ਕੀ ਭਾਰਤ 'ਚ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਸਮਝੋ 14 ਹਜ਼ਾਰ ਕਿਲੋਮੀਟਰ ਦੂਰ ਵੈਨੇਜ਼ੁਏਲਾ 'ਚ ਆਏ ਭੂਚਾਲ ਨਾਲ ਕੀ ਹੈ ਕਨੈਕਸ਼ਨ
ਵੈਨੇਜ਼ੁਏਲਾ 'ਚ ਆਏ ਵਿਨਾਸ਼ਕਾਰੀ ਭੂਚਾਲ ਨੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਤੇਲ ਵਪਾਰ ਲਈ ਨਵੀਆਂ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਦਰਅਸਲ, ਮਿਡਲ ਈਸਟ (ਮੱਧ ਪੂਰਬ) 'ਚ ਚੱਲ ਰਹੇ ਸੰਕਟ ਦਰਮਿਆਨ ਭਾਰਤ ਨੇ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਦਰਾਮਦ ਤੇਜ਼ੀ ਨਾਲ ਵਧਾਈ ਸੀ ਪਰ ਉੱਥੇ ਆਏ ਭੂਚਾਲ ਕਾਰਨ ਬਿਜਲੀ ਕੱਟਾਂ, ਟ੍ਰਾਂਸਪੋਰਟ ਵਿਵਸਥਾ 'ਚ ਰੁਕਾਵਟ ਅਤੇ ਬੰਦਰਗਾਹਾਂ 'ਤੇ ਲਗਾਈਆਂ ਗਈਆਂ ਐਮਰਜੈਂਸੀ ਪਾਬੰਦੀਆਂ ਕਾਰਨ ਮਾਲ ਦੀ ਢੋਆ-ਢੁਆਈ ਕਈ ਦਿਨਾਂ ਜਾਂ ਹਫ਼ਤਿਆਂ ਲਈ ਹੌਲੀ ਹੋ ਸਕਦੀ ਹੈ।
Publish Date: Fri, 26 Jun 2026 11:33 AM (IST)
Updated Date: Fri, 26 Jun 2026 11:37 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ - ਵੈਨੇਜ਼ੁਏਲਾ 'ਚ ਆਏ ਵਿਨਾਸ਼ਕਾਰੀ ਭੂਚਾਲ ਨੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਤੇਲ ਵਪਾਰ ਲਈ ਨਵੀਆਂ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਦਰਅਸਲ, ਮਿਡਲ ਈਸਟ (ਮੱਧ ਪੂਰਬ) 'ਚ ਚੱਲ ਰਹੇ ਸੰਕਟ ਦਰਮਿਆਨ ਭਾਰਤ ਨੇ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਦਰਾਮਦ ਤੇਜ਼ੀ ਨਾਲ ਵਧਾਈ ਸੀ ਪਰ ਉੱਥੇ ਆਏ ਭੂਚਾਲ ਕਾਰਨ ਬਿਜਲੀ ਕੱਟਾਂ, ਟ੍ਰਾਂਸਪੋਰਟ ਵਿਵਸਥਾ 'ਚ ਰੁਕਾਵਟ ਅਤੇ ਬੰਦਰਗਾਹਾਂ 'ਤੇ ਲਗਾਈਆਂ ਗਈਆਂ ਐਮਰਜੈਂਸੀ ਪਾਬੰਦੀਆਂ ਕਾਰਨ ਮਾਲ ਦੀ ਢੋਆ-ਢੁਆਈ ਕਈ ਦਿਨਾਂ ਜਾਂ ਹਫ਼ਤਿਆਂ ਲਈ ਹੌਲੀ ਹੋ ਸਕਦੀ ਹੈ।
ਵੈਨੇਜ਼ੁਏਲਾ 'ਚ ਇਹ ਆਫ਼ਤ ਅਜਿਹੇ ਸਮੇਂ ਆਈ ਹੈ, ਜਦੋਂ ਮਿਡਲ ਈਸਟ (ਸਟ੍ਰੇਟ ਆਫ ਹੋਰਮੁਜ਼) 'ਚ ਤਣਾਅ ਕਾਰਨ ਭਾਰਤ ਤੇਲ ਦੀ ਸਪਲਾਈ 'ਚ ਰੁਕਾਵਟ ਦਾ ਸਾਹਮਣਾ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਅਮਰੀਕਾ ਅਤੇ ਈਰਾਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਕਾਰਨ ਉਮੀਦ ਜਗੀ ਸੀ ਕਿ ਤੇਲ ਸਪਲਾਈ ਲਈ ਮਹੱਤਵਪੂਰਨ ਸਮੁੰਦਰੀ ਰਸਤੇ, 'ਸਟ੍ਰੇਟ ਆਫ ਹੋਰਮੁਜ਼' 'ਚ ਜਾਰੀ ਰੁਕਾਵਟ ਆਖਰਕਾਰ ਘੱਟ ਜਾਵੇਗੀ ਪਰ ਹੁਣ ਵੈਨੇਜ਼ੁਏਲਾ 'ਚ ਆਏ ਭੂਚਾਲ ਨੇ ਭਾਰਤ ਲਈ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਈਡੀਐਮਈ ਇੰਸ਼ੋਰੈਂਸ ਬ੍ਰੋਕਰਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਗਲੋਬਲ ਹੈੱਡ ਆਫ ਨੈਚੁਰਲ ਰਿਸੋਰਸਿਜ਼ ਕੁਨਾਲ ਖੰਨਾ ਅਨੁਸਾਰ, ਭਾਰਤੀ ਰਿਫਾਇਨਰੀਆਂ ਲਈ ਵੈਨੇਜ਼ੁਏਲਾ ਹਾਲ ਹੀ 'ਚ ਕੱਚੇ ਤੇਲ ਦੇ ਇੱਕ ਪ੍ਰਮੁੱਖ ਸਰੋਤ ਵਜੋਂ ਉੱਭਰਿਆ ਹੈ। ਭਾਰਤੀ ਰਿਫਾਇਨਰੀਆਂ ਲਈ ਵੈਨੇਜ਼ੁਏਲਾ ਬਹੁਤ ਘੱਟ ਸਮੇਂ 'ਚ ਇੱਕ ਮਹੱਤਵਪੂਰਨ ਸਪਲਾਇਰ ਬਣ ਗਿਆ ਹੈ ਪਰ ਇੱਥੇ ਆਏ ਭੂਚਾਲ ਕਾਰਨ ਹੋਏ ਨੁਕਸਾਨ ਦੇ ਚਲਦਿਆਂ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਅਸਰ ਭਾਰਤ ਦੇ ਨਾਲ-ਨਾਲ ਦੁਨੀਆ ਦੇ ਹੋਰ ਦੇਸ਼ਾਂ 'ਤੇ ਵੀ ਪੈ ਸਕਦਾ ਹੈ।
ਵੈਨੇਜ਼ੁਏਲਾ ਤੋਂ ਤੇਲ ਦਰਾਮਦ 'ਚ ਹੋਇਆ ਸੀ ਵੱਡਾ ਵਾਧਾ
ਮਿਡਲ ਈਸਟ ਸੰਕਟ ਦੇ ਵਿਚਕਾਰ ਭਾਰਤੀ ਰਿਫਾਇਨਰੀ ਕੰਪਨੀਆਂ ਨੇ ਹਾਲ ਹੀ ਦੇ ਮਹੀਨਿਆਂ 'ਚ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਖਰੀਦ 'ਚ ਭਾਰੀ ਵਾਧਾ ਕੀਤਾ ਹੈ। ਅਪ੍ਰੈਲ ਅਤੇ ਮਈ ਦੌਰਾਨ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਖਰੀਦ 'ਚ ਭਾਰੀ ਉਛਾਲ ਆਇਆ, ਜਿਸ ਨਾਲ ਵੈਨੇਜ਼ੁਏਲਾ ਭਾਰਤ ਦੇ ਸਭ ਤੋਂ ਮਹੱਤਵਪੂਰਨ ਕੱਚੇ ਤੇਲ ਦੇ ਸਪਲਾਇਰਾਂ 'ਚੋਂ ਇੱਕ ਬਣ ਗਿਆ ਹੈ।
ਕੁਨਾਲ ਖੰਨਾ ਅਨੁਸਾਰ, ਵੈਨੇਜ਼ੁਏਲਾ 'ਚ ਆਏ ਭੂਚਾਲ ਕਾਰਨ ਭਾਵੇਂ ਐਕਸਪੋਰਟ (ਨਿਰਯਾਤ) ਟਰਮੀਨਲ ਸੁਰੱਖਿਅਤ ਹਨ, ਪਰ ਬਿਜਲੀ ਗੁੱਲ ਹੋਣ, ਸੜਕ ਅਤੇ ਟ੍ਰਾਂਸਪੋਰਟ ਨੈੱਟਵਰਕ ਨੂੰ ਨੁਕਸਾਨ ਪਹੁੰਚਣ ਅਤੇ ਬੰਦਰਗਾਹਾਂ 'ਤੇ ਐਮਰਜੈਂਸੀ ਪਾਬੰਦੀਆਂ ਲੱਗਣ ਕਾਰਨ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਵੈਨੇਜ਼ੁਏਲਾ ਦੀ ਪ੍ਰਮੁੱਖ ਕਾਰਗੋ ਬੰਦਰਗਾਹ 'ਲਾ ਗੁਆਇਰਾ' ਨੂੰ ਆਫ਼ਤ ਖੇਤਰ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਨਾਲ ਸ਼ਿਪਿੰਗ ਅਤੇ ਪੋਰਟ ਸੰਚਾਲਨ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਕੀ ਪੈਟਰੋਲ-ਡੀਜ਼ਲ ਦੇ ਵਧਣਗੇ ਦਾਮ?
ਹੁਣ ਲੋਕਾਂ ਦੇ ਮਨ 'ਚ ਸਵਾਲ ਇਹ ਹੈ ਕਿ ਕੀ ਇਸ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ, ਇਸ ਦਾ ਸਿੱਧਾ ਜਵਾਬ 'ਨਹੀਂ' ਹੈ। ਪਰ ਇਸ ਕਾਰਨ ਜਹਾਜ਼ਾਂ ਨੂੰ ਮਾਲ ਲੋਡ ਕਰਨ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਰੂਟ ਬਦਲਣ ਕਾਰਨ ਡੈਮਰੇਜ ਚਾਰਜ ਵੀ ਵਧ ਸਕਦੇ ਹਨ।
ਸ਼ਿਪਿੰਗ 'ਚ ਹੋਣ ਵਾਲੀ ਦੇਰੀ ਕਾਰਨ ਜਹਾਜ਼ਾਂ ਦਾ ਕਿਰਾਇਆ ਅਤੇ ਬੀਮਾ ਮਿਲ ਕੇ ਤੇਲ ਦੀ ਲਾਗਤ ਵਧਾ ਸਕਦੇ ਹਨ। ਇਨ੍ਹਾਂ ਵਾਧੂ ਖਰਚਿਆਂ ਦਾ ਸਿੱਧਾ ਅਸਰ ਕਾਰੋਬਾਰੀਆਂ, ਰਿਫਾਇਨਰੀਆਂ ਅਤੇ ਬੀਮਾ ਕੰਪਨੀਆਂ 'ਤੇ ਪਵੇਗਾ। ਇਸ ਕਾਰਨ ਸਿੱਧੇ ਤੌਰ 'ਤੇ ਤਾਂ ਪੈਟਰੋਲ-ਡੀਜ਼ਲ ਦੇ ਦਾਮ ਨਹੀਂ ਵਧ ਸਕਦੇ, ਪਰ ਜੇਕਰ ਭੂਚਾਲ ਕਾਰਨ ਪੈਦਾ ਹੋਈ ਇਹ ਰੁਕਾਵਟ ਲੰਬੀ ਖਿੱਚਦੀ ਹੈ, ਤਾਂ ਭਾਰਤੀ ਰਿਫਾਇਨਰੀ ਕੰਪਨੀਆਂ ਨੂੰ ਬਦਲਵੇਂ ਰਸਤਿਆਂ ਦੀ ਤਲਾਸ਼ ਕਰਨੀ ਪਵੇਗੀ।
ਬੀਮਾ ਕੰਪਨੀਆਂ ਲਈ ਵੀ ਚੁਣੌਤੀ
ਕੁਨਾਲ ਖੰਨਾ ਦੇ ਮੁਤਾਬਕ, ਵੈਨੇਜ਼ੁਏਲਾ ਤੋਂ ਆਉਣ ਵਾਲੇ ਜਹਾਜ਼ਾਂ ਲਈ ਬੀਮਾ ਪਾਲਿਸੀਆਂ ਹੁਣ ਤੱਕ ਮੁੱਖ ਤੌਰ 'ਤੇ ਭੂ-ਰਾਜਨੀਤਿਕ ਅਤੇ ਪਾਬੰਦੀਆਂ ਨਾਲ ਜੁੜੇ ਜੋਖਮਾਂ ਨੂੰ ਧਿਆਨ 'ਚ ਰੱਖ ਕੇ ਬਣਾਈਆਂ ਗਈਆਂ ਸਨ। ਪਰ ਹੁਣ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਵੀ ਜੋਖਮ ਦਾ ਇੱਕ ਵੱਡਾ ਕਾਰਨ ਬਣ ਗਈਆਂ ਹਨ, ਕਿਉਂਕਿ ਹੁਣ ਇਸ ਸਮੁੰਦਰੀ ਰਸਤੇ ਦਾ ਮੁਲਾਂਕਣ ਕੁਦਰਤੀ ਆਫ਼ਤਾਂ ਦੇ ਨਜ਼ਰੀਏ ਤੋਂ ਵੀ ਕਰਨਾ ਹੋਵੇਗਾ।
ਭਾਰਤ ਦੇ ਆਰਥਿਕ ਅਤੇ ਸੰਚਾਲਨ ਹਿੱਤਾਂ 'ਤੇ ਅਸਰ
ਇਸ ਤੋਂ ਇਲਾਵਾ ਭਾਰਤ ਦੀ ਸਰਕਾਰੀ ਕੰਪਨੀ ਓ.ਐੱਨ.ਜੀ.ਸੀ. ਵਿਦੇਸ਼ (ONGC Videsh) ਨੇ ਵੀ ਵੈਨੇਜ਼ੁਏਲਾ ਦੇ ਤੇਲ ਪ੍ਰੋਜੈਕਟਾਂ 'ਚ ਨਿਵੇਸ਼ ਕੀਤਾ ਹੋਇਆ ਹੈ। ਜੇਕਰ ਲੰਬੇ ਸਮੇਂ ਤੱਕ ਉਤਪਾਦਨ ਜਾਂ ਨਿਰਯਾਤ ਪ੍ਰਭਾਵਿਤ ਰਹਿੰਦਾ ਹੈ, ਤਾਂ ਭਾਰਤ ਦੇ ਆਰਥਿਕ ਅਤੇ ਸੰਚਾਲਨ ਹਿੱਤਾਂ 'ਤੇ ਵੀ ਅਸਰ ਪੈ ਸਕਦਾ ਹੈ।
ਪੀਐਮ ਮੋਦੀ ਅਤੇ ਵੈਨੇਜ਼ੁਏਲਾ ਵਿਚਾਲੇ ਗੱਲਬਾਤ
ਹਾਲ ਹੀ 'ਚ ਪੀਐਮ ਮੋਦੀ ਨੇ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨਾਲ ਗੱਲਬਾਤ ਕੀਤੀ ਸੀ। ਪੀਐਮ ਮੋਦੀ ਅਤੇ ਰੌਡਰਿਗਜ਼ ਨੇ ਭਾਰਤੀ ਕੰਪਨੀਆਂ ਲਈ ਵੈਨੇਜ਼ੁਏਲਾ ਦੇ ਮਾਈਨਿੰਗ (ਖਣਨ), ਮਹੱਤਵਪੂਰਨ ਖਣਿਜਾਂ, ਫਾਰਮਾਸਿਊਟੀਕਲ ਅਤੇ ਆਟੋਮੋਬਾਈਲ ਵਰਗੇ ਖੇਤਰਾਂ 'ਚ ਨਿਵੇਸ਼ ਦੇ ਮੌਕਿਆਂ 'ਤੇ ਵੀ ਚਰਚਾ ਕੀਤੀ ਸੀ। ਹਾਲਾਂਕਿ, ਹੁਣ ਭੂਚਾਲ ਦੇ ਕਾਰਨ ਇਨ੍ਹਾਂ ਯੋਜਨਾਵਾਂ 'ਚ ਬਦਲਾਅ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।