WhatsApp 'ਤੇ ਆਇਆ ਵਿਆਹ ਦਾ ਕਾਰਡ, ਡਾਊਨਲੋਡ ਕਰਦੇ ਹੀ ਨੌਜਵਾਨ ਨੂੰ 10 ਲੱਖ ਰੁਪਏ ਦਾ ਲੱਗਾ ਚੂਨਾ
ਸੂਰਤ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਮੁਤਾਬਕ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਗੁਜਰਾਤ ਦੇ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਉਸ ਨੇ WhatsApp 'ਤੇ ਆਏ 'ਵਿਆਹ ਦੇ ਸੱਦੇ' ਦੇ ਰੂਪ 'ਚ ਭੇਜੀ ਗਈ ਇਕ ਖ਼ਤਰਨਾਕ APK ਫਾਈਲ ਡਾਊਨਲੋਡ ਕਰ ਲਈ ਸੀ। ਇਸ ਤੋਂ ਬਾਅਦ ਉਸ ਨਾਲ 10.02 ਲੱਖ ਰੁਪਏ ਦੀ ਠੱਗੀ ਹੋ ਗਈ।
Publish Date: Fri, 27 Nov 2026 04:24 PM (IST)
Updated Date: Fri, 27 Nov 2026 04:31 PM (IST)
ਡਿਜੀਟਲ ਡੈਸਕ, ਅਹਿਮਦਾਬਾਦ : ਗੁਜਰਾਤ ਦੇ ਸੂਰਤ 'ਚ ਇਕ ਵਿਅਕਤੀ ਨੇ ਜਿਵੇਂ ਹੀ WhatsApp 'ਤੇ ਆਇਆ ਵਿਆਹ ਦਾ ਸੱਦਾ ਡਾਊਨਲੋਡ ਕੀਤਾ, ਉਸ ਦੇ ਬੈਂਕ ਖਾਤੇ 'ਚੋਂ 10.02 ਲੱਖ ਰੁਪਏ ਗਾਇਬ ਹੋ ਗਏ। ਪੀੜਤ ਵੱਲੋਂ ਸਾਈਬਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਇਸ ਮਾਮਲੇ 'ਚ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇਕ 28 ਸਾਲਾ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਸੂਰਤ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਮੁਤਾਬਕ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਗੁਜਰਾਤ ਦੇ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਉਸ ਨੇ WhatsApp 'ਤੇ ਆਏ 'ਵਿਆਹ ਦੇ ਸੱਦੇ' ਦੇ ਰੂਪ 'ਚ ਭੇਜੀ ਗਈ ਇਕ ਖ਼ਤਰਨਾਕ APK ਫਾਈਲ ਡਾਊਨਲੋਡ ਕਰ ਲਈ ਸੀ। ਇਸ ਤੋਂ ਬਾਅਦ ਉਸ ਨਾਲ 10.02 ਲੱਖ ਰੁਪਏ ਦੀ ਠੱਗੀ ਹੋ ਗਈ।
ਪੁਲਿਸ ਨੇ ਨਿਊਜ਼ ਏਜੰਸੀ IANS ਨੂੰ ਦੱਸਿਆ ਕਿ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੇ ਸ਼ਿਕਾਇਤਕਰਤਾ ਨੂੰ WhatsApp 'ਤੇ 'wedding invitation.APK' ਨਾਂ ਦੀ ਇਕ ਖ਼ਤਰਨਾਕ ਫਾਈਲ ਭੇਜੀ ਸੀ। ਇਸ ਨੂੰ ਉਨ੍ਹਾਂ ਨੇ ਅਸਲੀ ਵਿਆਹ ਦਾ ਸੱਦਾ ਦੱਸ ਕੇ ਪੇਸ਼ ਕੀਤਾ ਸੀ।
ਪੁਲਿਸ ਮੁਤਾਬਕ, ਫਾਈਲ ਡਾਊਨਲੋਡ ਹੁੰਦੇ ਹੀ ਪੀੜਤ ਦਾ ਮੋਬਾਈਲ ਫੋਨ ਹੈਕ ਹੋ ਗਿਆ। ਇਸ ਨਾਲ ਠੱਗਾਂ ਨੂੰ ਪੀੜਤ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਬੈਂਕ ਖਾਤੇ 'ਚੋਂ 10.02 ਲੱਖ ਰੁਪਏ ਟਰਾਂਸਫਰ ਕਰਨ ਦਾ ਮੌਕਾ ਮਿਲ ਗਿਆ। ਇਸ ਤੋਂ ਬਾਅਦ ਇਹ ਰਕਮ ਮੁਲਜ਼ਮ ਅਤੇ ਉਸ ਦੇ ਸਾਥੀਆਂ ਵੱਲੋਂ ਮੁਹੱਈਆ ਕਰਵਾਏ ਗਏ ਬੈਂਕ ਖਾਤਿਆਂ ਰਾਹੀਂ ਵੱਖ-ਵੱਖ ਥਾਵਾਂ 'ਤੇ ਭੇਜੀ ਗਈ ਅਤੇ ਅੰਤ 'ਚ ਚੈੱਕ ਰਾਹੀਂ ਪੈਸੇ ਕਢਵਾ ਲਏ ਗਏ।
ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਦੇਵੇਂਦਰ ਮਲਿਕ ਨਾਂ ਦੇ ਵਿਅਕਤੀ ਨੇ ਆਪਣੇ ਖਾਤੇ 'ਚ ਆਈ ਰਕਮ ਕਢਵਾਈ ਅਤੇ ਇਸ 'ਚੋਂ ਲਗਪਗ 20 ਫ਼ੀਸਦੀ ਕਮਿਸ਼ਨ ਵਜੋਂ ਆਪਣੇ ਕੋਲ ਰੱਖ ਲਿਆ। ਬਾਕੀ ਰਕਮ ਉਸ ਨੇ ਆਪਣੇ ਸਾਥੀਆਂ ਨੂੰ ਦੇ ਦਿੱਤੀ, ਜੋ ਅਜੇ ਵੀ ਫ਼ਰਾਰ ਹਨ।
ਯੂਪੀ ਤੋਂ ਦੇਵੇਂਦਰ ਮਲਿਕ ਗ੍ਰਿਫ਼ਤਾਰ
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸਾਈਬਰ ਕ੍ਰਾਈਮ ਬ੍ਰਾਂਚ ਨੇ ਇਸ ਲੈਣ-ਦੇਣ 'ਚ ਵਰਤੇ ਗਏ ਬੈਂਕ ਖਾਤਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਤਕਨੀਕੀ ਨਿਗਰਾਨੀ ਕੀਤੀ। ਇਸ ਦੇ ਆਧਾਰ 'ਤੇ ਪੁਲਿਸ ਬਿਜਨੌਰ 'ਚ ਮਲਿਕ ਤੱਕ ਪਹੁੰਚ ਗਈ।
ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਇਕ 28 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਸਾਈਬਰ ਅਪਰਾਧੀਆਂ ਦੀ ਮਦਦ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ, ਗ੍ਰਿਫ਼ਤਾਰ ਵਿਅਕਤੀ ਸਾਈਬਰ ਅਪਰਾਧੀਆਂ ਨੂੰ ਆਪਣਾ ਬੈਂਕ ਖਾਤਾ ਵਰਤਣ ਦਿੰਦਾ ਸੀ ਅਤੇ ਆਨਲਾਈਨ ਧੋਖਾਧੜੀ ਰਾਹੀਂ ਹਾਸਲ ਕੀਤੀ ਗਈ ਰਕਮ ਨੂੰ ਇੱਧਰ-ਉੱਧਰ ਭੇਜਣ 'ਚ ਮਦਦ ਕਰਦਾ ਸੀ।
ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੀ ਧਰਮ ਨਗਰੀ ਕਾਲੋਨੀ ਦੇ ਰਹਿਣ ਵਾਲੇ ਦੇਵੇਂਦਰ ਮਲਿਕ ਵਜੋਂ ਹੋਈ ਹੈ। ਦੋਸ਼ ਹੈ ਕਿ ਉਸ ਨੇ ਸਾਈਬਰ ਅਪਰਾਧ ਨਾਲ ਜੁੜੇ ਲੈਣ-ਦੇਣ ਲਈ ਠੱਗਾਂ ਨੂੰ ਆਪਣਾ ਬੈਂਕ ਖਾਤਾ ਵਰਤਣ ਦਿੱਤਾ, ਜਿਸ ਦੇ ਬਦਲੇ ਉਸ ਨੇ ਕਮਿਸ਼ਨ ਲਿਆ। ਆਪਣਾ ਹਿੱਸਾ ਰੱਖਣ ਤੋਂ ਬਾਅਦ ਉਸ ਨੇ ਬਾਕੀ ਪੈਸੇ ਨੈੱਟਵਰਕ ਦੇ ਹੋਰ ਮੈਂਬਰਾਂ ਨੂੰ ਸੌਂਪ ਦਿੱਤੇ।
ਸਾਈਬਰ ਕ੍ਰਾਈਮ ਪੁਲਿਸ ਥਾਣੇ 'ਚ ਭਾਰਤੀ ਨਿਆਂ ਸੰਹਿਤਾ, 2023 ਦੀਆਂ ਧਾਰਾਵਾਂ 318(4), 336(2), 336(3), 338, 340(2), 61(2) ਅਤੇ 3(5), ਅਤੇ ਸੂਚਨਾ ਤਕਨਾਲੋਜੀ ਐਕਟ, 2008 ਦੀ ਧਾਰਾ 66(D) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਲੋਕਾਂ ਨੂੰ ਕੀਤੀ ਅਪੀਲ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ WhatsApp ਜਾਂ ਹੋਰ ਮੈਸੇਜਿੰਗ ਪਲੇਟਫਾਰਮਾਂ 'ਤੇ ਮਿਲਣ ਵਾਲੀਆਂ APK ਫਾਈਲਾਂ ਨੂੰ ਡਾਊਨਲੋਡ ਨਾ ਕਰਨ। ਖ਼ਾਸ ਤੌਰ 'ਤੇ ਅਜਿਹੀਆਂ ਫਾਈਲਾਂ ਤੋਂ ਸਾਵਧਾਨ ਰਹਿਣ, ਜੋ ਵਿਆਹ ਦੇ ਸੱਦੇ, RTO ਚਲਾਨ, ਬੈਂਕਿੰਗ ਸੇਵਾਵਾਂ, ਕਸਟਮਰ ਸਪੋਰਟ ਮੈਸੇਜ, KYC ਅਪਡੇਟ, ਸਰਕਾਰੀ ਯੋਜਨਾਵਾਂ, ਅਪੁਆਇੰਟਮੈਂਟ ਬੁਕਿੰਗ ਜਾਂ ਕਰਿਆਨੇ ਨਾਲ ਜੁੜੀਆਂ ਐਪਲੀਕੇਸ਼ਨਾਂ ਹੋਣ ਦਾ ਦਾਅਵਾ ਕਰਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੂੰ SMS ਜਾਂ ਈਮੇਲ ਰਾਹੀਂ ਮਿਲਣ ਵਾਲੇ ਸ਼ੱਕੀ ਲਿੰਕਾਂ 'ਤੇ ਕਲਿੱਕ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।