
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਤਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਮਨੋਜ ਨੂੰ ਨਾਲ ਲੈ ਕੇ ਜਦੋਂ ਕੇਂਦਰੀ ਜੇਲ੍ਹ ਦੇ ਲਾਗੇ ਪਹੁੰਚੀ ਤਾਂ ਉਸ ਨੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਨਸ਼ੀਲੇ ਪਦਾਰਥ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਤਲਾਸ਼ੀ ਲੈ ਕੇ ਬਰਾਮਦਗੀ ਕੀਤੀ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ: ਘੰਟਾ ਘਰ ਨੇੜੇ 17 ਅਗਸਤ ਦੀ ਰਾਤ ਫੋਟੋਗ੍ਰਾਫਰ ਦੀ ਗਰਦਨ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਕਾਬੂ ਕੀਤੇ ਮੁਲਜ਼ਮ ਮਨੋਜ ਕੁਮਾਰ ਦੀ ਨਿਸ਼ਾਨਦੇਹੀ ’ਤੇ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਦੇ ਪਿਛਲੇ ਪਾਸੇ ਝਾੜੀਆਂ ਵਿੱਚੋਂ 1 ਕਿਲੋ 534.20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਕਤਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਮਨੋਜ ਨੂੰ ਨਾਲ ਲੈ ਕੇ ਜਦੋਂ ਕੇਂਦਰੀ ਜੇਲ੍ਹ ਦੇ ਲਾਗੇ ਪਹੁੰਚੀ ਤਾਂ ਉਸ ਨੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਨਸ਼ੀਲੇ ਪਦਾਰਥ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਤਲਾਸ਼ੀ ਲੈ ਕੇ ਬਰਾਮਦਗੀ ਕੀਤੀ।
ਜਾਣਕਾਰੀ ਅਨੁਸਾਰ 17 ਅਗਸਤ ਦੀ ਰਾਤ ਘੰਟਾ ਘਰ ਨੇੜੇ ਇੱਕ ਫੋਟੋਗ੍ਰਾਫਰ ਦੀ ਗਰਦਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕੀਤੀ ਅਤੇ ਵੱਖ-ਵੱਖ ਟੀਮਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ। ਇਨ੍ਹਾਂ ਵਿੱਚ ਮਨੋਜ ਕੁਮਾਰ ਵੀ ਸ਼ਾਮਲ ਸੀ। ਪੁਲਿਸ ਵੱਲੋਂ ਕਤਲ ਮਾਮਲੇ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਪੁੱਛਗਿੱਛ ਦੌਰਾਨ ਮਨੋਜ ਕੁਮਾਰ ਨੂੰ ਨਾਲ ਲੈ ਕੇ ਪੁਲਿਸ ਟੀਮ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਦੇ ਪਿਛਲੇ ਪਾਸੇ ਪਹੁੰਚੀ। ਪੁਲਿਸ ਅਨੁਸਾਰ ਮਨੋਜ ਦੀ ਨਿਸ਼ਾਨਦੇਹੀ ’ਤੇ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਇਸ ਦੌਰਾਨ ਥਾਣਾ ਡਿਵੀਜ਼ਨ ਨੰਬਰ ਸੱਤ ਅਧੀਨ ਆਉਂਦੀ ਚੌਂਕੀ ਤਾਜਪੁਰ ਰੋਡ ਦੇ ਇੰਚਾਰਜ ਸਹਾਇਕ ਥਾਣੇਦਾਰ ਦਿਨੇਸ਼ ਕੁਮਾਰ ਵੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।
ਬਰਾਮਦਗੀ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਐਨਡੀਪੀਐਸ ਕਾਨੂੰਨ ਦੀਆਂ ਧਾਰਾਵਾਂ ਤਹਿਤ ਵੱਖਰਾ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਮਨੋਜ ਦੇ ਸਾਥੀ ਹਰਮਨ, ਚੇਤਨ ਅਤੇ ਸਾਗਰ ਨੂੰ ਵੀ ਐਨਡੀਪੀਐਸ ਐਕਟ ਦੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਗਿਆ।