ਭਾਰਤ 'ਤੇ US ਦਾ ਦਬਾਅ ਬੇਅਸਰ, ਰੂਸ ਨਾਲ ਤੇਲ 'ਤੇ ਹੋਈ ਵੱਡੀ ਡੀਲ; ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਬਣਿਆ
ਮਈ 2026 ਵਿੱਚ ਚੀਨ ਦੁਨੀਆ ਭਰ ਵਿੱਚ ਰੂਸੀ ਜੀਵਾਸ਼ਮ ਬਾਲਣ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਰਿਹਾ, ਜਿਸ ਨੇ ਰੂਸ ਦੇ ਚੋਟੀ ਦੇ ਪੰਜ ਆਯਾਤਕ (ਦਰਾਮਦਕਾਰ) ਦੇਸ਼ਾਂ ਤੋਂ ਹੋਣ ਵਾਲੀ ਕੁੱਲ ਕਮਾਈ ਵਿੱਚ ਇਕੱਲੇ 38% (7.0 ਅਰਬ ਯੂਰੋ) ਦਾ ਯੋਗਦਾਨ ਪਾਇਆ
Publish Date: Sun, 14 Jun 2026 10:55 AM (IST)
Updated Date: Sun, 14 Jun 2026 11:03 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਗਲੋਬਲ ਪਾਬੰਦੀਆਂ ਅਤੇ ਭੂ-ਰਾਜਨੀਤਿਕ ਦਬਾਅ ਦੇ ਬਾਵਜੂਦ ਭਾਰਤੀ ਰਿਫਾਇਨਰੀਆਂ ਨੇ ਰੂਸ ਤੋਂ ਰਿਆਇਤੀ ਦਰਾਂ 'ਤੇ ਕੱਚੇ ਤੇਲ ਦੀ ਖਰੀਦ ਹੋਰ ਵਧਾ ਦਿੱਤੀ ਹੈ। ਯੂਰਪ ਦੇ ਥਿੰਕ ਟੈਂਕ 'ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਐੇਅਰ' (CREA) ਦੀ ਰਿਪੋਰਟ ਦੇ ਅਨੁਸਾਰ, ਮਈ ਮਹੀਨੇ ਵਿੱਚ ਭਾਰਤ ਨੇ ਰੂਸ ਤੋਂ ਲਗਪਗ 5.8 ਅਰਬ ਯੂਰੋ ਦੇ ਜੀਵਾਸ਼ਮ ਬਾਲਣ ਦੀ ਦਰਾਮਦ ਕੀਤੀ, ਜਿਸ ਨਾਲ ਉਹ ਚੀਨ ਤੋਂ ਬਾਅਦ ਰੂਸੀ ਬਾਲਣ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਹੋਇਆ ਹੈ।
ਰੂਸ ਤੋਂ ਤੇਲ ਨਾ ਖਰੀਦਣ ਦੀ ਸਲਾਹ ਦੇਣ ਵਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਨੂੰ ਲਾਂਭੇ ਕਰਦੇ ਹੋਏ, ਪਿਛਲੇ ਮਹੀਨੇ ਦੇ ਮੁਕਾਬਲੇ ਮਈ ਵਿੱਚ ਭਾਰਤ ਦੀ ਕੁੱਲ ਕੱਚੇ ਤੇਲ ਦੀ ਦਰਾਮਦ ਵਿੱਚ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਿਸਦਾ ਮੁੱਖ ਕਾਰਨ ਰੂਸ ਤੋਂ ਹੋਣ ਵਾਲੀ ਦਰਾਮਦ ਵਿੱਚ ਆਈ 21 ਫੀਸਦੀ ਦੀ ਭਾਰੀ ਤੇਜ਼ੀ ਹੈ।
ਗੁਜਰਾਤ ਦੇ ਜਾਮਨਗਰ ਅਤੇ ਵਾਡੀਨਾਰ ਵਰਗੇ ਵੱਡੇ ਰਿਫਾਇਨਿੰਗ ਹੱਬਾਂ ਦੇ ਨਾਲ-ਨਾਲ ਸਰਕਾਰੀ ਤੇਲ ਕੰਪਨੀਆਂ ਨੇ ਵੀ ਇਸ ਦੌਰਾਨ ਰੂਸੀ ਕੱਚੇ ਤੇਲ ਦੀ ਆਮਦ ਨੂੰ ਕਾਫੀ ਵਧਾਇਆ ਹੈ। ਇਸ ਮਹੀਨੇ ਰੂਸ ਤੋਂ ਭਾਰਤ ਦੀ ਕੁੱਲ ਦਰਾਮਦ ਵਿੱਚ ਕੱਚੇ ਤੇਲ ਦੀ ਹਿੱਸੇਦਾਰੀ ਲਗਪਗ 83 ਫੀਸਦੀ ਸੀ, ਜਿਸਦੀ ਕੀਮਤ 4.8 ਅਰਬ ਯੂਰੋ ਸੀ, ਜਦੋਂ ਕਿ ਤੇਲ ਉਤਪਾਦਾਂ ਅਤੇ ਕੋਲੇ ਦੀ ਦਰਾਮਦ ਕ੍ਰਮਵਾਰ 550 ਮਿਲੀਅਨ ਯੂਰੋ ਅਤੇ 429 ਮਿਲੀਅਨ ਯੂਰੋ ਰਹੀ।
ਭਾਰਤ ਦੇ ਕੁਝ ਸਭ ਤੋਂ ਵੱਡੇ ਰਿਫਾਇਨਿੰਗ ਕੇਂਦਰਾਂ ਵਿੱਚ ਰੂਸੀ ਕੱਚੇ ਤੇਲ ਦੀ ਆਮਦ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ। ਗੁਜਰਾਤ ਦੀ ਵਾਡੀਨਾਰ ਰਿਫਾਇਨਰੀ ਵਿੱਚ ਅਨਲੋਡ ਕੀਤੀ ਗਈ ਮਾਤਰਾ ਅਪ੍ਰੈਲ ਦੇ ਪੱਧਰ ਤੋਂ 36 ਫੀਸਦੀ ਵਧ ਗਈ, ਜਦੋਂ ਕਿ ਰਾਜ ਵਿੱਚ ਜਾਮਨਗਰ ਰਿਫਾਇਨਿੰਗ ਕੰਪਲੈਕਸ ਵਿੱਚ ਡਿਲੀਵਰੀ 14 ਫੀਸਦੀ ਵਧ ਗਈ।
CREA ਦੇ ਅਨੁਸਾਰ, ਸਰਕਾਰੀ ਰਿਫਾਇਨਰੀਆਂ ਨੇ ਵੀ ਇਸ ਸਾਲ ਦੀ ਸ਼ੁਰੂਆਤ ਵਿੱਚ ਦਰਾਮਦ ਦੁਬਾਰਾ ਸ਼ੁਰੂ ਕਰਨ ਤੋਂ ਬਾਅਦ ਖਰੀਦਦਾਰੀ ਵਧਾ ਦਿੱਤੀ ਹੈ। ਨਿਊ ਮੈਂਗਲੋਰ ਅਤੇ ਵਿਸ਼ਾਖਾਪਟਨਮ ਰਿਫਾਇਨਰੀਆਂ, ਜਿਨ੍ਹਾਂ ਨੇ ਨਵੰਬਰ 2025 ਦੇ ਅੰਤ ਵਿੱਚ ਰੂਸੀ ਕੱਚੇ ਤੇਲ ਦੀ ਦਰਾਮਦ ਰੋਕ ਦਿੱਤੀ ਸੀ, ਨੇ ਮਾਰਚ ਵਿੱਚ ਖਰੀਦਦਾਰੀ ਦੁਬਾਰਾ ਸ਼ੁਰੂ ਕਰਨ ਤੋਂ ਬਾਅਦ ਰੂਸੀ ਤੇਲ ਖਰੀਦਣਾ ਜਾਰੀ ਰੱਖਿਆ।
ਮਈ ਵਿੱਚ ਨਿਊ ਮੈਂਗਲੋਰ ਵਿੱਚ ਰੂਸੀ ਕੱਚੇ ਤੇਲ ਦੀ ਡਿਲੀਵਰੀ ਮਹੀਨਾ-ਦਰ-ਮਹੀਨਾ 13 ਫੀਸਦੀ ਵਧੀ, ਜਦੋਂ ਕਿ ਵਿਸ਼ਾਖਾਪਟਨਮ ਵਿੱਚ ਦਰਾਮਦ ਵਿੱਚ 42 ਫੀਸਦੀ ਦਾ ਉਛਾਲ ਆਇਆ। ਇਸ ਦੇ ਨਾਲ ਹੀ ਓਡੀਸ਼ਾ ਦੇ ਪੂਰਬੀ ਤੱਟ 'ਤੇ ਸਥਿਤ ਪਾਰਾਦੀਪ ਰਿਫਾਇਨਰੀ ਨੇ ਵੀ ਦੋ ਸਾਲਾਂ ਵਿੱਚ ਰੂਸੀ ਕੱਚੇ ਤੇਲ ਦੀ ਆਪਣੀ ਸਭ ਤੋਂ ਵੱਧ ਮਾਤਰਾ ਅਨਲੋਡ ਕੀਤੀ।
ਯੂਕਰੇਨ 'ਤੇ ਮਾਸਕੋ ਦੇ ਹਮਲੇ ਤੋਂ ਬਾਅਦ ਪੱਛਮੀ ਪਾਬੰਦੀਆਂ ਅਤੇ ਵਪਾਰਕ ਰੋਕਾਂ ਦੁਆਰਾ ਗਲੋਬਲ ਊਰਜਾ ਪ੍ਰਵਾਹ ਨੂੰ ਬਦਲਣ ਤੋਂ ਬਾਅਦ ਭਾਰਤ ਰੂਸੀ ਤੇਲ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ। ਭਾਰਤੀ ਰਿਫਾਇਨਰੀਆਂ ਨੇ ਲਗਾਤਾਰ ਰਿਆਇਤੀ ਰੂਸੀ ਕੱਚੇ ਤੇਲ ਦੀ ਖਰੀਦਦਾਰੀ ਵਧਾਈ ਹੈ, ਜਿਸ ਨਾਲ ਉੱਚ ਊਰਜਾ ਲਾਗਤਾਂ ਦੀ ਭਰਪਾਈ ਕਰਨ ਵਿੱਚ ਮਦਦ ਮਿਲੀ ਹੈ ਅਤੇ ਨਾਲ ਹੀ ਰਿਫਾਇਨਿੰਗ ਮਾਰਜਿਨ ਅਤੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਨੂੰ ਵੀ ਹੁਲਾਰਾ ਮਿਲਿਆ ਹੈ।
ਰੂਸ ਤੋਂ ਕਿਸਨੇ ਕਿੰਨਾ ਖਰੀਦਿਆ ਤੇਲ
ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਵਿੱਚ ਰੂਸੀ ਤੇਲ ਦਾ ਹਿੱਸਾ ਅਜੇ ਵੀ ਕਾਫੀ ਵੱਡਾ ਹੈ, ਭਾਵੇਂ ਦੇਸ਼ ਮੱਧ ਪੂਰਬ (Middle East), ਅਫਰੀਕਾ ਅਤੇ ਅਮਰੀਕਾ ਤੋਂ ਵੀ ਤੇਲ ਮੰਗਵਾ ਰਿਹਾ ਹੈ। CREA ਦੇ ਅਨੁਸਾਰ, ਮਈ ਵਿੱਚ ਚੀਨ ਨੇ ਰੂਸ ਦੇ ਕੱਚੇ ਤੇਲ ਦੀ ਬਰਾਮਦ ਦਾ 50 ਫੀਸਦੀ ਹਿੱਸਾ ਖਰੀਦਿਆ, ਇਸ ਤੋਂ ਬਾਅਦ ਭਾਰਤ (36 ਫੀਸਦੀ), ਤੁਰਕੀ (6 ਫੀਸਦੀ) ਅਤੇ EU (5 ਫੀਸਦੀ) ਦਾ ਸਥਾਨ ਰਿਹਾ।
ਚੀਨ ਵੱਲੋਂ ਖਰੀਦੇ ਗਏ ਬਾਲਣ 'ਚ ਵੱਖ-ਵੱਖ ਚੀਜ਼ਾਂ ਦੀ ਹਿੱਸੇਦਾਰੀ
ਮਈ 2026 ਵਿੱਚ ਚੀਨ ਦੁਨੀਆ ਭਰ ਵਿੱਚ ਰੂਸੀ ਜੀਵਾਸ਼ਮ ਬਾਲਣ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਰਿਹਾ, ਜਿਸ ਨੇ ਰੂਸ ਦੇ ਚੋਟੀ ਦੇ ਪੰਜ ਆਯਾਤਕ (ਦਰਾਮਦਕਾਰ) ਦੇਸ਼ਾਂ ਤੋਂ ਹੋਣ ਵਾਲੀ ਕੁੱਲ ਕਮਾਈ ਵਿੱਚ ਇਕੱਲੇ 38% (7.0 ਅਰਬ ਯੂਰੋ) ਦਾ ਯੋਗਦਾਨ ਪਾਇਆ। ਚੀਨ ਦੀ ਇਸ ਕੁੱਲ ਖਰੀਦ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਕੱਚੇ ਤੇਲ ਦੀ ਸੀ, ਜੋ ਲਗਪਗ 69% (4.8 ਅਰਬ ਯੂਰੋ) ਰਹੀ। ਇਸ ਤੋਂ ਬਾਅਦ ਚੀਨ ਨੇ 618 ਮਿਲੀਅਨ ਯੂਰੋ ਦੀ ਪਾਈਪਲਾਈਨ ਗੈਸ, 525 ਮਿਲੀਅਨ ਯੂਰੋ ਦਾ ਕੋਲਾ ਅਤੇ 510 ਮਿਲੀਅਨ ਯੂਰੋ ਦੀ ਐਲਐਨਜੀ (LNG) ਖਰੀਦੀ, ਜਦੋਂ ਕਿ ਬਾਕੀ ਬਚਿਆ 479 ਮਿਲੀਅਨ ਯੂਰੋ ਦਾ ਆਯਾਤ ਹੋਰ ਪੈਟਰੋਲੀਅਮ ਉਤਪਾਦਾਂ ਦਾ ਸੀ।
ਪਾਬੰਦੀਆਂ ਦੇ ਬਾਵਜੂਦ ਸਪਲਾਈ
CREA ਦੇ ਅਨੁਸਾਰ, 21 ਜਨਵਰੀ 2026 ਨੂੰ ਯੂਰਪੀਅਨ ਯੂਨੀਅਨ (EU) ਦੁਆਰਾ ਰੂਸੀ ਕੱਚੇ ਤੇਲ ਤੋਂ ਬਣੇ ਉਤਪਾਦਾਂ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਮਈ 2026 ਵਿੱਚ ਰੂਸੀ ਤੇਲ ਦੀ ਵਰਤੋਂ ਕਰਨ ਵਾਲੀਆਂ ਰਿਫਾਇਨਰੀਆਂ ਤੋਂ 10 ਤੇਲ ਜਹਾਜ਼ਾਂ ਦੀ ਖੇਪ EU ਦੇ ਬੰਦਰਗਾਹਾਂ 'ਤੇ ਪਹੁੰਚੀ। ਇਸ ਦੌਰਾਨ ਭਾਰਤ, ਤੁਰਕੀ, ਬਰੂਨੇਈ ਅਤੇ ਜਾਰਜੀਆ ਦੀਆਂ ਰਿਫਾਇਨਰੀਆਂ ਨੇ ਪਾਬੰਦੀ ਲਗਾਉਣ ਵਾਲੇ ਦੇਸ਼ਾਂ ਨੂੰ ਕੁੱਲ 641 ਮਿਲੀਅਨ ਯੂਰੋ ਦੇ ਤੇਲ ਉਤਪਾਦ ਭੇਜੇ, ਜਿਸ ਵਿੱਚੋਂ ਕਰੀਬ 214 ਮਿਲੀਅਨ ਯੂਰੋ ਦੇ ਉਤਪਾਦ ਸਿੱਧੇ ਤੌਰ 'ਤੇ ਰੂਸੀ ਕੱਚੇ ਤੇਲ ਤੋਂ ਤਿਆਰ ਕੀਤੇ ਗਏ ਸਨ।
ਇਨ੍ਹਾਂ ਖਰੀਦਦਾਰਾਂ ਵਿੱਚ ਸ਼ਾਮਲ ਸਨ
ਆਸਟ੍ਰੇਲੀਆ: 275 ਮਿਲੀਅਨ ਯੂਰੋ
ਯੂਰਪੀਅਨ ਯੂਨੀਅਨ (EU): 174 ਮਿਲੀਅਨ ਯੂਰੋ
ਅਮਰੀਕਾ (USA): 147 ਮਿਲੀਅਨ ਯੂਰੋ
ਨਿਊਜ਼ੀਲੈਂਡ: 45 ਮਿਲੀਅਨ ਯੂਰੋ
ਅਮਰੀਕਾ ਨੂੰ ਇਹ ਬਰਾਮਦ ਮੁੱਖ 'ਤੇ ਭਾਰਤ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਜਾਮਨਗਰ ਰਿਫਾਇਨਰੀ ਅਤੇ ਤੁਰਕੀ ਦੀ ਸਟਾਰ ਤੇ ਤੁਪ੍ਰਾਸ ਇਜ਼ਮਿਤ ਰਿਫਾਇਨਰੀਆਂ ਤੋਂ ਹੋਈ।
ਅੰਕੜਿਆਂ ਮੁਤਾਬਕ, ਪਿਛਲੇ ਤਿੰਨ ਮਹੀਨਿਆਂ ਵਿੱਚ ਸਟਾਰ ਰਿਫਾਇਨਰੀ ਨੇ ਆਪਣੇ ਕੱਚੇ ਤੇਲ ਦਾ 39% ਅਤੇ ਜਾਮਨਗਰ ਰਿਫਾਇਨਰੀ ਨੇ 15% ਹਿੱਸਾ ਰੂਸ ਤੋਂ ਮੰਗਵਾਇਆ ਸੀ।