ਪਰਿਸੀਮਨ ਬਿੱਲ 'ਤੇ YSRCP ਤੋਂ ਬਾਅਦ DMK ਵੀ ਸੰਸਦ 'ਚ NDA ਨੂੰ ਸਮਰਥਨ ਦੇਣ ਲਈ ਤਿਆਰ, ਰੱਖੀਆਂ 2 ਸ਼ਰਤਾਂ
DMK ਦੇ ਇਕ ਸੀਨੀਅਰ ਆਗੂ ਤੋਂ ਪੁੱਛਿਆ ਗਿਆ ਕਿ ਕੀ ਪਾਰਟੀ ਸਾਰੇ ਸੂਬਿਆਂ 'ਚ ਮੌਜੂਦਾ ਸੀਟਾਂ ਦੀ ਗਿਣਤੀ 'ਚ 50 ਫ਼ੀਸਦੀ ਵਾਧੇ ਦਾ ਸਮਰਥਨ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਹਾਂ, ਪਰ ਇਸ ਲਈ ਬਿੱਲ 'ਚ 25 ਸਾਲਾਂ ਤੱਕ ਸੀਟਾਂ ਦੀ ਗਿਣਤੀ 'ਤੇ ਰੋਕ ਅਤੇ ਸਾਰੇ ਸੂਬਿਆਂ ਦੀ ਮੌਜੂਦਾ ਨੁਮਾਇੰਦਗੀ ਦੇ ਪ੍ਰਤੀਸ਼ਤ ਨੂੰ ਬਰਕਰਾਰ ਰੱਖਣ ਦੀ ਵਿਵਸਥਾ ਹੋਣੀ ਚਾਹੀਦੀ ਹੈ।
Publish Date: Fri, 27 Nov 2026 01:53 PM (IST)
Updated Date: Fri, 27 Nov 2026 02:03 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਡੀਐੱਮਕੇ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਡਿਲਿਮਿਟੇਸ਼ਨ ਬਿੱਲ (ਪਰਿਸੀਮਨ ਬਿੱਲ) ਦਾ ਸਮਰਥਨ ਕਰਨ ਲਈ ਸਹਿਮਤੀ ਜਤਾਈ ਹੈ ਪਰ ਇਸ ਲਈ ਦੋ ਪ੍ਰਮੁੱਖ ਸ਼ਰਤਾਂ ਰੱਖੀਆਂ ਹਨ।
ਟਾਈਮਜ਼ ਆਫ ਇੰਡੀਆ (TOI) ਦੀ ਰਿਪੋਰਟ ਮੁਤਾਬਕ, ਜਦੋਂ ਹਾਲ ਹੀ 'ਚ ਭਾਜਪਾ ਨੇ ਇਸ ਮੁੱਦੇ 'ਤੇ ਡੀਐੱਮਕੇ ਨਾਲ ਸੰਪਰਕ ਕੀਤਾ ਤਾਂ ਪਾਰਟੀ ਲੀਡਰਸ਼ਿਪ ਨੇ ਮੰਗ ਕੀਤੀ ਕਿ ਸੰਸਦ 'ਚ ਤਮਿਲਨਾਡੂ ਦੀ ਨੁਮਾਇੰਦਗੀ ਦਾ ਮੌਜੂਦਾ ਪ੍ਰਤੀਸ਼ਤ ਬਰਕਰਾਰ ਰੱਖਿਆ ਜਾਵੇ ਤੇ ਅਗਲੇ 25 ਸਾਲਾਂ ਤਕ ਸੀਟਾਂ ਦੀ ਗਿਣਤੀ 'ਚ ਕੋਈ ਵਾਧਾ ਨਾ ਕੀਤਾ ਜਾਵੇ।
ਭਾਜਪਾ ਦੇ ਸੰਪਰਕ ਕਰਨ 'ਤੇ ਡੀਐੱਮਕੇ ਨੇ ਰੱਖੀਆਂ ਦੋ ਸ਼ਰਤਾਂ
ਡੀਐੱਮਕੇ ਦੇ ਇਕ ਸੀਨੀਅਰ ਆਗੂ ਤੋਂ ਪੁੱਛਿਆ ਗਿਆ ਕਿ ਕੀ ਪਾਰਟੀ ਸਾਰੇ ਸੂਬਿਆਂ 'ਚ ਮੌਜੂਦਾ ਸੀਟਾਂ ਦੀ ਗਿਣਤੀ 'ਚ 50 ਫ਼ੀਸਦੀ ਵਾਧੇ ਦਾ ਸਮਰਥਨ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਹਾਂ, ਪਰ ਇਸ ਲਈ ਬਿੱਲ 'ਚ 25 ਸਾਲਾਂ ਤੱਕ ਸੀਟਾਂ ਦੀ ਗਿਣਤੀ 'ਤੇ ਰੋਕ ਤੇ ਸਾਰੇ ਸੂਬਿਆਂ ਦੀ ਮੌਜੂਦਾ ਨੁਮਾਇੰਦਗੀ ਦੇ ਪ੍ਰਤੀਸ਼ਤ ਨੂੰ ਬਰਕਰਾਰ ਰੱਖਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਜੇਕਰ ਅਸੀਂ ਪਹਿਲਾਂ ਇਸ ਬਿੱਲ ਦਾ ਵਿਰੋਧ ਨਾ ਕੀਤਾ ਹੁੰਦਾ ਤਾਂ ਸ਼ਾਇਦ ਸਾਨੂੰ ਇਹ ਪ੍ਰਸਤਾਵ ਨਾ ਮਿਲਦਾ। ਜੇਕਰ ਭਾਜਪਾ ਸਾਡੀਆਂ ਦੋਵੇਂ ਮੰਗਾਂ ਮੰਨ ਲੈਂਦੀ ਹੈ ਤਾਂ ਸਾਨੂੰ ਕੁਝ ਗੁਆਉਣਾ ਨਹੀਂ ਪਵੇਗਾ, ਸਗੋਂ ਭਵਿੱਖ 'ਚ ਫਾਇਦਾ ਹੀ ਹੋਵੇਗਾ।'
ਤਮਿਲਨਾਡੂ ਦੀ ਨੁਮਾਇੰਦਗੀ ਘਟਣ ਦਾ ਖ਼ਦਸ਼ਾ
ਪਾਰਟੀ ਸੂਤਰਾਂ ਮੁਤਾਬਕ, ਡੀਐੱਮਕੇ ਨੇ ਪਹਿਲਾਂ ਪਰਿਸੀਮਨ ਦਾ ਵਿਰੋਧ ਇਸ ਲਈ ਕੀਤਾ ਸੀ ਕਿਉਂਕਿ 2027 ਦੀ ਜਨਗਣਨਾ ਦੇ ਆਧਾਰ 'ਤੇ ਪਰਿਸੀਮਨ ਹੋਣ ਨਾਲ ਸੰਸਦ 'ਚ ਤਮਿਲਨਾਡੂ ਦੀ ਨੁਮਾਇੰਦਗੀ ਘੱਟ ਹੋ ਸਕਦੀ ਸੀ। ਇੱਕ ਸੂਤਰ ਨੇ ਦੱਸਿਆ ਕਿ ਜੇਕਰ ਨਵੇਂ ਖਰੜਾ ਬਿੱਲ 'ਚ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਤਮਿਲਨਾਡੂ ਦੀ ਨੁਮਾਇੰਦਗੀ ਦਾ ਪ੍ਰਤੀਸ਼ਤ ਉਹੀ ਰਹੇਗਾ ਅਤੇ ਨਵੀਂ ਜਨਗਣਨਾ ਦੇ ਆਧਾਰ 'ਤੇ ਅਗਲਾ ਪਰਿਸੀਮਨ 25 ਸਾਲਾਂ ਬਾਅਦ ਹੀ ਹੋਵੇਗਾ, ਤਾਂ ਇਹ ਇੱਕ ਉਚਿਤ ਸਮਝੌਤਾ ਹੋਵੇਗਾ। ਇਹ ਡੀਐੱਮਕੇ ਅਤੇ ਤਮਿਲਨਾਡੂ ਦੋਵਾਂ ਲਈ ਫਾਇਦੇਮੰਦ ਹੋਵੇਗਾ। ਜਦੋਂ ਪੁੱਛਿਆ ਗਿਆ ਕਿ ਕੀ ਭਾਜਪਾ ਨੇ ਹਾਲ ਹੀ 'ਚ ਡੀਐੱਮਕੇ ਨਾਲ ਸੰਪਰਕ ਕੀਤਾ ਸੀ, ਤਾਂ ਸੂਤਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਹਾਂ, ਉਨ੍ਹਾਂ ਨੇ ਸੰਪਰਕ ਕੀਤਾ ਸੀ ਅਤੇ ਅਸੀਂ ਉਨ੍ਹਾਂ ਨੂੰ ਆਪਣੀਆਂ ਮੰਗਾਂ ਸੌਂਪ ਦਿੱਤੀਆਂ ਹਨ।
ਸੰਸਦ 'ਚ ਡੀਐੱਮਕੇ ਦੀ ਕਿੰਨੀ ਤਾਕਤ?
ਲੋਕ ਸਭਾ 'ਚ ਡੀਐੱਮਕੇ ਦੇ 22 ਅਤੇ ਰਾਜ ਸਭਾ 'ਚ 8 ਸੰਸਦ ਮੈਂਬਰ ਹਨ। ਪਾਰਟੀ ਦਾ ਹਮੇਸ਼ਾ ਇਹ ਕਹਿਣਾ ਰਿਹਾ ਹੈ ਕਿ ਉਹ ਪਰਿਸੀਮਨ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਚਾਹੁੰਦੀ ਹੈ ਕਿ ਇਹ ਪ੍ਰਕਿਰਿਆ ਸਾਰੇ ਪੱਖਾਂ ਲਈ ਨਿਰਪੱਖ ਹੋਵੇ। ਇਸ ਤੋਂ ਪਹਿਲਾਂ ਅਗਸਤ 'ਚ ਡੀਐੱਮਕੇ ਨੇ ਵਿਧਾਨ ਸਭਾ 'ਚ ਟੀਵੀਕੇ ਸਰਕਾਰ ਦੇ ਉਸ ਪ੍ਰਸਤਾਵ ਦਾ ਸਮਰਥਨ ਕੀਤਾ ਸੀ, ਜਿਸ 'ਚ ਕੇਂਦਰ ਸਰਕਾਰ ਨੂੰ ਲੋਕ ਸਭਾ ਦੀਆਂ ਮੌਜੂਦਾ ਸੀਟਾਂ ਦੀ ਗਿਣਤੀ 543 'ਤੇ ਹੀ ਸਥਿਰ ਰੱਖਣ ਦੀ ਅਪੀਲ ਕੀਤੀ ਗਈ ਸੀ।
ਸੀਪੀਐੱਮ ਨੇ ਡੀਐੱਮਕੇ ਤੋਂ ਰੁਖ਼ ਸਪੱਸ਼ਟ ਕਰਨ ਲਈ ਕਿਹਾ
ਇਸ ਦੌਰਾਨ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਸ਼ਣਮੁਗਮ ਨੇ ਉਨ੍ਹਾਂ ਖ਼ਬਰਾਂ 'ਤੇ ਚਿੰਤਾ ਜਤਾਈ ਹੈ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਅਤੇ ਡੀਐੱਮਕੇ ਵਿਚਕਾਰ ਪਰਿਸੀਮਨ ਬਿੱਲ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸੀਪੀਐੱਮ ਵੱਲੋਂ ਅਸੀਂ ਡੀਐੱਮਕੇ ਨੂੰ ਅਪੀਲ ਕਰਦੇ ਹਾਂ ਕਿ ਉਹ ਤਮਿਲਨਾਡੂ ਅਤੇ ਦੱਖਣੀ ਸੂਬਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਆਪਣੀ ਵਚਨਬੱਧਤਾ 'ਤੇ ਕਾਇਮ ਰਹੇ। ਸ਼ਣਮੁਗਮ ਨੇ ਡੀਐੱਮਕੇ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਅਟਕਲਾਂ ਦੀ ਕੋਈ ਗੁੰਜਾਇਸ਼ ਛੱਡੇ ਬਿਨਾਂ ਪਰਿਸੀਮਨ 'ਤੇ ਆਪਣਾ ਰੁਖ਼ ਸਪੱਸ਼ਟ ਕਰੇ।