
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੰਦਾਂ ਦੀ ਮਾਹਿਰ ਡਾ. ਪ੍ਰੀਤੀ ਤੋਮਰ ਨੇ ਦੱਸਿਆ ਕਿ ਦੰਦਾਂ ਵਿਚਕਾਰ ਗੈਪ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਬਾੜੇ ਤੇ ਦੰਦਾਂ ਦੇ ਆਕਾਰ 'ਚ ਫ਼ਰਕ, ਦੰਦਾਂ ਦੀ ਸਥਿਤੀ ਜਾਂ ਮਸੂੜਿਆਂ ਦੇ ਕੋਲ ਮੌਜੂਦ ਟਿਸ਼ੂ ਇਸ ਦੇ ਕਾਰਨ ਹੋ ਸਕਦੇ ਹਨ। ਕਿਸੇ ਮਾਨਤਾ ਜਾਂ ਟ੍ਰੈਂਡ ਦੇ ਚਲਦਿਆਂ ਦੰਦਾਂ 'ਚ ਬਦਲਾਅ ਕਰਵਾਉਣ ਤੋਂ ਪਹਿਲਾਂ ਦੰਦਾਂ ਦੇ ਮਾਹਿਰ ਦੀ ਸਲਾਹ ਲੈਣੀ ਜ਼ਰੂਰੀ ਹੈ।

ਅਨੁਜ ਕਟਾਰੀਆ, ਰੁੜਕੀ : ਬਦਲਦੇ ਦੌਰ 'ਚ ਲੋਕ ਖ਼ੂਬਸੂਰਤੀ ਤੇ ਖ਼ੁਸ਼ਕਿਸਮਤੀ (Good Luck) ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ। ਇਸ ਦੀ ਮਿਸਾਲ ਰੁੜਕੀ 'ਚ ਦੇਖਣ ਨੂੰ ਮਿਲ ਰਹੀ ਹੈ। ਇੱਥੇ ਸਿਵਲ ਹਸਪਤਾਲ ਦੀ ਡੈਂਟਲ ਓਪੀਡੀ (OPD) 'ਚ ਅੱਜ-ਕੱਲ੍ਹ ਵੱਡੀ ਗਿਣਤੀ 'ਚ ਲੋਕ ਅਗਲੇ ਦੰਦਾਂ ਦੇ ਵਿਚਕਾਰ ਗੈਪ ਬਣਾਉਣ ਲਈ ਪਹੁੰਚ ਰਹੇ ਹਨ।
ਪਿਛਲੇ ਦੋ ਮਹੀਨਿਆਂ 'ਚ ਇਨ੍ਹਾਂ ਦੀ ਗਿਣਤੀ 70 ਤੋਂ ਵੱਧ ਪਹੁੰਚ ਚੁੱਕੀ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਦੰਦਾਂ ਵਿਚਕਾਰ ਗੈਪ ਹੋਣ ਖ਼ੁਸ਼ਕਿਸਮਤੀ ਦੀ ਨਿਸ਼ਾਨੀ ਹੈ ਤੇ ਇਸ ਨਾਲ ਖ਼ੂਬਸੂਰਤੀ ਵੀ ਨਿਖਰ ਜਾਂਦੀ ਹੈ। ਇੰਟਰਨੈੱਟ ਮੀਡੀਆ (Social Media) ਤੇ ਵੱਖ-ਵੱਖ ਦੇਸ਼ਾਂ 'ਚ ਪ੍ਰਚਲਿਤ ਮਾਨਤਾਵਾਂ ਕਾਰਨ ਵੀ ਇਸ ਤਰ੍ਹਾਂ ਦੀ ਮੰਗ ਵਧੀ ਹੈ। ਦੰਦਾਂ ਦੇ ਡਾਕਟਰਾਂ ਮੁਤਾਬਕ ਦੰਦਾਂ ਵਿਚਕਾਰ ਕੁਦਰਤੀ ਗੈਪ ਨੂੰ ਡਾਕਟਰੀ ਭਾਸ਼ਾ 'ਚ 'ਡਾਇਸਟੇਮਾ' (Diastema) ਕਿਹਾ ਜਾਂਦਾ ਹੈ।
ਦੰਦਾਂ ਦੀ ਮਾਹਿਰ ਡਾ. ਪ੍ਰੀਤੀ ਤੋਮਰ ਨੇ ਦੱਸਿਆ ਕਿ ਦੰਦਾਂ ਵਿਚਕਾਰ ਗੈਪ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਬਾੜੇ ਤੇ ਦੰਦਾਂ ਦੇ ਆਕਾਰ 'ਚ ਫ਼ਰਕ, ਦੰਦਾਂ ਦੀ ਸਥਿਤੀ ਜਾਂ ਮਸੂੜਿਆਂ ਦੇ ਕੋਲ ਮੌਜੂਦ ਟਿਸ਼ੂ ਇਸ ਦੇ ਕਾਰਨ ਹੋ ਸਕਦੇ ਹਨ। ਕਿਸੇ ਮਾਨਤਾ ਜਾਂ ਟ੍ਰੈਂਡ ਦੇ ਚਲਦਿਆਂ ਦੰਦਾਂ 'ਚ ਬਦਲਾਅ ਕਰਵਾਉਣ ਤੋਂ ਪਹਿਲਾਂ ਦੰਦਾਂ ਦੇ ਮਾਹਿਰ ਦੀ ਸਲਾਹ ਲੈਣੀ ਜ਼ਰੂਰੀ ਹੈ। ਦੰਦਾਂ ਦੀ ਬਨਾਵਟ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਸੋਚ-ਸਮਝ ਕੇ ਹੀ ਕਰਵਾਇਆ ਜਾਣਾ ਚਾਹੀਦਾ ਹੈ।
ਸਿਵਲ ਹਸਪਤਾਲ ਦੀ ਦੰਦਾਂ ਦੀ ਮਾਹਿਰ ਡਾ. ਪ੍ਰੀਤੀ ਤੋਮਰ ਦੱਸਦੀ ਹਨ ਕਿ ਆਮ ਤੌਰ 'ਤੇ ਲੋਕ ਅਗਲੇ ਦੰਦਾਂ ਵਿਚਕਾਰ ਗੈਪ ਹੋਣ 'ਤੇ ਉਸ ਨੂੰ ਬੰਦ ਕਰਵਾਉਣ ਲਈ ਆਉਂਦੇ ਹਨ, ਪਰ ਵਰਤਮਾਨ 'ਚ ਉਲਟ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਅਸਲ ਵਿਚ, ਕੁੱਝ ਦੇਸ਼ਾਂ 'ਚ ਦੰਦਾਂ ਵਿਚਕਾਰ ਗੈਪ ਨੂੰ ਖ਼ੂਬਸੂਰਤੀ ਅਤੇ ਖ਼ੁਸ਼ਕਿਸਮਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਫ਼ਰਾਂਸ 'ਚ ਅਗਲੇ ਦੰਦਾਂ ਦੇ ਵਿਚਕਾਰ ਦੇ ਗੈਪ ਨੂੰ ‘ਡੈਂਟਸ ਡੂ ਬੋਨਹੁਰ’ (Dents du bonheur - ਖ਼ੁਸ਼ਕਿਸਮਤੀ ਜਾਂ ਖ਼ੁਸ਼ੀ ਦੇ ਦੰਦ) ਕਿਹਾ ਜਾਂਦਾ ਹੈ। ਇਸ ਨੂੰ ਖ਼ੂਬਸੂਰਤੀ ਤੇ ਹਾਂ-ਪੱਖੀ ਊਰਜਾ (Positivity) ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਸ ਨੂੰ ਕਈ ਫ਼੍ਰੈਂਚ ਹਸਤੀਆਂ ਨੇ ਵੀ ਅਪਣਾਇਆ ਹੈ। ਪੱਛਮੀ ਅਫ਼ਰੀਕਾ ਦੇ ਕੁਝ ਹਿੱਸਿਆਂ 'ਚ ਵੀ ਅਗਲੇ ਦੰਦਾਂ ਵਿਚਕਾਰ ਗੈਪ ਨੂੰ ਖ਼ੂਬਸੂਰਤੀ ਅਤੇ ਆਕਰਸ਼ਨ ਦਾ ਹਿੱਸਾ ਮੰਨਿਆ ਜਾਂਦਾ ਹੈ।
ਸਿਆਸਤ ਤੇ ਫ਼ਿਲਮੀ ਖੇਤਰ ਦੀਆਂ ਕਈ ਹਸਤੀਆਂ ਵੀ ਇਨ੍ਹਾਂ ਖ਼ੁਸ਼ਕਿਸਮਤ ਲੋਕਾਂ 'ਚ ਸ਼ਾਮਲ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਅਗਲੇ ਦੋਵਾਂ ਦੰਦਾਂ 'ਚ ਗੈਪ ਹੈ। ਇਸ ਤੋਂ ਇਲਾਵਾ ਅਦਾਕਾਰਾ ਸੋਨਮ ਕਪੂਰ, ਮਧੂਬਾਲਾ ਤੋਂ ਲੈ ਕੇ ਕਈ ਹਸਤੀਆਂ ਦੇ ਦੰਦ ਵੀ ਕੁਦਰਤੀ ਰੂਪ ਵਿੱਚ ਅਜਿਹੇ ਰਹੇ ਹਨ।
ਸਮੁਦਰ ਸ਼ਾਸਤਰ 'ਚ ਦੰਦਾਂ ਦੀ ਬਨਾਵਟ ਅਤੇ ਉਨ੍ਹਾਂ ਦੇ ਵਿਚਕਾਰ ਦੀ ਸਥਿਤੀ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਦੰਦਾਂ ਵਿਚਕਾਰ ਖ਼ਾਲੀ ਥਾਂ ਨੂੰ ਚੰਦਰਮਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹੀ ਥਾਂ 'ਤੇ ਚੰਦਰਮਾ ਦਾ ਪ੍ਰਭਾਵ ਫ਼ਲਦਾਇਕ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਦੰਦਾਂ ਵਿਚਕਾਰ ਹਲਕੀ ਖ਼ਾਲੀ ਥਾਂ ਹੁੰਦੀ ਹੈ, ਉਨ੍ਹਾਂ ਨੂੰ ਖ਼ੁਸ਼ਕਿਸਮਤ ਮੰਨਿਆ ਜਾਂਦਾ ਹੈ।
— ਆਚਾਰਿਆ ਹਰਸ਼ਿਤਿ ਗੋਦੀਆਲ, ਪ੍ਰਧਾਨ, ਉੱਤਰਾਖੰਡ ਵਿਦਵਤ ਸਭਾ, ਰੁੜਕੀ
ਸੀਡੀਓ ਡਾ. ਲਲਿਤ ਨਾਰਾਇਣ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਦੇ ਦੰਦਾਂ 'ਚ ਜਨਮਜਾਤ ਗੈਪ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋਤਿਸ਼ ਮਾਨਤਾਵਾਂ 'ਚ ਇਸ ਦਾ ਅਲੱਗ ਹੀ ਮਹੱਤਵ ਹੈ ਅਤੇ ਇਹ ਉਨ੍ਹਾਂ ਲਈ ਭਾਗਾਂ ਵਾਲਾ (ਲੱਕੀ) ਹੈ।