੂ, ਸੈਮੀਨਾਰ,ਪੁਸਤਕ ਲੰਗਰ, ਲਾਈਬ੍ਰੇਰੀਆ ਖੋਲਣਾ, ਪੜ੍ਹਨ ਰੌਚਿਕ ਤੇ ਕਈ ਹੋਰ ਗਤੀਵਿਧੀਆ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਾਰਿਆ ਨੂੰ ਇਸ ਸੁਨੇਹੇ ਨਾਲ ਹਮੇਸ਼ਾ ਵਾਸਤੇ ਜੁੜ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਣ ਦੀ ਅਪੀਲ ਕੀਤੀ। ਡਾ. ਪ੍ਰਭਜੋਤ ਕੌਰ ਸੰਧੂ ਹੋਰਾਂ ਮਲਵਿੰਦਰ ਦੀ ਪੁਸਤਕ ਸੰਵਾਦ ਸਮੀਖਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਅਜੇ ਸਾਰੀ ਪੁਸਤਕ ਨਹੀਂ ਪੜੀ ਪਰ ਕੁਝ ਇੰਟਰਵਿਊ ਅਤੇ ਲੇਖ ਪੜ੍ਹੇ ਹਨ, ਜਿਨਾਂ ਨੂੰ ਪੜ੍ਹ ਕੇ ਉਨ੍ਹਾਂ ਨੂੰ ਲੇਖਕ ਵਿੱਚ ਡੂੰਘੀ ਸੁਣਨ-ਸ਼ਕਤੀ ਦਿਖੀ ਅਤੇ ਇਹ ਕਿਤਾਬ ਲੇਖਕ ਦੀ ਸੰਕਲਪਿਕ ਵੰਨ-ਸੁਵੰਨਤਾ ਵੀ ਦਰਸਾਉਂਦੀ ਹੈ - ਜਿਵੇਂ ਲੇਖਕ ਨੇ ਪਹਿਲੇ ਕਵਿਤਾ ਦੀਆਂ ਪੁਸਤਕਾਂ ਅਤੇ ਹੁਣ ਸੰਵਾਦ ਸਮੀਖਿਆ ਦੀ ਪੁਸਤਕ ਲਿਖਣਾ। ਮਲਵਿੰਦਰ ਦੀ ਸੰਵਾਦ ਸਮੀਖਿਆ ਦੱਸਦੀ ਹੈ ਕਿ ਉਹ ਹਰ ਲਹਿਜੈ ਵਿੱਚ ਮਾਹਰ ਹਨ। ਇਸ ਚਰਚਾ ਨੂੰ ਅੱਗੇ ਵਧਾਉਂਦਿਆਂ ਅਰਤਿੰਦਰ ਸੰਧੂ ਅਤੇ ਸਰਬਜੀਤ ਸਿੰਘ ਸੰਧੂ ਹੋਰਾਂ ਕਿਹਾ ਕਿ ਵੱਖ-ਵੱਖ ਸ਼ਖ਼ਸੀਅਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲਵਿੰਦਰ ਸਹਿਜ ਰਹਿੰਦਾ ਹੈ। ਪੁਸਤਕਾਂ ਦੀ ਸਮੀਖਿਆ ਕਰਦਿਆਂ ਉਹ ਸਬੰਧਤ ਸ਼ਾਇਰ, ਲੇਖਕ ਦਾ ਵਿਅਕਤੀਗਤ ਬਿਰਤਾਂਤ ਵੀ ਸਿਰਜਦਾ ਹੈ, ਉਸ ਦੀ ਭਾਸ਼ਾ ਕਾਵਿਕ ਰਹਿੰਦੀ ਹੈ ਜਿਸਦਾ ਪਾਠਕ ਉਪਰ ਇੱਕ ਆਪਣਾ ਪ੍ਰਭਾਵ ਪੈਂਦਾ ਹੈ। ਵਿਸ਼ੇਸ਼ ਮਹਿਮਾਨ ਪਿੰ੍ਰਸੀਪਲ ਕਿਰਨਜੀਤ ਬੱਲ ਨੇ ਅਜਿਹੇ ਸਮਾਗਮ ਰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋ. ਵੰਦਨਾ ਬਜਾਜ, ਜਿਹਨਾਂ ਕੋਲ ਲਾਇਬ੍ਰੇਰੀ ਦਾ ਵਾਧੂ ਚਾਰਜ ਹੈ, ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਰਾਜਬੀਰ ਗਰੇਵਾਲ ਨੇ ਬਾਖੂਬੀ ਨਿਭਾਇਆ। ਇਸ ਭਰਵੇਂ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕੁਲਬੀਰ ਸਿੰਘ ਸੂਰੀ, ਐੱਸ ਪ੍ਰਸ਼ੋਤਮ, ਪ੍ਰਿੰ. ਹਰਪ੍ਰੀਤ ਕੌਰ, ਅਨਿਲ ਖੰਨਾ,ਜਸਵਿੰਦਰ ਕੌਰ ਰਾਬਤਾ-ਮੁਕਾਲਮਾ ਕਾਵਿ ਮੰਚ ਦੇ ਦੋਸਤ ਜਗਤਾਰ ਗਿੱਲ, ਹਰਜੀਤ ਸਿੰਘ ਸੰਧੂ, ਮੋਹਨ ਬੇਗੋਵਾਲ, ਡਾ ਭੁਪਿੰਦਰ ਸਿੰਘ ਫੇਰੂਮਾਨ, ਬਲਜਿੰਦਰ ਮਾਂਗਟ, ਸਤਿੰਦਰ ਓਠੀ, ਜਸਵੰਤ ਧਾਪ ਅਤੇ ਤਰਸੇਮ ਲਾਲ ਬਾਵਾ ਆਦਿ ਹਾਜ਼ਰ ਸਨ।