ਸਿਆਸੀ ਜਾਣਕਾਰਾਂ ਦੀ ਮੰਨੀਏ ਤਾਂ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਉਣਾ 'ਆਪ' ਲਈ ਵੱਡਾ ਜੋਖਮ ਵੀ ਹੋ ਸਕਦਾ ਹੈ। ਰਾਘਵ ਨਾ ਸਿਰਫ਼ ਇਕ ਕੁਸ਼ਲ ਰਣਨੀਤੀਕਾਰ ਹਨ, ਸਗੋਂ ਨੌਜਵਾਨਾਂ 'ਚ ਪਾਰਟੀ ਦਾ ਵੱਡਾ ਚਿਹਰਾ ਵੀ ਰਹੇ ਹਨ। ਫਿਲਹਾਲ, ਦਿੱਲੀ ਦੇ ਗਲਿਆਰਿਆਂ 'ਚ ਚਰਚਾ ਇਹੀ ਹੈ ਕਿ 'ਪਾਰਟੀ ਦੇ ਨਾਮ ਅਤੇ ਨਿਸ਼ਾਨ ਤੋਂ ਦੂਰੀ, ਹੁਣ ਅਹੁਦੇ ਦੀ ਕੁਰਸੀ 'ਤੇ ਪੈ ਗਈ ਹੈ ਭਾਰੀ।'

ਸੰਜੀਵ ਗੁਪਤਾ, ਨਵੀਂ ਦਿੱਲੀ: ਇਹ ਕਹਾਣੀ ਕਿਸੇ ਸਿਆਸੀ ਫ਼ਿਲਮ ਦੇ ਕਲਾਈਮੈਕਸ ਵਰਗੀ ਲੱਗਦੀ ਹੈ, ਜਿੱਥੇ ਇਕ ਦੌਰ 'ਚ 'ਚਾਣਕਿਆ' ਮੰਨਿਆ ਜਾਣ ਵਾਲਾ ਸਿਪਾਹਸਾਲਾਰ ਅਚਾਨਕ ਹਾਸ਼ੀਏ 'ਤੇ ਧੱਕ ਦਿੱਤਾ ਜਾਂਦਾ ਹੈ।
ਰਾਘਵ ਚੱਢਾ ਨੂੰ ਰਾਜ ਸਭਾ 'ਚ ਡਿਪਟੀ-ਲੀਡਰ ਦੇ ਅਹੁਦੇ ਤੋਂ ਹਟਾਉਣਾ ਮਹਿਜ਼ ਇਕ ਪ੍ਰਬੰਧਕੀ ਫੇਰਬਦਲ ਨਹੀਂ, ਸਗੋਂ ਆਮ ਆਦਮੀ ਪਾਰਟੀ (AAP) ਤੇ ਉਸ ਦੇ ਸਭ ਤੋਂ ਗਲੈਮਰਸ ਚਿਹਰੇ ਵਿਚਕਾਰ ਵਧਦੀ ਡੂੰਘੀ ਦਾਰਾ ਦਾ ਅਧਿਕਾਰਤ ਐਲਾਨ ਹੈ।
ਸਿਆਸੀ ਮਾਹਿਰਾਂ ਅਨੁਸਾਰ ਇਹ ਫੈਸਲਾ ਅਚਾਨਕ ਨਹੀਂ ਲਿਆ ਗਿਆ। ਇਸ ਦੇ ਪਿੱਛੇ ਦੀ ਰਣਨੀਤੀ ਨੂੰ ਇਨ੍ਹਾਂ ਤਿੰਨ ਨਜ਼ਰੀਆਂ ਤੋਂ ਦੇਖਿਆ ਜਾ ਸਕਦਾ ਹੈ:
ਅਨੁਸ਼ਾਸਨ ਦਾ ਡੰਡਾ: ਪਾਰਟੀ ਨੇ ਇਹ ਅਹੁਦਾ ਖੋਹ ਕੇ ਦੂਜੇ ਲੀਡਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ 'ਵਿਅਕਤੀ' ਨਾਲੋਂ 'ਪਾਰਟੀ' ਵੱਡੀ ਹੈ।
ਭਰੋਸੇ ਦਾ ਸੰਕਟ: ਕੇਜਰੀਵਾਲ ਦੀ ਰਾਜਨੀਤੀ 'ਭਰੋਸੇ' 'ਤੇ ਟਿਕੀ ਹੋਈ ਹੈ। ਰਾਘਵ ਦੀ ਚੁੱਪ ਨੇ ਉਸ ਭਰੋਸੇ ਦੀ ਨੀਂਹ ਹਿਲਾ ਦਿੱਤੀ।
ਭਵਿੱਖ ਦੀ ਰਾਹ: ਰਾਘਵ ਦਾ ਪਾਰਟੀ ਪ੍ਰੋਗਰਾਮਾਂ (ਖਾਸ ਕਰਕੇ ਦਿੱਲੀ ਚੋਣਾਂ ਤੋਂ ਬਾਅਦ) ਤੋਂ ਗਾਇਬ ਰਹਿਣਾ ਸੰਕੇਤ ਦਿੰਦਾ ਹੈ ਕਿ ਉਹ ਖੁਦ ਵੀ ਹੁਣ ਨਵੀਂ ਰਾਹ ਤਲਾਸ਼ ਰਹੇ ਹਨ।
ਸਿਆਸੀ ਜਾਣਕਾਰਾਂ ਦੀ ਮੰਨੀਏ ਤਾਂ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਉਣਾ 'ਆਪ' ਲਈ ਵੱਡਾ ਜੋਖਮ ਵੀ ਹੋ ਸਕਦਾ ਹੈ। ਰਾਘਵ ਨਾ ਸਿਰਫ਼ ਇਕ ਕੁਸ਼ਲ ਰਣਨੀਤੀਕਾਰ ਹਨ, ਸਗੋਂ ਨੌਜਵਾਨਾਂ 'ਚ ਪਾਰਟੀ ਦਾ ਵੱਡਾ ਚਿਹਰਾ ਵੀ ਰਹੇ ਹਨ। ਫਿਲਹਾਲ, ਦਿੱਲੀ ਦੇ ਗਲਿਆਰਿਆਂ 'ਚ ਚਰਚਾ ਇਹੀ ਹੈ ਕਿ 'ਪਾਰਟੀ ਦੇ ਨਾਮ ਅਤੇ ਨਿਸ਼ਾਨ ਤੋਂ ਦੂਰੀ, ਹੁਣ ਅਹੁਦੇ ਦੀ ਕੁਰਸੀ 'ਤੇ ਪੈ ਗਈ ਹੈ ਭਾਰੀ।'
ਰਾਘਵ ਚੱਢਾ ਦੀ ਕੁਰਸੀ ਜਾਣ ਪਿੱਛੇ ਕੇਵਲ ਇੱਕ ਘਟਨਾ ਨਹੀਂ, ਸਗੋਂ ਪਿਛਲੇ ਕੁਝ ਮਹੀਨਿਆਂ ਤੋਂ ਜਮ੍ਹਾ ਹੋ ਰਿਹਾ ਅਸੰਤੋਸ਼ ਹੈ। ਇਸ ਦੇ ਮੁੱਖ ਬਿੰਦੂ ਹੇਠ ਲਿਖੇ ਹਨ:
ਜਦੋਂ ਸ਼ਰਾਬ ਘੁਟਾਲੇ 'ਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਟਰਾਇਲ ਕੋਰਟ ਤੋਂ ਰਾਹਤ ਮਿਲੀ ਤਾਂ ਪੂਰੀ ਪਾਰਟੀ ਇਸ ਨੂੰ 'ਈਮਾਨਦਾਰੀ ਦਾ ਸਰਟੀਫਿਕੇਟ' ਮੰਨ ਕੇ ਜਸ਼ਨ ਮਨਾ ਰਹੀ ਸੀ। ਪਰ ਰਾਘਵ ਨੇ ਨਾ ਤਾਂ ਜਸ਼ਨ 'ਚ ਸ਼ਿਰਕਤ ਕੀਤੀ ਅਤੇ ਨਾ ਹੀ 'ਐਕਸ' (ਟਵਿੱਟਰ) 'ਤੇ ਕੋਈ ਪੋਸਟ ਪਾਈ। ਇਸ ਚੁੱਪ ਨੇ ਪਾਰਟੀ ਹਾਈਕਮਾਂਡ ਨੂੰ ਇਹ ਸੰਦੇਸ਼ ਦਿੱਤਾ ਕਿ ਰਾਘਵ ਹੁਣ ਪਾਰਟੀ ਦੇ ਸੁੱਖ-ਦੁੱਖ ਨਾਲ ਭਾਵਨਾਤਮਕ ਤੌਰ 'ਤੇ ਨਹੀਂ ਜੁੜੇ ਹੋਏ।
ਪਾਰਟੀ ਦੇ ਅੰਦਰ ਇਹ ਧਾਰਨਾ ਪੱਕੀ ਹੋ ਗਈ ਸੀ ਕਿ ਰਾਘਵ ਹੁਣ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੀ ਬਜਾਏ ਆਪਣੀ ਨਿੱਜੀ ਬ੍ਰਾਂਡਿੰਗ 'ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਉਨ੍ਹਾਂ ਦੀਆਂ ਵੀਡੀਓਜ਼ ਤੇ ਪੋਸਟਾਂ 'ਚੋਂ ਪਾਰਟੀ ਦਾ ਝੰਡਾ, ਨਾਂ ਤੇ ਚੋਣ ਨਿਸ਼ਾਨ ਗਾਇਬ ਹੋਣ ਲੱਗ ਪਿਆ ਸੀ। ਰਾਜ ਸਭਾ ਵਿੱਚ ਉਨ੍ਹਾਂ ਦੇ ਮੁੱਦੇ ਪਾਰਟੀ ਦੀ ਲਾਈਨ ਦੀ ਬਜਾਏ ਉਨ੍ਹਾਂ ਦੀ ਆਪਣੀ ਤਸਵੀਰ ਚਮਕਾਉਣ ਵਾਲੇ ਹੁੰਦੇ ਸਨ।
ਕਦੇ ਪੰਜਾਬ ਦੇ 'ਅਣਐਲਾਨੇ ਮੁੱਖ ਮੰਤਰੀ' ਕਹੇ ਜਾਣ ਵਾਲੇ ਰਾਘਵ ਦਾ ਝੁਕਾਅ ਹੁਣ ਕੇਂਦਰ ਸਰਕਾਰ ਵੱਲ ਦਿਖਾਈ ਦੇਣ ਲੱਗ ਪਿਆ ਸੀ। ਜਦੋਂ ਵੀ ਰਾਘਵ ਸਦਨ 'ਚ ਕੋਈ ਮੁੱਦਾ ਉਠਾਉਂਦੇ ਅਤੇ ਸਰਕਾਰ ਉਸ 'ਤੇ ਤੁਰੰਤ ਐਕਸ਼ਨ ਲੈਂਦੀ ਤਾਂ ਰਾਘਵ ਦੀ ਬੇਅੰਤ ਖੁਸ਼ੀ ਨੇ 'ਆਪ' ਦੇ ਅੰਦਰ ਸ਼ੱਕ ਪੈਦਾ ਕੀਤਾ। ਪਾਰਟੀ ਨੂੰ ਲੱਗਿਆ ਕਿ ਉਨ੍ਹਾਂ ਦੇ ਸਭ ਤੋਂ ਤੇਜ਼-ਤਰਾਰ ਸੰਸਦ ਮੈਂਬਰ ਹੁਣ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਵਧਾ ਰਹੇ ਹਨ।