'ਬਿਲਕੁਲ ਨਹੀਂ' ਤੋਂ 'ਠੀਕ ਹੈ' ਅਤੇ ਫਿਰ 'ਨਾਂਹ' ਤਕ... ਸੋਨੀਆ ਗਾਂਧੀ ਨੇ 2004 'ਚ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਆਤਮਕਥਾ 'ਚ ਵੱਡਾ ਖ਼ੁਲਾਸਾ
ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਸੋਨੀਆ ਗਾਂਧੀ ਲਿਖਦੀ ਹੈ ਕਿ ਉਨ੍ਹਾਂ ਦੇ ਬੱਚੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਪੂਰੀ ਤਰ੍ਹਾਂ ਇਸ ਦੇ ਖ਼ਿਲਾਫ਼ ਸਨ ਕਿ ਉਨ੍ਹਾਂ ਦੀ ਮਾਂ ਪ੍ਰਧਾਨ ਮੰਤਰੀ ਬਣੇ। ਦੋਵਾਂ ਨੇ ਆਪਣੀ ਦਾਦੀ ਇੰਦਰਾ ਗਾਂਧੀ ਦੀ ਬੇਰਹਿਮੀ ਨਾਲ ਹੋਈ ਹੱਤਿਆ ਅਤੇ ਪਿਤਾ ਰਾਜੀਵ ਗਾਂਧੀ ਦੀ ਬੰਬ ਧਮਾਕੇ 'ਚ ਹੋਈ ਮੌਤ ਦਾ ਡੂੰਘਾ ਸਦਮਾ ਝੱਲਿਆ ਸੀ।
Publish Date: Tue, 10 Nov 2026 10:42 AM (IST)
Updated Date: Tue, 10 Nov 2026 10:50 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : 21ਵੀਂ ਸਦੀ ਦੀ ਭਾਰਤੀ ਰਾਜਨੀਤੀ ਦੇ ਸਭ ਤੋਂ ਵੱਡੇ ਫ਼ੈਸਲਿਆਂ 'ਚੋਂ ਇਕ ਬਾਰੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਚ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ 2004 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਕਰਨ ਨੂੰ ਲੈ ਕੇ ਉਹ ਸ਼ੁਰੂਆਤ 'ਚ 'ਬਿਲਕੁਲ ਨਹੀਂ' ਦੇ ਰੁਖ਼ 'ਤੇ ਸਨ, ਪਰ ਗਠਜੋੜ ਦੇ ਸਹਿਯੋਗੀਆਂ ਦੇ ਭਾਰੀ ਦਬਾਅ ਤੋਂ ਬਾਅਦ ਉਨ੍ਹਾਂ ਨੇ ਬੇਮਨ ਨਾਲ ਹੌਲੀ ਆਵਾਜ਼ 'ਚ 'ਠੀਕ ਹੈ' ਕਹਿ ਦਿੱਤਾ ਸੀ। ਹਾਲਾਂਕਿ, ਬਾਅਦ 'ਚ ਉਨ੍ਹਾਂ ਨੇ ਇਸ ਅਹੁਦੇ ਨੂੰ ਪੂਰੀ ਤਰ੍ਹਾਂ ਅਤੇ ਸਪੱਸ਼ਟ ਤੌਰ 'ਤੇ ਠੁਕਰਾ ਦਿੱਤਾ।
ਸੋਨੀਆ ਗਾਂਧੀ ਦੀ ਆਤਮਕਥਾ 'ਬਿਲੌਂਗਿੰਗ : ਅ ਜਰਨੀ ਆਫ਼ ਲਵ' ਮੰਗਲਵਾਰ ਨੂੰ ਬਾਜ਼ਾਰ 'ਚ ਆ ਗਈ ਹੈ। ਇਸ ਕਿਤਾਬ 'ਚ ਪਹਿਲੀ ਵਾਰ 2004 'ਚ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਪਿੱਛੇ ਚੱਲ ਰਹੇ ਉਨ੍ਹਾਂ ਦੇ ਅੰਦਰੂਨੀ ਸੰਘਰਸ਼ ਅਤੇ ਪਰਿਵਾਰ ਦੀਆਂ ਚਿੰਤਾਵਾਂ ਦਾ ਵਿਸਥਾਰ ਨਾਲ ਵੇਰਵਾ ਸਾਹਮਣੇ ਆਇਆ ਹੈ।
ਦਾਦੀ ਅਤੇ ਪਿਤਾ ਦੀ ਹੱਤਿਆ ਤੋਂ ਬਾਅਦ ਬੱਚਿਆਂ ਦੇ ਮਨ 'ਚ ਸੀ ਡਰ
ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਸੋਨੀਆ ਗਾਂਧੀ ਲਿਖਦੀ ਹੈ ਕਿ ਉਨ੍ਹਾਂ ਦੇ ਬੱਚੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਪੂਰੀ ਤਰ੍ਹਾਂ ਇਸ ਦੇ ਖ਼ਿਲਾਫ਼ ਸਨ ਕਿ ਉਨ੍ਹਾਂ ਦੀ ਮਾਂ ਪ੍ਰਧਾਨ ਮੰਤਰੀ ਬਣੇ। ਦੋਵਾਂ ਨੇ ਆਪਣੀ ਦਾਦੀ ਇੰਦਰਾ ਗਾਂਧੀ ਦੀ ਬੇਰਹਿਮੀ ਨਾਲ ਹੋਈ ਹੱਤਿਆ ਅਤੇ ਪਿਤਾ ਰਾਜੀਵ ਗਾਂਧੀ ਦੀ ਬੰਬ ਧਮਾਕੇ 'ਚ ਹੋਈ ਮੌਤ ਦਾ ਡੂੰਘਾ ਸਦਮਾ ਝੱਲਿਆ ਸੀ। ਉਨ੍ਹਾਂ ਦੇ ਮਨ 'ਚ ਇਹ ਗੱਲ ਬੈਠ ਗਈ ਸੀ ਕਿ ਇਸ ਸੰਵਿਧਾਨਕ ਅਹੁਦੇ 'ਤੇ ਰਹਿਣ ਦਾ ਮਤਲਬ ਆਪਣੀ ਜਾਨ ਨੂੰ ਵੱਡੇ ਖ਼ਤਰੇ 'ਚ ਪਾਉਣਾ ਹੈ।
ਕਿਤਾਬ ਮੁਤਾਬਕ, 2004 ਦੀਆਂ ਆਮ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਰਿਵਾਰ 'ਚ ਇਸ ਬਾਰੇ ਗੱਲਬਾਤ ਹੋਈ ਸੀ। ਜਦੋਂ ਬੱਚਿਆਂ ਨੇ ਉਨ੍ਹਾਂ ਨੂੰ ਸਿੱਧਾ ਪੁੱਛਿਆ ਕਿ ਜੇਕਰ ਪਾਰਟੀ ਜਿੱਤ ਜਾਂਦੀ ਹੈ ਤਾਂ ਕੀ ਉਹ ਪ੍ਰਧਾਨ ਮੰਤਰੀ ਬਣਨਗੇ, ਤਾਂ ਸੋਨੀਆ ਨੇ ਤੁਰੰਤ ਕਿਹਾ ਸੀ, 'ਬਿਲਕੁਲ ਨਹੀਂ!' ਜਦੋਂ ਬੱਚਿਆਂ ਨੇ ਦੁਬਾਰਾ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਆਪਣੇ ਇਸ ਫ਼ੈਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹਨ। ਉਸ ਸਮੇਂ ਬੱਚਿਆਂ ਨੇ ਸੁੱਖ ਦਾ ਸਾਹ ਲਿਆ ਸੀ।
ਗਠਜੋੜ ਦੇ ਆਗੂਆਂ ਨੇ ਬਣਾਇਆ ਸੀ ਭਾਰੀ ਦਬਾਅ
ਚੋਣ ਨਤੀਜਿਆਂ ਤੋਂ ਬਾਅਦ 10, ਜਨਪਥ ਸਥਿਤ ਰਾਜੀਵ ਗਾਂਧੀ ਦੇ ਕਾਨਫਰੰਸ ਰੂਮ 'ਚ ਹੋਈ ਇਕ ਮੀਟਿੰਗ ਦੌਰਾਨ ਗਠਜੋੜ ਦੀਆਂ ਪਾਰਟੀਆਂ ਦੇ ਆਗੂ ਸੋਨੀਆ ਗਾਂਧੀ 'ਤੇ ਅਹੁਦਾ ਸੰਭਾਲਣ ਲਈ ਭਾਰੀ ਦਬਾਅ ਬਣਾ ਰਹੇ ਸਨ। ਸੋਨੀਆ ਗਾਂਧੀ ਲਿਖਦੀ ਹੈ ਕਿ ਜਦੋਂ ਉਨ੍ਹਾਂ ਨੇ ਅਹੁਦਾ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਤਾਂ ਕਮਰੇ 'ਚ ਹਫ਼ੜਾ-ਦਫ਼ੜੀ ਮਚ ਗਈ। ਸਾਰੇ ਆਗੂ ਆਪਣੀਆਂ ਥਾਵਾਂ ਤੋਂ ਖੜ੍ਹੇ ਹੋ ਕੇ ਉਨ੍ਹਾਂ ਵੱਲ ਵਧੇ ਅਤੇ ਉਨ੍ਹਾਂ ਨੂੰ ਘੇਰ ਲਿਆ। ਆਗੂਆਂ ਨੇ ਸਖ਼ਤ ਅਤੇ ਹਮਲਾਵਰ ਲਹਿਜ਼ੇ 'ਚ ਕਿਹਾ ਕਿ ਅਸੀਂ ਇਹ ਸਵੀਕਾਰ ਨਹੀਂ ਕਰਾਂਗੇ। ਮੈਡਮ, ਤੁਸੀਂ ਇਹ ਫ਼ੈਸਲਾ ਨਹੀਂ ਲੈ ਸਕਦੇ। ਅਸੀਂ 'ਨਾਂਹ' ਸੁਣਨਾ ਹੀ ਨਹੀਂ ਚਾਹੁੰਦੇ। ਇਸ ਦਬਾਅ ਅਤੇ ਰੌਲੇ-ਰੱਪੇ ਕਾਰਨ ਘਬਰਾ ਕੇ ਸੋਨੀਆ ਗਾਂਧੀ ਨੇ ਦੱਬੀ ਜ਼ੁਬਾਨ 'ਚ ਲਗਭਗ ਨਾ ਸੁਣਾਈ ਦੇਣ ਵਾਲੀ ਆਵਾਜ਼ 'ਚ ਕਹਿ ਦਿੱਤਾ, 'ਠੀਕ ਹੈ...'। ਉਨ੍ਹਾਂ ਦੇ ਇੰਨਾ ਕਹਿੰਦੇ ਹੀ ਸਾਰੇ ਆਗੂ ਉਨ੍ਹਾਂ ਨੂੰ ਵਧਾਈਆਂ ਦੇਣ ਲੱਗ ਪਏ।
ਰਾਹੁਲ ਗਾਂਧੀ ਦੇ ਗੁੱਸੇ ਤੋਂ ਬਾਅਦ ਪ੍ਰਿਅੰਕਾ ਬਣੀ ਸਹਾਰਾ
ਉਸ ਸਮੇਂ ਪ੍ਰਿ੍ਅੰਕਾ ਗਾਂਧੀ ਦਰਵਾਜ਼ੇ ਦੇ ਬਾਹਰ ਖੜ੍ਹੀ ਸੀ। ਜਿਵੇਂ ਹੀ ਉਨ੍ਹਾਂ ਨੇ ਸੋਨੀਆ ਦੇ ਮੂੰਹੋਂ 'ਠੀਕ ਹੈ' ਸੁਣਿਆ, ਉਹ ਰੋਂਦੀ ਹੋਈ ਸਿੱਧੀ ਰਾਹੁਲ ਦੇ ਕਮਰੇ ਵੱਲ ਭੱਜੀ ਅਤੇ ਕਿਹਾ ਕਿ ਆਗੂਆਂ ਨੇ ਮਾਂ ਨੂੰ ਘੇਰ ਲਿਆ ਹੈ ਅਤੇ ਉਨ੍ਹਾਂ ਨੇ ਹਾਂ ਕਰ ਦਿੱਤੀ ਹੈ! ਰਾਹੁਲ ਗਾਂਧੀ ਗੁੱਸੇ 'ਚ ਆਪਣੀ ਮਾਂ ਕੋਲ ਪਹੁੰਚੇ ਅਤੇ ਸਖ਼ਤ ਲਹਿਜ਼ੇ 'ਚ ਪੁੱਛਿਆ, 'ਤੁਸੀਂ ਹਾਂ ਕਿਵੇਂ ਕਰ ਦਿੱਤੀ?' ਸੋਨੀਆ ਨੇ ਜਵਾਬ ਦਿੱਤਾ, 'ਉਹ ਮੇਰੀ ਗੱਲ ਸੁਣ ਹੀ ਨਹੀਂ ਰਹੇ ਸਨ, ਮੇਰੇ 'ਤੇ ਬਹੁਤ ਦਬਾਅ ਪਾਇਆ ਗਿਆ।' ਇਸ 'ਤੇ ਰਾਹੁਲ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ, 'ਦਬਾਅ? ਤੁਹਾਡੇ 'ਤੇ ਦਬਾਅ ਹੈ? ਸਾਡਾ ਕੀ?'
ਉੱਥੇ ਹੀ, ਪ੍ਰਿਅੰਕਾ ਗਾਂਧੀ ਨੇ ਸ਼ਾਂਤ ਲਹਿਜ਼ੇ 'ਚ ਆਪਣੀ ਮਾਂ ਨੂੰ ਕਿਹਾ ਕਿ ਮਾਂ, ਤੁਸੀਂ ਇਸ ਗੱਲ ਨੂੰ ਲੈ ਕੇ ਹਮੇਸ਼ਾ ਸਪੱਸ਼ਟ ਰਹੇ ਹੋ। ਕਿਸੇ ਦੇ ਦਬਾਅ 'ਚ ਨਾ ਆਓ। ਉਹੀ ਕਰੋ ਜੋ ਤੁਸੀਂ ਤੈਅ ਕੀਤਾ ਸੀ। ਅਸੀਂ ਦੋਵੇਂ ਤੁਹਾਡੇ ਨਾਲ ਖੜ੍ਹੇ ਹਾਂ। ਉਸ ਰਾਤ ਸੋਨੀਆ ਗਾਂਧੀ ਕਾਫ਼ੀ ਦੇਰ ਤੱਕ ਆਪਣੇ ਬੈੱਡਰੂਮ 'ਚ ਲੇਟੀ ਰਹੀ ਅਤੇ ਅੰਦਰੂਨੀ ਸੰਘਰਸ਼ ਨਾਲ ਜੂਝਦੀ ਰਹੀ। ਇਕ ਪਾਸੇ ਇਟਲੀ ਤੋਂ ਆ ਕੇ ਭਾਰਤ ਦੇ ਇਕ ਅਰਬ ਤੋਂ ਵੱਧ ਲੋਕਾਂ ਦੀ ਅਗਵਾਈ ਕਰਨ ਦਾ ਖ਼ਿਆਲ ਸੀ, ਤਾਂ ਦੂਜੇ ਪਾਸੇ ਦੇਸ਼ ਅਤੇ ਪਾਰਟੀ ਵਰਕਰਾਂ ਪ੍ਰਤੀ ਫ਼ਰਜ਼ ਤੇ ਪਿਆਰ ਦੀ ਭਾਵਨਾ ਸੀ। ਥਕਾਵਟ ਦਰਮਿਆਨ ਜਦੋਂ ਉਹ ਸੌਣ ਹੀ ਵਾਲੀ ਸੀ ਤਾਂ ਉਨ੍ਹਾਂ ਦਾ ਮਨ ਪੂਰੀ ਤਰ੍ਹਾਂ ਸਾਫ਼ ਹੋ ਗਿਆ। ਉਨ੍ਹਾਂ ਨੇ ਆਪਣੇ ਆਪ ਨੂੰ ਕਿਹਾ ਕਿ ਸੋਨੀਆ, ਆਪਣੇ ਪ੍ਰਤੀ ਇਮਾਨਦਾਰ ਰਹੋ। ਇਸ ਅਹੁਦੇ ਨੂੰ ਛੱਡ ਦਿਓ।
ਕੁਝ ਘੰਟਿਆਂ ਬਾਅਦ ਸਵੇਰੇ ਉੱਠਦਿਆਂ ਹੀ ਉਹ ਸਿੱਧੀ ਰਾਹੁਲ ਦੇ ਕਮਰੇ 'ਚ ਗਈ ਅਤੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਮੈਂ ਫ਼ੈਸਲਾ ਕਰ ਲਿਆ ਹੈ। ਮੈਂ ਆਪਣੇ ਰੁਖ਼ 'ਤੇ ਕਾਇਮ ਰਹਾਂਗੀ। ਰਾਹੁਲ ਨੇ ਤੁਰੰਤ ਆਪਣੀ ਮਾਂ ਨੂੰ ਗਲੇ ਲਗਾ ਲਿਆ ਅਤੇ ਕਿਹਾ ਕਿ ਇਹ ਬਿਲਕੁਲ ਸਹੀ ਫ਼ੈਸਲਾ ਹੈ।
ਮਨਮੋਹਨ ਸਿੰਘ ਦੇ ਨਾਂ 'ਤੇ ਕਿਵੇਂ ਲੱਗੀ ਮੋਹਰ?
ਇਸ ਤੋਂ ਬਾਅਦ ਸੰਸਦ 'ਚ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਦਾ ਬੇਹੱਦ ਭਾਵੁਕ ਅਤੇ ਨਾਟਕੀ ਦ੍ਰਿਸ਼ ਸਾਹਮਣੇ ਆਇਆ। ਕਈ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਹੁਦਾ ਸੰਭਾਲਣ ਲਈ ਮਿੰਨਤਾਂ ਕੀਤੀਆਂ, ਪਰ ਸੋਨੀਆ ਗਾਂਧੀ ਨੇ ਆਪਣੀ ਅੰਤਰ-ਆਤਮਾ ਦੀ ਆਵਾਜ਼ ਦਾ ਹਵਾਲਾ ਦਿੰਦਿਆਂ ਇਸ ਜ਼ਿੰਮੇਵਾਰੀ ਨੂੰ ਨਿਮਰਤਾ ਨਾਲ ਠੁਕਰਾ ਦਿੱਤਾ। ਸਦਨ 'ਚ ਜ਼ੋਰਦਾਰ ਹੰਗਾਮਾ ਹੋਇਆ, ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਸੰਸਦ ਮੈਂਬਰਾਂ ਤੋਂ ਆਪਣੇ ਉੱਤਰਾਧਿਕਾਰੀ ਦਾ ਨਾਂ ਪ੍ਰਸਤਾਵਿਤ ਕਰਨ ਦੀ ਇਜਾਜ਼ਤ ਮੰਗੀ। ਮਨਜ਼ੂਰੀ ਮਿਲਦਿਆਂ ਹੀ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਦੇ ਨਾਂ ਦਾ ਐਲਾਨ ਕਰ ਦਿੱਤਾ।
ਸੋਨੀਆ ਗਾਂਧੀ ਲਿਖਦੀ ਹੈ ਕਿ ਜਦੋਂ ਡਾਕਟਰ ਸਿੰਘ ਦੇ ਨਾਂ 'ਤੇ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਅਤੇ ਉਨ੍ਹਾਂ ਦੇ ਬੱਚੇ ਵੀ ਤਾੜੀਆਂ ਵਜਾ ਰਹੇ ਸਨ ਤਾਂ ਉਨ੍ਹਾਂ ਨੇ ਆਪਣੇ ਕਾਗਜ਼ ਸਮੇਟੇ ਅਤੇ ਮੰਚ ਤੋਂ ਹੇਠਾਂ ਉਤਰ ਆਈ। ਆਖ਼ਰਕਾਰ, ਅੰਦਰੂਨੀ ਉਥਲ-ਪੁਥਲ ਅਤੇ ਅਗਨੀ ਪ੍ਰੀਖਿਆ ਦਾ ਦੌਰ ਖ਼ਤਮ ਹੋ ਚੁੱਕਾ ਸੀ।