- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਇਸ ਮਾਮਲੇ ’ਚ ਸਰਗਰਮ ਹੈ। ਜਹਾਜ਼ਰਾਨੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਤੇ ਹੋਰ ਸਥਾਨਾਂ ਤੋਂ ਸੁਰੱਖਿਅਤ ਕੱਢਣ ਲਈ ਵਿਦੇਸ਼ ਮੰਤਰਾਲਾ ਤੇ ਪੈਟਰੋਲੀਅਮ ਮੰਤਰਾਲੇ ਦੇ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਜੰਗ ਸਮਾਪਤੀ ਦੇ ਐਲਾਨ ਹੋਣ ਤੋਂ ਤਿੰਨ ਦਿਨ ਬਾਅਦ ਤੇ 17 ਜੂਨ, 2026 ਨੂੰ ਅਮਰੀਕਾ ਤੇ ਈਰਾਨ ਵਿਚਾਲੇ ਸ਼ੁਰੂਆਤੀ ਸ਼ਾਂਤੀ ਸਮਝੌਤਾ ਹੋਣ ਦੇ ਬਾਵਜੂਦ ਇਹ ਸਾਫ਼ ਨਹੀਂ ਹੈ ਕਿ ਹੋਰਮੁਜ਼ ’ਚ ਫਸੇ 13 ਭਾਰਤੀ ਜਹਾਜ਼ ਉਥੋਂ ਕਦ ਨਿਕਲ ਸਕਣਗੇ। ਪਿਛਲੇ ਚਾਰ ਦਿਨਾਂ ’ਚ ਹੋਰਮੁਜ਼ ਤੋਂ ਐੱਲਐੱਨਜੀ ਸ਼ਿਪਿੰਗ ਸ਼ਿਪ ‘ਦਿਸ਼ਾ’ ਤੋਂ ਇਲਾਵਾ ਕੋਈ ਵੀ ਭਾਰਤੀ ਜਹਾਜ਼ ਬਾਹਰ ਨਹੀਂ ਨਿਕਲ ਸਕਿਆ ਹੈ। 15 ਜੂਨ ਨੂੰ ਹੋਰਮੁਜ਼ ਨੂੰ ਪਾਰ ਕਰ ਕੇ 62,370 ਮੀਟ੍ਰਿਕ ਟਨ ਐੱਲਐੱਨਜੀ ਲੈ ਕੇ ‘ਦਿਸ਼ਾ’ ਦੇ ਸ਼ੁੱਕਰਵਾਰ (19 ਜੂਨ) ਨੂੰ ਗੁਜਰਾਤ ਦੇ ਦਹੇਜ ਪੋਰਟ ’ਤੇ ਪੁੱਜਣ ਦੀ ਸੰਭਾਵਨਾ ਹੈ। ਸਰਕਾਰੀ ਅਧਿਕਾਰੀਆਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਹੋਰ ਭਾਰਤੀ ਜਹਾਜ਼ ਉਥੋਂ ਕਦ ਨਿਕਲਣਗੇ, ਇਸ ਨਾਲ ਚਿੰਤਾ ਬਣੀ ਹੋਈ ਹੈ। 13 ਭਾਰਤੀ ਜਹਾਜ਼ਾਂ ਤੋਂ ਇਲਾਵਾ ਪੱਛਮੀ ਏਸ਼ੀਆ ਦੇ ਹੋਰ ਸਮੁੰਦਰੀ ਖੇਤਰਾਂ ’ਚ ਭਾਰਤ ਲਈ ਤੇਲ-ਗੈਸ-ਖਾਦ ਲੈ ਕੇ ਆਉਣ ਵਾਲੇ ਲਗਪਗ 20 ਹੋਰ ਜਹਾਜ਼ ਵੀ ਫਸੇ ਹੋਏ ਹਨ।
ਸਰਕਾਰ ਇਸ ਮਾਮਲੇ ’ਚ ਸਰਗਰਮ ਹੈ। ਜਹਾਜ਼ਰਾਨੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਤੇ ਹੋਰ ਸਥਾਨਾਂ ਤੋਂ ਸੁਰੱਖਿਅਤ ਕੱਢਣ ਲਈ ਵਿਦੇਸ਼ ਮੰਤਰਾਲਾ ਤੇ ਪੈਟਰੋਲੀਅਮ ਮੰਤਰਾਲੇ ਦੇ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ। ਪੱਛਮੀ ਏਸ਼ੀਆ ’ਚ ਜੰਗ ਦੀ ਸ਼ੁਰੂਆਤ ਇਸ ਸਾਲ ਫਰਵਰੀ ਦੇ ਅੰਤ ’ਚ ਹੋਈ ਸੀ। ਉਸ ਸਮੇਂ ਹੋਰਮੁਜ਼ ਤੇ ਫਾਰਸ ਦੀ ਖਾੜੀ ਖੇਤਰ ’ਚ 22 ਤੋਂ 38 ਭਾਰਤੀ ਝੰਡੇ ਵਾਲੇ ਜਾਂ ਭਾਰਤ ਲਈ ਮਾਲ ਨਾਲ ਲੱਦੇ ਜਹਾਜ਼ ਫਸੇ ਹੋਏ ਸਨ, ਜਿਨ੍ਹਾਂ ’ਤੇ ਸੈਂਕੜੇ ਭਾਰਤੀ ਮਲਾਹ ਸਵਾਰ ਸਨ। ਹੁਣ ਤੱਕ ਕੁਝ ਜਹਾਜ਼ (ਜਿਸ ’ਚ ਐੱਲਐੱਨਜੀ ਕੈਰੀਅਰ ‘ਦਿਸ਼ਾ’ ਸ਼ਾਮਲ) ਨਿਕਲਣ ’ਚ ਸਫਲ ਹੋਏ ਹਨ, ਪਰ ਵੱਡੀ ਗਿਣਤੀ ’ਚ ਜਹਾਜ਼ ਅਜੇ ਵੀ ਖੇਤਰ ’ਚ ਰੁਕੇ ਹੋਏ ਹਨ। ਸਰਕਾਰ ਤੇ ਸ਼ਿਪਿੰਗ ਕੰਪਨੀਆਂ ਮਲਾਹਾਂ ਦੀ ਸੁਰੱਖਿਆ ਤੇ ਜਹਾਜ਼ਾਂ ਦੀ ਨਿਕਾਸੀ ਲਈ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ।
ਵੈਸੇ ਈਰਾਨ ਤੇ ਅਮਰੀਕਾ ਵਿਚਾਲੇ 17 ਜੂਨ ਨੂੰ ਹੋਏ ਸ਼ੁਰੂਆਤੀ ਸ਼ਾਂਤੀ ਸਮਝੌਤੇ (ਐੱਮਓਯੂ) ’ਚ ਹੋਰਮੁਜ਼ ਸਟ੍ਰੇਟ ’ਚ ਫਸੇ ਜਹਾਜ਼ਾਂ ਨੂੰ ਲੈ ਕੇ ਸਪੱਸ਼ਟ ਵਿਵਸਥਾਵਾਂ ਕੀਤੀਆਂ ਗਈਆਂ ਹਨ। ਸਮਝੌਤੇ ਦੇ ਤਹਿਤ ਵਪਾਰਕ ਜਹਾਜ਼ਾਂ ਲਈ 60 ਦਿਨਾਂ ਤੱਕ ਟੋਲ ਫ੍ਰੀ ਭਾਵ ਡਿਊਟੀ ਮੁਕਤ ਸੁਰੱਖਿਅਤ ਨਿਕਾਸੀ ਦੀ ਵਿਵਸਥਾ ਕੀਤੀ ਗਈ ਹੈ। ਈਰਾਨ ਨੂੰ ਇਨ੍ਹਾਂ ਸਾਰੇ ਜਹਾਜ਼ਾਂ ਨੂੰ ਸੁਰੱਖਿਅਤ ਕੱਢਣ ’ਚ ਮਦਦ ਕਰਨੀ ਪਵੇਗੀ ਤੇ 30 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਆਵਾਜਾਈ ਬਹਾਲ ਕਰਨੀ ਪਵੇਗੀ। ਅਮਰੀਕੀ ਨੇਵੀ ਨਾਕਾਬੰਦੀ ਹਟਾਏਗੀ ਤੇ ਬਾਰੂਦੀ ਸੁਰੰਗਾਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸਮਝੌਤਾ 60 ਦਿਨਾਂ ਦੀ ਜੰਗਬੰਦੀ ਨੂੰ ਅੱਗੇ ਵਧਾਉਣ ਦੀ ਵਿਵਸਥਾ ਕਰਦਾ ਹੈ, ਜਿਸ ’ਚ ਪਰਮਾਣੂ ਗੱਲਬਾਤ ਤੇ ਪਾਬੰਦੀਆਂ ’ਚ ਰਾਹਤ ਵੀ ਸ਼ਾਮਲ ਹੈ। ਈਰਾਨ ਨੇ ਕਿਹਾ ਹੈ ਕਿ 60 ਦਿਨਾਂ ਤੋਂ ਬਾਅਦ ਖ਼ੁਦਮੁਖਤਿਆਰੀ ਦੇ ਹੱਕ ਦੇ ਤਹਿਤ ਉਸ ਨੂੰ ਹੋਰਮੁਜ਼ ਤੋਂ ਨਿਕਲਣ ਵਾਲੇ ਜਹਾਜ਼ਾਂ ਤੋਂ ਸੇਵਾ ਫੀਸ ਲੈਣ ਦਾ ਅਧਿਕਾਰ ਹੋਵੇਗਾ।
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰਮੁਜ਼ ਸਟ੍ਰੇਟ ਖੁੱਲ੍ਹ ਰਿਹਾ ਹੈ ਤੇ ਉਥੋਂ ਬਾਹਰ ਨਿਕਲਣ ਵਾਲੇ ਜਹਾਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ, ਪਰ ਸਥਿਤੀ ਆਮ ਹੋਣ ’ਚ ਸਮਾਂ ਲੱਗੇਗਾ। ਸ਼ਿਪਿੰਗ ਟ੍ਰੈਕਰ ਕੰਪਨੀਆਂ ਦੀ ਸੂਚਨਾ ਦੇ ਮੁਤਾਬਕ 16 ਤੋਂ 18 ਜੂਨ ਵਿਚਾਲੇ 40-50 ਜਹਾਜ਼ ਹੋਰਮੁਜ਼ ਦੇ ਪੱਛਮੀ ਹਿੱਸੇ ਤੋਂ ਬਾਹਰ ਨਿਕਲੇ ਹਨ। ਪੱਛਮੀ ਏਸ਼ੀਆ ਸੰਕਟ ਦੀ ਸ਼ੁਰੂਆਤ ਤੋਂ ਬਾਅਦ ਤੋਂ ਰੋਜ਼ਾਨਾ ਔਸਤਨ ਚਾਰ-ਪੰਜ ਜਹਾਜ਼ ਹੀ ਬਾਹਰ ਨਿਕਲ ਰਹੇ ਸਨ। ਜਦਕਿ ਆਮ ਦਿਨਾਂ ’ਚ ਉਥੋਂ 80-100 ਜਹਾਜ਼ ਬਾਹਰ ਨਿਕਲ ਕੇ ਦੁਨੀਆ ਭਰ ’ਚ ਤੇਲ, ਗੈਸ, ਖ਼ਾਦ ਆਦਿ ਦੀ ਸਪਲਾਈ ਕਰਦੇ ਰਹੇ ਹਨ। ਕਈ ਜਹਾਜ਼ ਸਮੁੰਦਰੀ ਬਾਰੂਦੀ ਸੁਰੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਯਕੀਨੀ ਹੋਣਾ ਚਾਹੁੰਦੇ ਹਨ। ਕੁਝ ਜਹਾਜ਼ਾਂ ਦਾ ਬੀਮਾ ਸਮਾਂ ਖ਼ਤਮ ਹੋ ਚੁੱਕਾ ਹੈ, ਜਿਸ ਕਾਰਨ ਮੁਸ਼ਕਲ ਆ ਰਹੀ ਹੈ।
ਬੰਦਰਗਾਹ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ’ਚ ਡਾਇਰੈਕਟਰ ਓਪੇਸ਼ ਕੁਮਾਰ ਸ਼ਰਮਾ ਨੇ ਵੀਰਵਾਰ ਨੂੰ ਭਾਰਤੀ ਮਲਾਹਾਂ ਦੀ ਸੁਰੱਖਿਅਤ ਵਾਪਸੀ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੰਤਰਾਲੇ ਨੇ ਜਹਾਜ਼ਰਾਣੀ ਡਾਇਰੈਕਟਰ ਜਨਰਲ ਰਾਹੀਂ ਹੁਣ ਤੱਕ 3639 ਤੋਂ ਵੱਧ ਮਲਾਹਾਂ ਦੀ ਸੁਰੱਖਿਅਤ ਵਾਪਸੀ ’ਚ ਮਦਦ ਕੀਤੀ ਹੈ, ਜਿਸ ’ਚ ਪਿਛਲੇ 72 ਘੰਟਿਆਂ ’ਚ ਵਾਪਸ ਆਏ 47 ਮਲਾਹ ਵੀ ਸ਼ਾਮਲ ਹਨ।