ਕੋਟਾ 'ਚ ਦੋ ਵਿਦਿਆਰਥੀਆਂ ਦੀ ਮੌਤ: ਇਕ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਦੂਜੇ ਦੀ ਸ਼ੱਕੀ ਹਾਲਾਤ 'ਚ ਮੌਤ
ਮੱਧ ਪ੍ਰਦੇਸ਼ ਦੇ ਰਹਿਣ ਵਾਲੇ JEE ਦੇ ਇੱਕ ਵਿਦਿਆਰਥੀ ਦੀ ਐਤਵਾਰ ਰਾਤ ਉਸ ਦੇ ਪੀਜੀ ਕਮਰੇ 'ਚ ਲਾਸ਼ ਲਟਕਦੀ ਮਿਲੀ। ਉੱਥੇ ਹੀ, ਬਿਹਾਰ ਦਾ ਇੱਕ ਹੋਰ ਵਿਦਿਆਰਥੀ, ਜੋ NEET ਦੀ ਤਿਆਰੀ ਕਰ ਰਿਹਾ ਸੀ, ਸ਼ਨੀਵਾਰ ਰਾਤ ਆਪਣੇ ਹੋਸਟਲ ਦੇ ਬਾਥਰੂਮ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਅਤੇ ਐਤਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Publish Date: Mon, 26 Oct 2026 03:55 PM (IST)
Updated Date: Mon, 26 Oct 2026 04:53 PM (IST)
ਡਿਜੀਟਲ ਡੈਸਕ, ਜੈਪੁਰ : ਕੋਚਿੰਗ ਹੱਬ ਕੋਟਾ 'ਚ ਵਿਦਿਆਰਥੀਆਂ ਦੀ ਮੌਤ ਦੀਆਂ ਦੋ ਵੱਖ-ਵੱਖ ਘਟਨਾਵਾਂ ਨੇ ਇਕ ਵਾਰ ਫਿਰ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਨ੍ਹਾਂ 'ਚੋਂ ਇੱਕ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਨੇ ਹੋਸਟਲ ਪ੍ਰਬੰਧਨ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।
ਮੱਧ ਪ੍ਰਦੇਸ਼ ਦੇ ਰਹਿਣ ਵਾਲੇ JEE ਦੇ ਇਕ ਵਿਦਿਆਰਥੀ ਦੀ ਐਤਵਾਰ ਰਾਤ ਉਸ ਦੇ ਪੀਜੀ ਕਮਰੇ 'ਚ ਲਾਸ਼ ਲਟਕਦੀ ਮਿਲੀ। ਉੱਥੇ ਹੀ, ਬਿਹਾਰ ਦਾ ਇਕ ਹੋਰ ਵਿਦਿਆਰਥੀ, ਜੋ NEET ਦੀ ਤਿਆਰੀ ਕਰ ਰਿਹਾ ਸੀ, ਸ਼ਨੀਵਾਰ ਰਾਤ ਆਪਣੇ ਹੋਸਟਲ ਦੇ ਬਾਥਰੂਮ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਤੇ ਐਤਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੱਖੇ ਨਾਲ ਲਟਕਦੀ ਮਿਲੀ ਵਿਦਿਆਰਥੀ ਦੀ ਲਾਸ਼
ਪਹਿਲੀ ਘਟਨਾ 'ਚ, ਜਿਸ ਨੂੰ ਪੁਲਿਸ ਨੇ ਖ਼ੁਦਕੁਸ਼ੀ ਦੱਸਿਆ ਹੈ, ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਰਹਿਣ ਵਾਲੇ JEE ਦੇ ਵਿਦਿਆਰਥੀ ਦੀ ਐਤਵਾਰ ਰਾਤ ਮਹਾਵੀਰ ਨਗਰ-1 ਸਥਿਤ ਉਸ ਦੇ ਪੀਜੀ ਦੇ ਕਮਰੇ 'ਚ ਲਾਸ਼ ਲਟਕਦੀ ਮਿਲੀ। ਸਰਕਲ ਇੰਸਪੈਕਟਰ ਮੁਕੇਸ਼ ਮੀਣਾ ਨੇ ਦੱਸਿਆ ਕਿ ਵਿਦਿਆਰਥੀ ਸੰਯੁਕਤ ਪ੍ਰਵੇਸ਼ ਪ੍ਰੀਖਿਆ (JEE) ਦੀ ਤਿਆਰੀ ਲਈ ਛੇ ਮਹੀਨੇ ਪਹਿਲਾਂ ਕੋਟਾ ਆਇਆ ਸੀ।
ਮੀਣਾ ਮੁਤਾਬਕ, ਵਿਦਿਆਰਥੀ ਨੇ ਐਤਵਾਰ ਦੁਪਹਿਰ ਇਕ ਕੋਚਿੰਗ ਸੰਸਥਾ 'ਚ ਮੌਕ ਟੈਸਟ ਦਿੱਤਾ ਸੀ। ਪੀਜੀ ਦੇ ਕਮਰੇ 'ਚ ਵਾਪਸ ਆਉਣ ਤੋਂ ਬਾਅਦ ਉਸ ਨੇ ਫ਼ੋਨ ਕਾਲਾਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ ਅਤੇ ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪੀਜੀ ਦੇ ਸੰਚਾਲਕ ਨੇ ਖਿੜਕੀ ਰਾਹੀਂ ਅੰਦਰ ਦੇਖਿਆ ਤਾਂ ਵਿਦਿਆਰਥੀ ਦੀ ਲਾਸ਼ ਲਟਕਦੀ ਹੋਈ ਮਿਲੀ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਮ੍ਰਿਤਕ ਦੇ ਕਮਰੇ 'ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ: ਪੁਲਿਸ
ਮੀਣਾ ਨੇ ਦੱਸਿਆ ਕਿ ਮ੍ਰਿਤਕ ਦੇ ਕਮਰੇ 'ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਇਸ ਕਦਮ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਬਾਥਰੂਮ 'ਚ ਬੇਹੋਸ਼ ਮਿਲਿਆ NEET ਦਾ ਵਿਦਿਆਰਥੀ
ਦੂਜੀ ਘਟਨਾ 'ਚ ਬਿਹਾਰ ਦੇ ਦਰਭੰਗਾ ਦਾ ਰਹਿਣ ਵਾਲਾ NEET ਦਾ ਵਿਦਿਆਰਥੀ ਗੌਤਮ ਕੁਮਾਰ ਐਤਵਾਰ ਰਾਤ ਕੁਨਹਾੜੀ ਥਾਣਾ ਖੇਤਰ ਦੇ ਲੈਂਡਮਾਰਕ ਇਲਾਕੇ 'ਚ ਆਪਣੇ ਹੋਸਟਲ ਦੇ ਕਮਰੇ ਦੇ ਬਾਥਰੂਮ 'ਚ ਬੇਹੋਸ਼ ਮਿਲਿਆ। ਉਸ ਨੂੰ MBS ਹਸਪਤਾਲ ਲਿਜਾਇਆ ਗਿਆ, ਜਿੱਥੇ ਐਤਵਾਰ ਦੁਪਹਿਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦੋ ਸਾਲਾਂ ਤੋਂ ਤਿਆਰੀ ਕਰ ਰਿਹਾ ਸੀ ਵਿਦਿਆਰਥੀ
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਲਗਪਗ ਦੋ ਸਾਲਾਂ ਤੋਂ ਕੋਟਾ 'ਚ ਰਹਿ ਰਿਹਾ ਸੀ ਅਤੇ ਉਸ ਨੇ ਨੈਸ਼ਨਲ ਐਂਟਰੈਂਸ-ਕਮ-ਐਲਿਜੀਬਿਲਟੀ ਟੈਸਟ (NEET) ਪਾਸ ਕਰਨ ਲਈ ਦੋ ਵਾਰ ਕੋਸ਼ਿਸ਼ ਕੀਤੀ ਸੀ। ਦੁਖੀ ਪਰਿਵਾਰਕ ਮੈਂਬਰਾਂ ਨੇ ਮੌਤ ਦੇ ਹਾਲਾਤ 'ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ, ਨਾ ਹੀ ਹੋਸਟਲ ਪ੍ਰਬੰਧਨ ਅਤੇ ਨਾ ਹੀ ਕੋਚਿੰਗ ਸੈਂਟਰ।
ਮ੍ਰਿਤਕ ਦੇ ਚਚੇਰੇ ਭਰਾ ਅਖਿਲੇਸ਼ ਨੇ ਮੁਰਦਾਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਸਾਨੂੰ ਨਹੀਂ ਪਤਾ ਕਿ ਕੀ ਹੋਇਆ। ਕੀ ਉਹ ਬਾਥਰੂਮ 'ਚ ਡਿੱਗ ਗਿਆ ਸੀ, ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਜਾਂ ਉਸ ਨਾਲ ਕੁਝ ਹੋਰ ਹੋਇਆ ਸੀ।'
ਪਰਿਵਾਰ ਨੇ ਲਗਾਇਆ ਲਾਪਰਵਾਹੀ ਦਾ ਦੋਸ਼
ਉਨ੍ਹਾਂ ਦੋਸ਼ ਲਗਾਇਆ ਕਿ ਦਿਨ 'ਚ ਚਾਰ ਵਾਰ ਖਾਣਾ ਪਰੋਸੇ ਜਾਣ ਦੇ ਬਾਵਜੂਦ ਹੋਸਟਲ ਪ੍ਰਸ਼ਾਸਨ ਨੇ ਵਿਦਿਆਰਥੀ ਦੀ ਗੈਰ-ਮੌਜੂਦਗੀ ਵੱਲ ਧਿਆਨ ਨਹੀਂ ਦਿੱਤਾ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਸ਼ਨੀਵਾਰ ਰਾਤ ਪਰਿਵਾਰ ਨੇ ਨੇੜਲੇ ਇਕ ਹੋਰ ਹੋਸਟਲ 'ਚ ਰਹਿਣ ਵਾਲੇ ਵਿਦਿਆਰਥੀ ਦੇ ਇਕ ਹੋਰ ਚਚੇਰੇ ਭਰਾ ਨਾਲ ਸੰਪਰਕ ਕਰਕੇ ਉਸ ਦਾ ਹਾਲ-ਚਾਲ ਪੁੱਛਿਆ। ਪਰਿਵਾਰ ਨੇ ਦੱਸਿਆ ਕਿ ਗੌਤਮ ਪੜ੍ਹਾਈ 'ਚ ਚੰਗਾ ਸੀ ਅਤੇ ਉਸ 'ਤੇ ਪੜ੍ਹਾਈ ਨੂੰ ਲੈ ਕੇ ਕੋਈ ਤਣਾਅ ਨਹੀਂ ਸੀ।
ਹੋਸਟਲ ਪ੍ਰਬੰਧਨ ਦੀ ਲਾਪਰਵਾਹੀ ਅਤੇ ਸਮੇਂ ਸਿਰ ਕੋਈ ਕਦਮ ਨਾ ਚੁੱਕੇ ਜਾਣ ਦਾ ਦੋਸ਼ ਲਗਾਉਂਦਿਆਂ ਪਰਿਵਾਰ ਨੇ ਹੋਸਟਲ ਪ੍ਰਸ਼ਾਸਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸਰਕਲ ਇੰਸਪੈਕਟਰ ਦੇਵੇਸ਼ ਭਾਰਦਵਾਜ ਨੇ ਦੱਸਿਆ ਕਿ ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ FIR ਦਰਜ ਕਰ ਲਈ ਹੈ।
(ਸਮਾਚਾਰ ਏਜੰਸੀ ਪੀਟੀਆਈ ਦੇ ਇਨਪੁਟ ਨਾਲ)