- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਗਾਮਾ ਵਧਦਾ ਦੇਖ ਪੁਲਿਸ ਨੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਤਿਲਕ ਮਾਰਗ ਥਾਣੇ ਲਿਜਾਇਆ ਗਿਆ। ਹੁਣ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਮੰਡਪਮ ਵਿਖੇ ਚੱਲ ਰਹੇ ਏਆਈ (AI) ਸਮਿਟ ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਯੂਥ ਕਾਂਗਰਸ ਦੇ 20 ਤੋਂ 30 ਵਰਕਰਾਂ ਨੇ ਯੂਐਸ ਡੀਲ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਹਾਲ ਹੀ 'ਚ ਹੋਈ ਭਾਰਤ-ਅਮਰੀਕਾ ਵਪਾਰਕ ਸੰਧੀ (Trade Deal) ਵਿਰੁੱਧ ਰੋਸ ਪ੍ਰਗਟਾਇਆ। ਇਸ ਦੌਰਾਨ ਵਰਕਰਾਂ ਨੇ ਕਮੀਜ਼ਾਂ ਉਤਾਰ ਕੇ (ਸ਼ਰਟਲੈੱਸ ਹੋ ਕੇ) ਪੀਐਮ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਹੰਗਾਮਾ ਵਧਦਾ ਦੇਖ ਪੁਲਿਸ ਨੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਤਿਲਕ ਮਾਰਗ ਥਾਣੇ ਲਿਜਾਇਆ ਗਿਆ। ਹੁਣ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ 'ਤੇ ਯੂਥ ਕਾਂਗਰਸ ਦੇ ਕੌਮੀ ਬੁਲਾਰੇ ਉਦੈ ਭਾਨੂ ਚਿੱਬ ਨੇ ਕਿਹਾ ਕਿ ਅੱਜ ਯੂਥ ਕਾਂਗਰਸ ਦੇ ਮੈਂਬਰ ਏਆਈ (AI) ਸਮਿਟ 'ਚ ਗਏ ਤੇ ‘ਪੀਐਮ ਕੰਪਰੋਮਾਈਜ਼ਡ (ਸਮਝੌਤਾਵਾਦੀ) ਹਨ’ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਇਹ ਗੁੱਸਾ ਸਿਰਫ਼ ਸਾਡੇ ਯੂਥ ਕਾਂਗਰਸ ਦੇ ਮੈਂਬਰਾਂ ਦਾ ਨਹੀਂ, ਸਗੋਂ ਹਰ ਉਸ ਨੌਜਵਾਨ ਦਾ ਹੈ ਜੋ ਅੱਜ ਬੇਰੁਜ਼ਗਾਰ ਹੈ ਤੇ ਉਨ੍ਹਾਂ ਵਿੱਚੋਂ ਹਰ ਕੋਈ ਜਾਣਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਸਮਝੌਤਾ ਕਰ ਚੁੱਕੇ ਹਨ।
ਅਮਰੀਕਾ ਨਾਲ ਇਸ ਟ੍ਰੇਡ ਡੀਲ 'ਤੇ ਉਨ੍ਹਾਂ ਕਿਹਾ, "ਅਸੀਂ ਸਭ ਜਾਣਦੇ ਹਾਂ ਕਿ ਇਹ ਡੀਲ ਸਾਡੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਏਗੀ। ਇਸ ਦਾ ਫ਼ਾਇਦਾ ਸਿਰਫ਼ ਅਮਰੀਕਾ ਨੂੰ ਹੋਵੇਗਾ। ਨੌਜਵਾਨਾਂ ਦੀ ਆਵਾਜ਼ ਉਠਾਉਣਾ ਸਾਡਾ ਫ਼ਰਜ਼ ਹੈ।"
ਯੂਥ ਕਾਂਗਰਸ ਦੇ ਪ੍ਰਦਰਸ਼ਨ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ AI ਦਾ ਮਤਲਬ Ambitious India (ਮਹੱਤਵਪੂਰਨ ਭਾਰਤ), Artificial Intelligence ਜਾਂ Aspirational India (ਖਾਹਸ਼ੀ ਭਾਰਤ) ਨਹੀਂ ਹੈ, ਸਗੋਂ Anti-India (ਭਾਰਤ ਵਿਰੋਧੀ) ਹੈ। ਇਹ INC (ਭਾਰਤੀ ਰਾਸ਼ਟਰੀ ਕਾਂਗਰਸ) ਨਹੀਂ, ਸਗੋਂ ANC (Anti-National Congress - ਦੇਸ਼ ਵਿਰੋਧੀ ਕਾਂਗਰਸ) ਹੈ।
ਉਨ੍ਹਾਂ ਕਿਹਾ ਕਿ ਏਆਈ ਸਮਿਟ ਦੀ ਦੁਨੀਆ ਭਰ 'ਚ ਸ਼ਲਾਘਾ ਹੋ ਰਹੀ ਹੈ। ਇਮੈਨੁਅਲ ਮੈਕਰੋਨ ਤੋਂ ਲੈ ਕੇ ਐਂਟੋਨੀਓ ਗੁਤਰਸ ਤਕ ਅਤੇ ਟੈੱਕ ਕੰਪਨੀਆਂ ਦੇ ਦਿੱਗਜਾਂ 'ਚ ਸੈਮ ਆਲਟਮੈਨ ਤੋਂ ਲੈ ਕੇ ਸੁੰਦਰ ਪਿਚਾਈ ਤਕ ਹਰ ਕੋਈ ਇਸ ਦੀ ਤਾਰੀਫ਼ ਕਰ ਰਿਹਾ ਹੈ। ਇੱਥੋਂ ਤਕ ਕਿ ਸ਼ਸ਼ੀ ਥਰੂਰ ਨੇ ਵੀ ਏਆਈ ਸਮਿਟ ਨੂੰ ਬਿਹਤਰੀਨ ਦੱਸਿਆ।
ਪਰ ਰਾਹੁਲ ਗਾਂਧੀ ਦੇ ਕਹਿਣ 'ਤੇ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਹੈ। ਇਹ ਵਿਰੋਧ ਭਾਜਪਾ ਦੇ ਖ਼ਿਲਾਫ਼ ਨਹੀਂ, ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਨਹੀਂ, ਸਗੋਂ ਭਾਰਤ ਦੀਆਂ ਪ੍ਰਾਪਤੀਆਂ ਦੇ ਖ਼ਿਲਾਫ਼ ਵਿਰੋਧ ਹੈ।
ਪ੍ਰਦਰਸ਼ਨ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਨੇ ਆਪਣੇ ਅਧਿਕਾਰਤ 'ਐਕਸ' (X) ਅਕਾਊਂਟ 'ਤੇ ਪੋਸਟ ਕਰ ਕੇ ਲਿਖਿਆ ਕਿ ਰਾਸ਼ਟਰੀ ਸ਼ਰਮਿੰਦਗੀ... ਜਦੋਂ ਭਾਰਤ ਇਕ ਵੱਕਾਰੀ ਗਲੋਬਲ ਏਆਈ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਤੇ ਤਕਨੀਕ ਦੇ ਖੇਤਰ 'ਚ ਆਪਣੀ ਸਮਰੱਥਾ ਅਤੇ ਲੀਡਰਸ਼ਿਪ ਦਾ ਪ੍ਰਦਰਸ਼ਨ ਕਰ ਰਿਹਾ ਹੈ, ਉਸੇ ਸਮੇਂ ਕਾਂਗਰਸ ਪਾਰਟੀ ਨੇ ਮਰਿਆਦਾ ਦੀ ਬਜਾਏ ਵਿਘਨ ਪਾਉਣ ਦਾ ਰਾਹ ਚੁਣਿਆ।
ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਨੇ ਸਥਾਨ 'ਤੇ ਅਰਧ-ਨਗਨ ਹੋ ਕੇ ਹੰਗਾਮਾ ਕੀਤਾ, ਜੋ ਸਪੱਸ਼ਟ ਤੌਰ 'ਤੇ ਵਿਸ਼ਵ ਮੰਚ 'ਤੇ ਭਾਰਤ ਨੂੰ ਸ਼ਰਮਿੰਦਾ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਕਦਮ ਸੀ।
ਪੋਸਟ 'ਚ ਅੱਗੇ ਲਿਖਿਆ ਕਿ ਜਦੋਂ ਦੇਸ਼ ਖ਼ੁਦ ਨੂੰ ਇਕ ਗਲੋਬਲ ਤਕਨੀਕੀ ਸ਼ਕਤੀ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਦੋਂ ਅਜਿਹਾ ਵਿਹਾਰ ਕੇਵਲ ਉਨ੍ਹਾਂ ਲੋਕਾਂ ਦੇ ਹਿੱਤ ਵਿੱਚ ਹੈ ਜੋ ਭਾਰਤ ਨੂੰ ਕਮਜ਼ੋਰ ਹੁੰਦੇ ਦੇਖਣਾ ਚਾਹੁੰਦੇ ਹਨ। ਸਿਆਸੀ ਵਿਰੋਧ ਇਕ ਲੋਕਤੰਤਰੀ ਅਧਿਕਾਰ ਹੈ, ਪਰ ਭਾਰਤ ਦੇ ਵਿਸ਼ਵਵਿਆਪੀ ਅਕਸ ਨੂੰ ਨੁਕਸਾਨ ਪਹੁੰਚਾਉਣਾ ਨਹੀਂ। ਪੋਸਟ ਦੇ ਅੰਤ 'ਚ ਇਹ ਵੀ ਲਿਖਿਆ ਕਿ ਭਾਰਤ ਇਸ ਤੋਂ ਬਿਹਤਰ ਦਾ ਹੱਕਦਾਰ ਹੈ।