- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
NIA ਨੇ ਇਸ ਮਾਮਲੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਸਾਲ 2015 ਵਿਚ ਅਦਾਲਤ ਦੇ ਸਾਹਮਣੇ ਲਗਭਗ ਇੱਕ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਚਾਰਜਸ਼ੀਟ ਵਿਚ ਸ਼ੁਰੂਆਤ ਵਿਚ 11 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਡਿਜ਼ੀਟਲ ਡੈਸਕ, ਰਾਏਪੁਰ : ਛੱਤੀਸਗੜ੍ਹ ਦੇ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਖੌਫਨਾਕ ਨਕਸਲੀ ਹਮਲਿਆਂ 'ਚੋਂ ਇਕ 2013 ਦੇ ਝੀਰਮ ਘਾਟੀ ਕਤਲੇਆਮ ਮਾਮਲੇ ਵਿਚ NIA ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਅਹਿਮ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ NIA ਦੀ ਵਿਸ਼ੇਸ਼ ਅਦਾਲਤ ਦੇ ਜੱਜ ਅਜੈ ਸਿੰਘ ਰਾਜਪੂਤ ਦੀ ਬੈਂਚ ਵਿਚ ਚੱਲ ਰਹੀ ਸੀ।
ਵਿਸ਼ੇਸ਼ ਅਦਾਲਤ 'ਚ 12 ਅਗਸਤ ਨੂੰ ਝੀਰਮ ਘਾਟੀ ਹਮਲੇ ਨੂੰ ਲੈ ਕੇ ਅੰਤਿਮ ਸੁਣਵਾਈ ਪੂਰੀ ਹੋ ਗਈ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਫ਼ੈਸਲਾ ਸੁਣਾਉਣ ਲਈ ਪਹਿਲਾਂ 31 ਅਗਸਤ ਦੀ ਤਾਰੀਖ਼ ਤੈਅ ਕੀਤੀ ਗਈ ਸੀ। ਹਾਲਾਂਕਿ, ਬਾਅਦ 'ਚ ਇਸ ਫ਼ੈਸਲੇ ਨੂੰ ਪੰਜ ਦਿਨਾਂ ਲਈ ਟਾਲ ਦਿੱਤਾ ਗਿਆ ਅਤੇ ਆਖ਼ਰਕਾਰ 5 ਸਤੰਬਰ ਨੂੰ ਇਹ ਇਤਿਹਾਸਕ ਫ਼ੈਸਲਾ ਸੁਣਾਇਆ ਗਿਆ।
NIA ਨੇ ਇਸ ਮਾਮਲੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਸਾਲ 2015 ਵਿਚ ਅਦਾਲਤ ਦੇ ਸਾਹਮਣੇ ਲਗਭਗ ਇੱਕ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਚਾਰਜਸ਼ੀਟ ਵਿਚ ਸ਼ੁਰੂਆਤ ਵਿਚ 11 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਜਾਂਚ ਅਤੇ ਸੁਣਵਾਈ ਦੌਰਾਨ ਇਨ੍ਹਾਂ ਵਿਚੋਂ ਇੱਕ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਕੀ 10 ਮੁਲਜ਼ਮ ਫਿਲਹਾਲ ਜਗਦਲਪੁਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਹਨ।
ਅਦਾਲਤ 'ਚ ਚੱਲੇ ਲੰਬੇ ਮੁਕੱਦਮੇ ਦੌਰਾਨ ਸਰਕਾਰੀ ਧਿਰ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਕੁੱਲ 101 ਗਵਾਹਾਂ ਦੇ ਬਿਆਨ ਦਰਜ ਕਰਵਾਏ। ਇਸ ਦੇ ਉਲਟ, ਬਚਾਅ ਪੱਖ ਵੱਲੋਂ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਅਦਾਲਤ ਵਿਚ ਇੱਕ ਵੀ ਗਵਾਹ ਪੇਸ਼ ਨਹੀਂ ਕੀਤਾ ਜਾ ਸਕਿਆ।
25 ਮਈ 2013 ਨੂੰ ਛੱਤੀਸਗੜ੍ਹ ਦੇ ਬਸਤਰ ਸੰਭਾਗ ਵਿਚ ਕਾਂਗਰਸ ਪਾਰਟੀ ਵੱਲੋਂ ਪਰਿਵਰਤਨ ਯਾਤਰਾ ਕੱਢੀ ਜਾ ਰਹੀ ਸੀ। ਜਦੋਂ ਆਗੂਆਂ ਦਾ ਕਾਫ਼ਲਾ ਝੀਰਮ ਘਾਟੀ ਤੋਂ ਲੰਘ ਰਿਹਾ ਸੀ ਤਾਂ ਘਾਤ ਲਗਾ ਕੇ ਬੈਠੇ ਸੈਂਕੜੇ ਮਾਓਵਾਦੀਆਂ ਨੇ ਉਨ੍ਹਾਂ ’ਤੇ ਚਾਰੇ ਪਾਸਿਓਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਭਿਆਨਕ ਹਮਲੇ ਵਿਚ ਕੁੱਲ 32 ਲੋਕਾਂ ਦੀ ਜਾਨ ਗਈ ਸੀ ਅਤੇ 38 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ। ਹਾਲਾਂਕਿ, NIA ਨੇ ਆਪਣੀ ਚਾਰਜਸ਼ੀਟ ਵਿਚ ਅਧਿਕਾਰਤ ਤੌਰ ’ਤੇ 27 ਮ੍ਰਿਤਕਾਂ ਦੀ ਹੀ ਜਾਣਕਾਰੀ ਦਿੱਤੀ ਹੈ।
ਇਸ ਭਿਆਨਕ ਨਕਸਲੀ ਹਮਲੇ ਦਾ ਮੁੱਖ ਨਿਸ਼ਾਨਾ ਕਾਂਗਰਸ ਦੇ ਚੋਟੀ ਦੇ ਆਗੂ ਸਨ। ਇਸ ਹਮਲੇ ਵਿਚ ਤਤਕਾਲੀ ਕਾਂਗਰਸ ਸੂਬਾ ਪ੍ਰਧਾਨ ਨੰਦ ਕੁਮਾਰ ਪਟੇਲ, ‘ਬਸਤਰ ਟਾਈਗਰ’ ਦੇ ਨਾਂ ਨਾਲ ਮਸ਼ਹੂਰ ਸਾਬਕਾ ਮੰਤਰੀ ਮਹਿੰਦਰ ਕਰਮਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲਾ ਸਮੇਤ ਕਈ ਪ੍ਰਮੁੱਖ ਆਗੂਆਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਜਾਨ ਚਲੀ ਗਈ ਸੀ।