ਦਿੱਲੀ-NCR 'ਚ ਦੀਵਾਲੀ 'ਤੇ ਚਲਾ ਸਕੋਗੇ ਗ੍ਰੀਨ ਪਟਾਕੇ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ; ਜਾਣੋ ਸਮਾਂ ਤੇ ਨਿਯਮ
ਅਦਾਲਤ ਦੇ ਹੁਕਮ ਅਨੁਸਾਰ, ਲੋਕ ਸਿਰਫ਼ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾ ਸਕਣਗੇ। ਇਸ ਤੋਂ ਇਲਾਵਾ ਕਿਸੇ ਹੋਰ ਸਮੇਂ ਪਟਾਕੇ ਚਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
Publish Date: Mon, 02 Nov 2026 03:40 PM (IST)
Updated Date: Mon, 02 Nov 2026 04:04 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ-NCR 'ਚ ਹਵਾ ਪ੍ਰਦੂਸ਼ਣ ਅਤੇ ਤਿਉਹਾਰਾਂ ਵਿਚਾਲੇ ਸੰਤੁਲਨ ਬਣਾਈ ਰੱਖਣ ਲਈ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਇਸ ਸਬੰਧੀ ਅਦਾਲਤ ਨੇ ਸਪੱਸ਼ਟ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
ਸਿਖਰਲੀ ਅਦਾਲਤ ਨੇ 15 ਅਕਤੂਬਰ 2025 ਦੇ ਆਪਣੇ ਪੁਰਾਣੇ ਹੁਕਮ ਦੀ ਪਾਲਣਾ ਕਰਦਿਆਂ ਦਿੱਲੀ-NCR 'ਚ 7 ਅਤੇ 8 ਨਵੰਬਰ 2026 ਨੂੰ ਨਿਰਧਾਰਤ ਸਮੇਂ ਦੌਰਾਨ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ।
ਪਟਾਕੇ ਚਲਾਉਣ ਦਾ ਸਮਾਂ ਕੀਤਾ ਤੈਅ
ਅਦਾਲਤ ਦੇ ਹੁਕਮ ਅਨੁਸਾਰ, ਲੋਕ ਸਿਰਫ਼ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾ ਸਕਣਗੇ। ਇਸ ਤੋਂ ਇਲਾਵਾ ਕਿਸੇ ਹੋਰ ਸਮੇਂ ਪਟਾਕੇ ਚਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
ਇਨ੍ਹਾਂ ਥਾਵਾਂ ਦੇ 300 ਮੀਟਰ ਦੇ ਘੇਰੇ 'ਚ ਪਟਾਕੇ ਪੂਰੀ ਤਰ੍ਹਾਂ ਬੈਨ
ਸੁਪਰੀਮ ਕੋਰਟ ਨੇ ਸੰਵੇਦਨਸ਼ੀਲਤਾ ਨੂੰ ਧਿਆਨ 'ਚ ਰੱਖਦਿਆਂ ਹਦਾਇਤ ਦਿੱਤੀ ਹੈ ਕਿ ਕੁਝ ਸੰਸਥਾਵਾਂ ਦੇ 300 ਮੀਟਰ ਦੇ ਘੇਰੇ 'ਚ ਕਿਸੇ ਵੀ ਤਰ੍ਹਾਂ ਦਾ ਪਟਾਕਾ ਨਹੀਂ ਚਲਾਇਆ ਜਾਵੇਗਾ। ਇਨ੍ਹਾਂ 'ਚ ਹਸਪਤਾਲ ਅਤੇ ਨਰਸਿੰਗ ਹੋਮ, ਪ੍ਰਾਇਮਰੀ ਤੇ ਜ਼ਿਲ੍ਹਾ ਸਿਹਤ ਕੇਂਦਰ, ਬਿਰਧ ਆਸ਼ਰਮ ਅਤੇ ਨੋਟੀਫਾਈਡ ਸਾਈਲੈਂਸ ਜ਼ੋਨ (ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਿਰਧਾਰਤ ਸ਼ਾਂਤ ਖੇਤਰ) ਸ਼ਾਮਲ ਹਨ।
ਐਲਾਨੇ ਜਾਣਗੇ 'ਨੋ-ਕ੍ਰੈਕਰ ਜ਼ੋਨ'
ਸਿਖਰਲੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਉਪਰੋਕਤ ਸਾਰੇ ਸੰਵੇਦਨਸ਼ੀਲ ਸਥਾਨਾਂ ਅਤੇ ਵਿੱਦਿਅਕ ਸੰਸਥਾਵਾਂ (ਸਕੂਲਾਂ-ਕਾਲਜਾਂ) ਨੂੰ ਲਾਜ਼ਮੀ ਤੌਰ 'ਤੇ 'ਨੋ-ਕ੍ਰੈਕਰ ਜ਼ੋਨ' ਐਲਾਨਿਆ ਜਾਵੇਗਾ।
ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਨ੍ਹਾਂ ਇਲਾਕਿਆਂ 'ਚ ਢੁੱਕਵੀਂ ਬੈਰੀਕੇਡਿੰਗ ਅਤੇ ਨਿਸ਼ਾਨਦੇਹੀ ਕੀਤੀ ਜਾਵੇ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਨ੍ਹਾਂ ਨਿਯਮਾਂ ਦਾ ਵਿਆਪਕ ਪ੍ਰਚਾਰ-ਪ੍ਰਸਾਰ ਯਕੀਨੀ ਬਣਾਇਆ ਜਾਵੇ, ਤਾਂ ਜੋ ਨਿਯਮਾਂ ਦੀ ਉਲੰਘਣਾ ਨਾ ਹੋਵੇ।
(ਨਿਊਜ਼ ਏਜੰਸੀ ANI ਦੇ ਇਨਪੁਟ ਨਾਲ)