- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਇਟਰਜ਼ ਮੁਤਾਬਕ, ਬਲਾਕਚੇਨ ਇੰਟੈਲੀਜੈਂਸ ਕੰਪਨੀਆਂ ਟੀਆਰਐੱਮ ਲੈਬਜ਼ ਅਤੇ ਚੇਨਾਲਿਸਿਸ ਨੂੰ ਸ਼ੱਕ ਹੈ ਕਿ ਇਸ ਹਮਲੇ ਪਿੱਛੇ ਉੱਤਰੀ ਕੋਰੀਆ ਦੀ ਹੈਕਿੰਗ ਇਕਾਈ ਦਾ ਹੱਥ ਹੈ। ਟੀਆਰਐੱਮ ਲੈਬਜ਼ ਦਾ ਦਾਅਵਾ ਹੈ ਕਿ ਹੈਕਰਾਂ ਨੇ ਬਾਇਨੈਂਸ ਦੇ 10 ਵੱਖ-ਵੱਖ ਬਲਾਕਚੇਨ ਨੈੱਟਵਰਕਾਂ ਵਿਚ ਮੌਜੂਦ ਡਿਜੀਟਲ ਲਾਕਰਾਂ ਨੂੰ ਨਿਸ਼ਾਨਾ ਬਣਾਇਆ ਅਤੇ 20 ਮਿੰਟਾਂ ਦੇ ਅੰਦਰ ਵੱਡੀ ਰਕਮ ਚੋਰੀ ਕਰ ਲਈ।

ਜੇਐੱਨਐੱਨ, ਨਵੀਂ ਦਿੱਲੀ : ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਦੇ ਦੌਰ ਵਿਚ ਸਾਈਬਰ ਅਪਰਾਧੀਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਵੀ ਉਨ੍ਹਾਂ ਦੇ ਨਿਸ਼ਾਨੇ ਤੋਂ ਸੁਰੱਖਿਅਤ ਨਹੀਂ। ਤਾਜ਼ਾ ਮਾਮਲਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋਕਰੰਸੀ ਐਕਸਚੇਂਜ ਬਾਇਨੈਂਸ ਦਾ ਹੈ, ਜਿੱਥੇ ਹੈਕਰਾਂ ਨੇ ਮਹਿਜ਼ 20 ਮਿੰਟਾਂ ਵਿਚ 6.3 ਅਰਬ ਡਾਲਰ (ਲਗਭਗ 59,802 ਕਰੋੜ ਰੁਪਏ) ਦੀ ਕ੍ਰਿਪਟੋਕਰੰਸੀ ਚੋਰੀ ਕਰ ਲਈ। ਇਸ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਸਾਈਬਰ ਚੋਰੀਆਂ ਵਿੱਚੋਂ ਇਕ ਦੱਸਿਆ ਜਾ ਰਿਹਾ ਹੈ। ਘਟਨਾ ਮਗਰੋਂ ਕੰਪਨੀ ਨੇ ਜਮ੍ਹਾਂ ਅਤੇ ਨਿਕਾਸੀ ਦੀ ਸਹੂਲਤ ਅਗਲੇ 45 ਘੰਟਿਆਂ ਲਈ ਰੋਕ ਦਿੱਤੀ। ਹਾਲਾਂਕਿ, ਕੰਪਨੀ ਦਾ ਦਾਅਵਾ ਹੈ ਕਿ ਨਿਵੇਸ਼ਕਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਹਰ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਰਾਇਟਰਜ਼ ਮੁਤਾਬਕ, ਬਲਾਕਚੇਨ ਇੰਟੈਲੀਜੈਂਸ ਕੰਪਨੀਆਂ ਟੀਆਰਐੱਮ ਲੈਬਜ਼ ਅਤੇ ਚੇਨਾਲਿਸਿਸ ਨੂੰ ਸ਼ੱਕ ਹੈ ਕਿ ਇਸ ਹਮਲੇ ਪਿੱਛੇ ਉੱਤਰੀ ਕੋਰੀਆ ਦੀ ਹੈਕਿੰਗ ਇਕਾਈ ਦਾ ਹੱਥ ਹੈ। ਟੀਆਰਐੱਮ ਲੈਬਜ਼ ਦਾ ਦਾਅਵਾ ਹੈ ਕਿ ਹੈਕਰਾਂ ਨੇ ਬਾਇਨੈਂਸ ਦੇ 10 ਵੱਖ-ਵੱਖ ਬਲਾਕਚੇਨ ਨੈੱਟਵਰਕਾਂ ਵਿਚ ਮੌਜੂਦ ਡਿਜੀਟਲ ਲਾਕਰਾਂ ਨੂੰ ਨਿਸ਼ਾਨਾ ਬਣਾਇਆ ਅਤੇ 20 ਮਿੰਟਾਂ ਦੇ ਅੰਦਰ ਵੱਡੀ ਰਕਮ ਚੋਰੀ ਕਰ ਲਈ। ਏਜੰਸੀ ਨੂੰ ਇਹ ਹਮਲਾ 2025 ਵਿਚ ਦੁਬਈ ਸਥਿਤ ਕ੍ਰਿਪਟੋ ਐਕਸਚੇਂਜ ਬਾਇਬਿਟ ’ਤੇ ਹੋਏ ਸਾਈਬਰ ਹਮਲੇ ਵਰਗਾ ਲੱਗਾ, ਜਿਸ ਵਿਚ ਲਗਪਗ 1.5 ਅਰਬ ਡਾਲਰ ਦੀ ਕ੍ਰਿਪਟੋਕਰੰਸੀ ਚੋਰੀ ਹੋਈ ਸੀ। ਉਸ ਹਮਲੇ ਪਿੱਛੇ ਵੀ ਉੱਤਰੀ ਕੋਰੀਆ ਦੀ ਖਾਸ ਹੈਕਿੰਗ ਇਕਾਈ ‘ਟ੍ਰੇਡਰਟ੍ਰੇਟਰ’ ਦਾ ਹੱਥ ਦੱਸਿਆ ਗਿਆ ਸੀ।
ਇਕ ਲੈਪਟਾਪ ਰਾਹੀਂ ਪੂਰੇ ਨੈੱਟਵਰਕ ’ਚ ਸੰਨ੍ਹ
ਬਾਇਨੈਂਸ ਦੀ ਮੁੱਢਲੀ ਅੰਦਰੂਨੀ ਜਾਂਚ ਵਿਚ ਸਾਹਮਣੇ ਆਇਆ ਕਿ ਕੰਪਨੀ ਦੇ ਇਕ ਡੇਵਓਪਸ ਇੰਜੀਨੀਅਰ ਦੇ ਲੈਪਟਾਪ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਹੈਕਰ ਨੈੱਟਵਰਕ ਵਿਚ ਦਾਖ਼ਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੂੰ ਅੰਦਰੂਨੀ ਸਿਸਟਮਾਂ ਅਤੇ ਸਰਵਿਸ ਕੰਟੇਨਰਾਂ ਤੱਕ ਪਹੁੰਚ ਮਿਲ ਗਈ, ਜਿੱਥੋਂ ਫੰਡ ਟ੍ਰਾਂਸਫਰ ਕੀਤੇ ਗਏ। ਕ੍ਰਿਪਟੋਕਰੰਸੀ ਮਾਰਕੀਟ ਮੇਕਰ ਜੀਐੱਸਆਰ ਦੇ ਅਧਿਕਾਰੀ ਅਰਵਿੰਦ ਸ੍ਰੀਨਿਵਾਸਨ ਮੁਤਾਬਕ, ਜਾਂਚ ਟੀਮ ਉਸ ਕੰਪਿਊਟਰ ਰਾਹੀਂ ਹਮਲੇ ਦੀ ਪੂਰੀ ਚੇਨ ਦਾ ਪਤਾ ਲਾ ਰਹੀ ਹੈ, ਜੋ ਸੰਭਵ ਤੌਰ ’ਤੇ ਸੰਨ੍ਹ ਲਾਉਣ ਦਾ ਸ਼ੁਰੂਆਤੀ ਰਸਤਾ ਬਣਿਆ।
ਤਿੰਨ ਅਰਬ ਡਾਲਰ ਦੀ ਜਾਇਦਾਦ ਫ੍ਰੀਜ਼
ਏਪੀ ਮੁਤਾਬਕ, ਬਾਇਨੈਂਸ ਦੇ ਸਹਿ-ਸੀਈਓ ਰਿਚਰਡ ਟੇਂਗ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੁਕਸਾਨ ਦੀ ਪੂਰੀ ਭਰਪਾਈ ਕਰੇਗੀ। ਉਨ੍ਹਾਂ ਮੁਤਾਬਕ, ਹੁਣ ਤੱਕ ਦੀ ਜਾਂਚ ਵਿਚ ਕਿਸੇ ਵਾਲਿਟ ਦੀ ਨਿੱਜੀ ਕੁੰਜੀ (ਪ੍ਰਾਈਵੇਟ ਕੀ) ਲੀਕ ਹੋਣ ਦੇ ਸਬੂਤ ਨਹੀਂ ਮਿਲੇ। ਨੁਕਸਾਨ ਦੀ ਭਰਪਾਈ ਕੰਪਨੀ ਦੇ ਐੱਸਏਐੱਫਯੂ ਫੰਡ ਅਤੇ ਆਪਣੇ ਸਰੋਤਾਂ ਰਾਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਬਲਾਕਚੇਨ ਭਾਈਵਾਲਾਂ ਦੀ ਮਦਦ ਨਾਲ ਲਗਪਗ ਤਿੰਨ ਅਰਬ ਡਾਲਰ ਦੀ ਡਿਜ਼ਿਟਲ ਕਰੰਸੀ ਫ੍ਰੀਜ਼ ਕਰਵਾਈ ਗਈ ਹੈ।
ਟੇਂਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਇੰਨੀ ਵੱਡੀ ਸੰਨ੍ਹਮਾਰੀ ਕਿਸੇ ਇਕ ਕਲਿੱਕ ਜਾਂ ਇਕ ਵਿਅਕਤੀ ਦੀ ਮਨਜ਼ੂਰੀ ਨਾਲ ਸੰਭਵ ਨਹੀਂ ਸੀ। ਇਸ ਪਿੱਛੇ ਕੋਈ ਗੁੰਝਲਦਾਰ ਪ੍ਰਕਿਰਿਆ ਰਹੀ ਹੋਵੇਗੀ ਅਤੇ ਜਾਂਚ ਵਿਚ ਕਿਸੇ ਇਕ ਮੁਲਾਜ਼ਮ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ।
ਸਾਈਬਰ ਹੈਕਿੰਗ ਦਾ ਗੜ੍ਹ ਬਣਿਆ ਉੱਤਰੀ ਕੋਰੀਆ
ਮਾਹਿਰਾਂ ਮੁਤਾਬਕ, ਕੌਮਾਂਤਰੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਉੱਤਰੀ ਕੋਰੀਆ ਆਪਣੀ ਆਰਥਿਕਤਾ ਅਤੇ ਪਰਮਾਣੂ ਪ੍ਰੋਗਰਾਮ ਲਈ ਪੈਸਾ ਇਕੱਠਾ ਕਰਨ ਵਾਸਤੇ ਕ੍ਰਿਪਟੋਕਰੰਸੀ ਦੀ ਚੋਰੀ ਅਤੇ ਹੋਰ ਸਾਈਬਰ ਅਪਰਾਧਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਦਸੰਬਰ 2022 ਵਿਚ ਦੱਸਿਆ ਸੀ ਕਿ ਉੱਤਰੀ ਕੋਰੀਆਈ ਹੈਕਰਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਲਗਪਗ 1.5 ਲੱਖ ਕਰੋੜ ਵਾਨ (ਕਰੀਬ 1.1 ਅਰਬ ਡਾਲਰ) ਦੀ ਕ੍ਰਿਪਟੋਕਰੰਸੀ ਅਤੇ ਹੋਰ ਡਿਜ਼ਿਟਲ ਸੰਪਤੀਆਂ ਚੋਰੀ ਕੀਤੀਆਂ ਸਨ। ਇਸ ਵਿੱਚੋਂ ਅੱਧੇ ਤੋਂ ਵੱਧ ਦੀ ਚੋਰੀ ਇਕੱਲੇ 2022 ਵਿਚ ਹੋਈ ਸੀ। ਏਜੰਸੀ ਨੇ ਡਿਜ਼ਿਟਲ ਸੰਪਤੀਆਂ ਚੋਰੀ ਕਰਨ ਦੀ ਉੱਤਰੀ ਕੋਰੀਆ ਦੀ ਸਮਰੱਥਾ ਨੂੰ ਦੁਨੀਆ ਦੀਆਂ ਸਭ ਤੋਂ ਉੱਨਤ ਸਮਰੱਥਾਵਾਂ ਵਿੱਚੋਂ ਇਕ ਦੱਸਿਆ ਸੀ।
ਬਾਇਨੈਂਸ ਤੇ ਕ੍ਰਿਪਟੋ ਬਾਜ਼ਾਰ ’ਤੇ ਅਸਰ
ਬਾਇਨੈਂਸ ਦੀ ਸਥਾਪਨਾ ਚਾਂਗਪੇਂਗ ਝਾਓ (ਸੀਜ਼ੈੱਡ) ਨੇ 2017 ਵਿਚ ਕੀਤੀ ਸੀ। ਸਾਲ 2023 ਵਿਚ ਉਨ੍ਹਾਂ ਨੇ ਮਨੀ ਲਾਂਡਰਿੰਗ ਰੋਕਣ ਵਿਚ ਨਾਕਾਮੀ ਨਾਲ ਜੁੜੇ ਗੰਭੀਰ ਅਪਰਾਧ ਨੂੰ ਸਵੀਕਾਰ ਕੀਤਾ ਅਤੇ ਸੀਈਓ ਦਾ ਅਹੁਦਾ ਛੱਡ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2025 ਵਿਚ ਉਨ੍ਹਾਂ ਨੂੰ ਮਾਫ਼ੀ ਦੇ ਦਿੱਤੀ ਸੀ। ਕੰਪਨੀ ਮੁਤਾਬਕ, 100 ਤੋਂ ਵੱਧ ਦੇਸ਼ਾਂ ਵਿਚ ਉਸ ਦੇ ਲਗਪਗ 33.5 ਕਰੋੜ ਰਜਿਸਟਰਡ ਵਰਤੋਂਕਾਰ ਹਨ। 2025 ਦੀ ਸਾਲਾਨਾ ਰਿਪੋਰਟ ਵਿਚ ਕੰਪਨੀ ਕੋਲ ਲਗਪਗ 162.8 ਅਰਬ ਡਾਲਰ ਦੀ ਡਿਜ਼ਿਟਲ ਜਾਇਦਾਦ ਦਰਜ ਸੀ। ਅੰਦਾਜ਼ਾ ਹੈ ਕਿ ਲਗਪਗ ਦੋ ਤੋਂ 2.5 ਕਰੋੜ ਭਾਰਤੀ ਵਰਤੋਂਕਾਰ ਵੀ ਇਸ ਐਕਸਚੇਂਜ ਨਾਲ ਜੁੜੇ ਹੋਏ ਹਨ।
ਆਈਏਐੱਨਐੱਸ ਮੁਤਾਬਕ, ਸਾਈਬਰ ਹਮਲੇ ਦਾ ਅਸਰ ਕ੍ਰਿਪਟੋ ਬਾਜ਼ਾਰ ਵਿਚ ਵੀ ਦਿਖਾਈ ਦਿੱਤਾ। ਬਿਟਕੋਇਨ ਅਤੇ ਈਥਰ ਦੀਆਂ ਕੀਮਤਾਂ ਵਿਚ ਤਿੰਨ-ਤਿੰਨ ਫ਼ੀਸਦੀ ਦੀ ਗਿਰਾਵਟ ਆਈ। ਬਿਟਕੋਇਨ 76,368 ਡਾਲਰ ਅਤੇ ਈਥਰ 2,178 ਡਾਲਰ ’ਤੇ ਆ ਗਿਆ। ਬਾਇਨੈਂਸ ਕੌਇਨ ਪੰਜ ਫ਼ੀਸਦੀ ਡਿੱਗ ਕੇ 709 ਡਾਲਰ ’ਤੇ ਪਹੁੰਚ ਗਿਆ। ਉੱਧਰ, ਕੌਇਨਬੇਸ ਗਲੋਬਲ ਦੇ ਸ਼ੇਅਰਾਂ ਵਿਚ 4.8 ਫ਼ੀਸਦੀ ਅਤੇ ਸਟ੍ਰੈਟੇਜੀ ਦੇ ਸ਼ੇਅਰਾਂ ਵਿਚ ਛੇ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਬਲਾਕਚੇਨ ਅਤੇ ਕ੍ਰਿਪਟੋਕਰੰਸੀ
ਕ੍ਰਿਪਟੋਕਰੰਸੀ ਇਕ ਡਿਜ਼ਿਟਲ ਮੁਦਰਾ ਹੈ, ਜਿਸ ਦੇ ਲੈਣ-ਦੇਣ ਦਾ ਰਿਕਾਰਡ ਬਲਾਕਚੇਨ ਤਕਨੀਕ ਰਾਹੀਂ ਰੱਖਿਆ ਜਾਂਦਾ ਹੈ। ਰਵਾਇਤੀ ਕਰੰਸੀਆਂ ਦੇ ਉਲਟ, ਇਸ ’ਤੇ ਕਿਸੇ ਇਕ ਕੇਂਦਰੀ ਬੈਂਕ ਜਾਂ ਸਰਕਾਰ ਦਾ ਸਿੱਧਾ ਕੰਟਰੋਲ ਨਹੀਂ ਹੁੰਦਾ। ਬਲਾਕਚੇਨ ਇਕ ਸਾਂਝਾ ਡਿਜ਼ਿਟਲ ਲੇਖਾ-ਜੋਖਾ ਹੈ, ਜਿਸ ਵਿਚ ਲੈਣ-ਦੇਣ ਦਾ ਰਿਕਾਰਡ ਬਲਾਕਾਂ ਦੇ ਰੂਪ ਵਿਚ ਦਰਜ ਹੁੰਦਾ ਹੈ। ਇਹ ਬਲਾਕ ਇਕ-ਦੂਜੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ।
ਨਵੀਂ ਕ੍ਰਿਪਟੋਕਰੰਸੀ ਬਣਾਉਣ ਅਤੇ ਲੈਣ-ਦੇਣ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਨੂੰ ਮਾਈਨਿੰਗ ਕਿਹਾ ਜਾਂਦਾ ਹੈ। ਇਸ ਵਿਚ ਖਾਸ ਕੰਪਿਊਟਰ ਗੁੰਝਲਦਾਰ ਗਣਨਾਵਾਂ ਰਾਹੀਂ ਲੈਣ-ਦੇਣ ਦੀ ਤਸਦੀਕ ਕਰਦੇ ਹਨ। ਕ੍ਰਿਪਟੋਕਰੰਸੀ ਨੂੰ ਬਾਇਨੈਂਸ ਵਰਗੇ ਐਕਸਚੇਂਜ ’ਤੇ ਵੇਚ ਕੇ ਉਸ ਦੀ ਰਕਮ ਬੈਂਕ ਖਾਤੇ ਵਿਚ ਰੁਪਏ ਜਾਂ ਡਾਲਰਾਂ ਦੇ ਰੂਪ ਵਿਚ ਹਾਸਲ ਕੀਤੀ ਜਾ ਸਕਦੀ ਹੈ।