ਸੜਕਾਂ ਦੇ ਕੰਢੇ ਉੱਗੀ ਬੂਟੀ ਚੋਰਾਂ ਤੇ ਨਸ਼ੇੜੀਆਂ ਦਾ ਬਣੀ ਅੱਡਾ
ਲੱਖਾ ਸਿੰਘ ਪਲਾਟਾ ਤੋਂ ਦੋਬੁਰਜੀ ਤੱਕ ਸੜਕਾਂ ਦੇ ਕੰਢੇ ਉਘੀ ਬੂਟੀ ਚੋਰਾਂ ਤੇ ਨਸ਼ੇੜੀਆਂ ਦਾ ਬਣੀ ਅੱਡਾ
Publish Date: Sun, 18 Jan 2026 05:16 PM (IST)
Updated Date: Sun, 18 Jan 2026 05:19 PM (IST)
- ਬੂਟੀ ਕਾਰਨ ਲੋਕਾਂ ਦਾ ਲੰਘਣਾ ਵੀ ਹੋਇਆ ਔਖਾ
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ
ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਵਾਰਡ ਨੰਬਰ 36 ਦੇ ਇਲਾਕਾ ਲੱਖਾ ਸਿੰਘ ਪਲਾਟਾ ਦੇ ਮੇਨ ਰੋਡ ਸੜਕ ਦੇ ਦੋਵਾਂ ਪਾਸੇ ਉੱਘੀ ਬੂਟੀ ਚੋਰਾਂ ਤੇ ਨਸ਼ੇੜੀਆਂ ਦਾ ਅੱਡਾ ਬਣੀ ਹੈ, ਜਿਸ ਕਾਰਨ ਲੋਕਾਂ ਦਾ ਰਾਤ ਸਮੇਂ ਲੰਘਣਾ ਔਖਾ ਹੋ ਗਿਆ ਹੈ। ਹਲਕਾ ਦੱਖਣੀ ਦੇ ਕਈ ਵਾਰਡਾਂ ਵਿਚ ਸੜਕ ਦੇ ਦੋਵਾਂ ਪਾਸੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲ ਰਹੀ ਹੈ, ਪਰ ਵਾਰਡ ਨੰਬਰ 36 ਦੇ ਇਸ ਰੋਡ ਵੱਲ ਕਿਸੇ ਰਾਜਨੀਤਿਕ ਆਗੂ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਭਾਵੇਂ ਅਕਾਲੀ ਬੀਜੇਪੀ ਦੀ ਸਰਕਾਰ ਵੇਲੇ ਸੁਲਤਾਨਵਿੰਡ ਪਿੰਡ ਨੂੰ ਕਰੋੜਾਂ ਰੁਪਏ ਲਗਾ ਕੇ ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਆਦਿ ਦੀ ਸ਼ੁਰੂਆਤ ਕੀਤੀ ਗਈ ਤੇ ਕਾਂਗਰਸ ਦੀ ਸਰਕਾਰ ਸਮੇਂ ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ ਪਾਰਟੀ ਵੱਲੋਂ ਹਲਕਾ ਦੱਖਣੀ ਤੋਂ ਵਿਧਾਇਕ ਜਿੱਤੇ ਸਨ। ਉਸ ਸਮੇਂ ਇੰਦਰਬੀਰ ਬੁਲਾਰੀਆ ਨੇ ਇਸ ਪ੍ਰਾਜੈਕਟ ਨੂੰ ਤੇਜ਼ ਰਫਤਾਰ ਨਾਲ ਕਰਵਾਇਆ। 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਨ ਉਪਰੰਤ ਹਲਕਾ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਜਰ ਵਿਧਾਇਕ ਬਣੇ ਸਨ ਤੇ ਲੋਕਾਂ ਦੀ ਸਹੂਲਤ ਲਈ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਵਾ ਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਹੱਲ ਕਰਵਾਇਆ ਸੀ। ਪਰ ਹੁਣ ਲੱਖਾ ਸਿੰਘ ਪਲਾਟਾ ਦੇ ਰੋਡ ਦੋਵਾਂ ਪਾਸੇ ਦੋਬੁਰਜੀ ਤਕ ਬੂਟੀ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਸਵੇਰ ਵੇਲੇ ਸੈਰ ਕਰਦੇ ਲੋਕਾਂ ਨੇ ਦੱਸਿਆ ਕਿ ਜਦੋਂ ਸਵੇਰ ਵੇਲੇ ਸੈਰ ਕਰਨ ਆਉਂਦੇ ਹਨ ਤਾਂ ਲੰਘਣ ਲੱਗਿਆ ਡਰ ਲੱਗਦਾ ਹੈ ਕਿ ਕੋਈ ਜੰਗਲੀ ਜਾਨਵਰ ਨਾ ਨਿਕਲ ਆਵੇ। ਉਨ੍ਹਾਂ ਨੇ ਹਲਕਾ ਵਿਧਾਇਕ ਇੰਦਰਬੀਰ ਨਿੱਜਰ ਨੂੰ ਅਪੀਲ ਕੀਤੀ ਕਿ ਇਸ ਇਲਾਕੇ ਵੱਲ ਖਾਸ ਕਰ ਕੇ ਧਿਆਨ ਦੇਣ ਦੀ ਲੋੜ ਹੈ। ਰਾਤ ਦੇ ਸਮੇਂ ਨਸ਼ੇੜੀ ਤੇ ਚੋਰ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।
- ਜਲਦੀ ਬੂਟੀ ਕਟਵਾ ਕੇ ਟਾਈਲਾਂ ਲਗਵਾਈਆਂ ਜਾਣਗੀਆਂ : ਕੌਂਸਲਰ ਅਸ਼ੋਕ ਕੁਮਾਰ
ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 36 ਦੇ ਕੌਂਸਲਰ ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਨੇ ਲੱਖਾ ਸਿੰਘ ਪਲਾਟਾ ਤੋਂ ਲੈ ਕੇ ਦੋਬੁਰਜੀ ਤਕ ਦੋਵਾਂ ਸਾਈਡਾਂ ’ਤੇ ਉੱਗੀ ਬੂਟੀ ਨੂੰ ਜਲਦੀ ਕਟਵਾ ਦਿੱਤਾ ਜਾਵੇਗਾ। ਇਸ ਮਸਲੇ ਨੂੰ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਧਿਆਨ ਵਿਚ ਲਿਆ ਕੇ ਦੋਵਾਂ ਸਾਈਡਾਂ ’ਤੇ ਟਾਈਲਾਂ ਲਗਵਾਈਆਂ ਜਾਣਗੀਆਂ।