Punjab Crime News: ਮੰਡੀ ਗੋਬਿੰਦਗੜ੍ਹ ਦੇ ਨਿੱਜੀ ਹਸਪਤਾਲ ਦੇ ਮਾਲਕ ਦੀ ਖ਼ੁਦਕੁਸ਼ੀ ਮਾਮਲੇ ’ਚ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਸ਼ਹਿਰ ਦੇ ਮਸ਼ਹੂਰ ਨਿਰਮਲ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਐਮਡੀ ਗੁਰਪ੍ਰੀਤ ਸਿੰਘ ਦੇ ਖੁਦਕੁਸ਼ੀ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ ਪੁੱਤਰ ਗਿਆਨ ਸਿੰਘ ਦੇ ਬਿਆਨ ਦੇ ਆਧਾਰ 'ਤੇ, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਬੀਐਨਐਸ ਐਕਟ ਦੀ ਧਾਰਾ 108 ਤਹਿਤ 18 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
Publish Date: Tue, 24 Nov 2026 03:57 PM (IST)
Updated Date: Tue, 24 Nov 2026 04:00 PM (IST)
ਸੰਵਾਦ ਸਹਿਯੋਗੀ, ਜਾਗਰਣ, ਮੰਡੀ ਗੋਬਿੰਦਗੜ੍ਹ। ਸ਼ਹਿਰ ਦੇ ਮਸ਼ਹੂਰ ਨਿਰਮਲ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਐਮਡੀ ਗੁਰਪ੍ਰੀਤ ਸਿੰਘ ਦੇ ਖੁਦਕੁਸ਼ੀ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ ਪੁੱਤਰ ਗਿਆਨ ਸਿੰਘ ਦੇ ਬਿਆਨ ਦੇ ਆਧਾਰ 'ਤੇ, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਬੀਐਨਐਸ ਐਕਟ ਦੀ ਧਾਰਾ 108 ਤਹਿਤ 18 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਡੀਕਲ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਜੀ.ਟੀ. ਰੋਡ, ਮੰਡੀ ਗੋਬਿੰਦਗੜ੍ਹ ਨੇੜੇ ਨਿਰਮਲ ਸੁਪਰ ਸਪੈਸ਼ਲਿਸਟ ਹਸਪਤਾਲ ਬਣਾਇਆ ਸੀ। ਉਨ੍ਹਾਂ ਦੀ ਨੂੰਹ ਅੰਸ਼ੂ ਕੌਰ, ਜੋ ਪੇਸ਼ੇ ਤੋਂ ਡਾਕਟਰ ਹੈ ਅਤੇ ਪੁੱਤਰ ਗੁਰਪ੍ਰੀਤ ਸਿੰਘ ਹਸਪਤਾਲ ਦਾ ਕੰਮਕਾਜ ਸੰਭਾਲ ਰਹੇ ਸਨ।
ਉਨ੍ਹਾਂ ਅਨੁਸਾਰ ਹਸਪਤਾਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੈਸਿਆਂ ਦੀ ਲੋੜ ਸੀ। ਇਸ ਸਬੰਧੀ ਪ੍ਰਵੀਣ, ਮਨੋਜ (ਸੋਨੀਪਤ ਵਾਸੀ), ਭੱਲਾ, ਅਨਿਲ ਗਰਗ, ਮੁਕੇਸ਼, ਵਰੁਣ, ਰਿਤੇਸ਼, ਅੰਕਿਤ, ਰਾਹੁਲ ਬਾਂਸਲ, ਰਿੰਕੂ, ਸਾਹਿਲ ਅਤੇ ਸੰਦੀਪ (ਜ਼ੀਰਕਪੁਰ ਵਾਸੀ), ਪ੍ਰਦੀਪ (ਦਿੱਲੀ ਵਾਸੀ), ਬੀਰ, ਮਨਜੀਤ, ਅਮਰ ਸਿੰਘ ਪੁਨੀਆ, ਅਮਨਦੀਪ ਸਿੰਘ (ਲੁਧਿਆਣਾ ਵਾਸੀ) ਅਤੇ ਸਨੀ ਉਨ੍ਹਾਂ ਦੇ ਪੁੱਤਰ ਦੇ ਸੰਪਰਕ ਵਿੱਚ ਆਏ ਸਨ। ਪਿਤਾ ਮੁਤਾਬਕ ਇਨ੍ਹਾਂ ਵਿਅਕਤੀਆਂ ਤੋਂ ਗੁਰਪ੍ਰੀਤ ਸਿੰਘ ਨੇ ਬੈਂਕ ਵਿਆਜ ’ਤੇ ਪੈਸੇ ਲਏ ਸਨ।
ਖਾਲੀ ਚੈੱਕ ਅਤੇ ਦਸਤਾਵੇਜ਼ ਵਾਪਸ ਨਾ ਕਰਨ ਦੇ ਦੋਸ਼ ਨਿਰਮਲ ਸਿੰਘ ਨੇ ਦੋਸ਼ ਲਗਾਇਆ ਕਿ ਪੈਸੇ ਦੇਣ ਸਮੇਂ ਉਕਤ ਫਾਈਨਾਂਸਰਾਂ ਨੇ ਉਨ੍ਹਾਂ ਦੇ ਪੁੱਤਰ, ਉਨ੍ਹਾਂ ਖ਼ੁਦ ਅਤੇ ਨੂੰਹ ਅੰਸ਼ੂ ਕੌਰ ਦੇ ਦਸਤਖ਼ਤ ਕੀਤੇ ਹੋਏ ਖਾਲੀ ਚੈੱਕ, ਖਾਲੀ ਦਸਤਖ਼ਤ ਕੀਤੇ ਦਸਤਾਵੇਜ਼ ਅਤੇ ਸਟੈਂਪ ਪੇਪਰ ਲੈ ਲਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਹਰਿਆਣਾ, ਪੰਚਕੂਲਾ ਅਤੇ ਦਿੱਲੀ ਆਦਿ ਥਾਵਾਂ ਦੇ ਰਹਿਣ ਵਾਲੇ ਇਹ ਫਾਈਨਾਂਸਰ ਕਥਿਤ ਤੌਰ ’ਤੇ ਗਰੁੱਪ ਬਣਾ ਕੇ ਕੰਮ ਕਰਦੇ ਹਨ।
ਪਿਤਾ ਅਨੁਸਾਰ, ਉਨ੍ਹਾਂ ਦੇ ਪੁੱਤਰ ਨੇ ਫਾਈਨਾਂਸਰਾਂ ਦੀ ਰਕਮ ਵਾਪਸ ਕਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪਰਿਵਾਰ ਤੋਂ ਲਏ ਖਾਲੀ ਚੈੱਕ, ਦਸਤਖ਼ਤ ਕੀਤੇ ਦਸਤਾਵੇਜ਼ ਅਤੇ ਸਟੈਂਪ ਪੇਪਰ ਵਾਪਸ ਨਹੀਂ ਕੀਤੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਫਾਈਨਾਂਸਰਾਂ ਨੇ ਕਥਿਤ ਸਾਜ਼ਿਸ਼ ਤਹਿਤ ਪਹਿਲਾਂ ਨਕਦੀ ਦੇ ਰੂਪ ਵਿੱਚ ਪੈਸੇ ਵਸੂਲ ਕੀਤੇ ਅਤੇ ਬਾਅਦ ਵਿੱਚ ਗੁਰਪ੍ਰੀਤ ਸਿੰਘ ਨੂੰ ਬਿਨਾਂ ਕਿਸੇ ਕਾਰਨ ਬੈਂਕ ਲੈਣ-ਦੇਣ ਰਾਹੀਂ ਵੀ ਪੈਸੇ ਵਾਪਸ ਕਰਨ ਲਈ ਧਮਕਾਇਆ। ਕਥਿਤ ਤੌਰ ’ਤੇ ਉਨ੍ਹਾਂ ਨੇ ਕਿਹਾ ਸੀ ਕਿ ਬੈਂਕ ਰਾਹੀਂ ਪੈਸੇ ਮਿਲਣ ਤੋਂ ਬਾਅਦ ਨਕਦੀ ਵਾਪਸ ਕਰ ਦਿੱਤੀ ਜਾਵੇਗੀ।
ਨਿਰਮਲ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਫਾਈਨਾਂਸਰਾਂ ਨੇ ਜ਼ਬਰਦਸਤੀ ਅਤੇ ਡਰਾ-ਧਮਕਾ ਕੇ ਉਨ੍ਹਾਂ ਦੇ ਪੁੱਤਰ ਦੀ ਬੈਰੋ ਰਾਕ ਗੱਡੀ ਨੰਬਰ PB-11DN-0313 ਅਤੇ ਮਹਿੰਦਰਾ XUV 700 ਨੰਬਰ PB-11AV-0012 ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਸਨ।
21 ਨਵੰਬਰ ਨੂੰ ਹਸਪਤਾਲ ਪਹੁੰਚ ਕੇ ਕੀਤਾ ਮਾਨਸਿਕ ਤੌਰ ’ਤੇ ਪਰੇਸ਼ਾਨ
ਪਿਤਾ ਦੇ ਬਿਆਨ ਮੁਤਾਬਕ, ਬੀਤੀ 21 ਨਵੰਬਰ ਨੂੰ ਉਕਤ ਫਾਈਨਾਂਸਰ ਗਰੁੱਪ ਦੇ ਮੈਂਬਰ ਨਿਰਮਲ ਸੁਪਰ ਸਪੈਸ਼ਲਿਸਟ ਹਸਪਤਾਲ, ਮੰਡੀ ਗੋਬਿੰਦਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਕਥਿਤ ਤੌਰ ’ਤੇ ਗੁਰਪ੍ਰੀਤ ਸਿੰਘ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਘਰ ਆ ਗਿਆ।
ਨਿਰਮਲ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 3:30 ਵਜੇ ਉਨ੍ਹਾਂ ਦੇ ਪੁੱਤਰ ਦਾ ਫ਼ੋਨ ਆਇਆ। ਉਸ ਨੇ ਦੱਸਿਆ ਕਿ ਫਾਈਨਾਂਸਰਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਉਸ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ। ਇਸ ਤੋਂ ਕੁਝ ਸਮੇਂ ਬਾਅਦ ਗੁਰਪ੍ਰੀਤ ਸਿੰਘ ਦੀ ਤਬੀਅਤ ਵਿਗੜਨ ਲੱਗੀ। ਪਹਿਲਾਂ ਉਸ ਨੂੰ ਨਿਰਮਲ ਸੁਪਰ ਸਪੈਸ਼ਲਿਸਟ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਬਾਅਦ ਵਿੱਚ ਇਲਾਜ ਲਈ ਐੱਸ.ਪੀ.ਐੱਸ. ਹਸਪਤਾਲ, ਲੁਧਿਆਣਾ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਕਮਰੇ ਵਿੱਚੋਂ ਮਿਲੇ ਨੋਟ ਵਿੱਚ ਫਾਈਨਾਂਸਰਾਂ ਨੂੰ ਦੱਸਿਆ ਜ਼ਿੰਮੇਵਾਰ ਨਿਰਮਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਕਮਰੇ ਵਿੱਚ ਡ੍ਰੈਸਿੰਗ ਟੇਬਲ ਤੋਂ ਇਕ ਨੋਟ ਮਿਲਿਆ ਹੈ। ਉਨ੍ਹਾਂ ਦੇ ਦਾਅਵੇ ਮੁਤਾਬਕ, ਇਸ ਨੋਟ ਵਿੱਚ ਗੁਰਪ੍ਰੀਤ ਸਿੰਘ ਨੇ ਆਪਣੀ ਮੌਤ ਲਈ ਉਕਤ ਫਾਈਨਾਂਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਿਤਾ ਨੇ ਦੋਸ਼ ਲਗਾਇਆ ਕਿ ਫਾਈਨਾਂਸਰਾਂ ਵੱਲੋਂ ਲਗਾਤਾਰ ਪਰੇਸ਼ਾਨ ਕੀਤੇ ਜਾਣ ਕਾਰਨ ਉਨ੍ਹਾਂ ਦਾ ਪੁੱਤਰ ਇਹ ਕਦਮ ਚੁੱਕਣ ਲਈ ਮਜਬੂਰ ਹੋਇਆ।
ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 18 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।