ਸਲਮਾਨ ਖ਼ਾਨ ਦੀ ਤਾਰੀਫ਼ ਕਰਨੀ ਟਾਈਗਰ ਸ਼ਰਾਫ਼ ਨੂੰ ਪਈ ਭਾਰੀ? ਫਾਇਰਿੰਗ ਮਾਮਲੇ 'ਚ ਸ਼ੂਟਰ ਦਾ ਵੱਡਾ ਖ਼ੁਲਾਸਾ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਮਾਮਲਾ
'ਹੀਰੋਪੰਤੀ 2' ਦੇ ਪ੍ਰਮੋਸ਼ਨ ਦੌਰਾਨ ਇਕ ਸਮਾਗਮ 'ਚ ਟਾਈਗਰ ਸ਼ਰਾਫ਼ ਤੋਂ ਈਦ 'ਤੇ ਫ਼ਿਲਮ ਰਿਲੀਜ਼ ਕਰਨ ਬਾਰੇ ਪੁੱਛਿਆ ਗਿਆ ਸੀ। ਇਸ 'ਤੇ ਉਨ੍ਹਾਂ ਨੇ ਕਿਹਾ ਸੀ, "ਇਸ ਇੰਡਸਟਰੀ 'ਚ ਸਿਰਫ਼ ਇਕ ਹੀ ਟਾਈਗਰ ਹੈ ਅਤੇ ਉਹ ਹਨ ਸਲਮਾਨ ਸਰ। ਉਨ੍ਹਾਂ ਦੇ ਸਾਹਮਣੇ ਮੈਂ ਸਿਰਫ਼ ਇਕ ਬਿੱਲੀ ਹਾਂ। ਮੈਂ ਸਿੰਬਾ ਹਾਂ, ਇਕ ਟਾਈਗਰ ਦਾ ਬੱਚਾ..."
Publish Date: Sat, 24 Oct 2026 09:32 AM (IST)
Updated Date: Sat, 24 Oct 2026 09:35 AM (IST)
ਡਿਜੀਟਲ ਡੈਸਕ, ਮੁੰਬਈ : ਟਾਈਗਰ ਸ਼ਰਾਫ਼ 'ਤੇ ਫਾਇਰਿੰਗ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਪੁਲਿਸ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ 'ਚੋਂ ਇਕ ਨੇ ਦਾਅਵਾ ਕੀਤਾ ਹੈ ਕਿ ਸਲਮਾਨ ਖ਼ਾਨ ਨਾਲ ਜੁੜਾਅ ਕਾਰਨ ਟਾਈਗਰ ਸ਼ਰਾਫ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਸ਼ੂਟਰ ਨੇ ਪੁਲਿਸ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਅਦਾਕਾਰ ਤੋਂ ਬਦਲਾ ਲੈਣਾ ਚਾਹੁੰਦਾ ਸੀ, ਕਿਉਂਕਿ ਉਨ੍ਹਾਂ ਨੇ 2022 'ਚ ਇਕ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਸਲਮਾਨ ਖ਼ਾਨ ਦੀ ਤਾਰੀਫ਼ ਕੀਤੀ ਸੀ।
ਟਾਈਗਰ ਸ਼ਰਾਫ਼ 'ਤੇ ਹਮਲਾ ਕਿਉਂ ਹੋਇਆ?
ਪੁਲਿਸ ਪੁੱਛਗਿੱਛ ਦੌਰਾਨ ਸ਼ੂਟਰਾਂ ਨੇ ਜਿਸ ਗੱਲ ਦਾ ਖ਼ੁਲਾਸਾ ਕੀਤਾ ਹੈ, ਉਹ ਉਸ ਸਮੇਂ ਨਾਲ ਸਬੰਧਤ ਹੈ, ਜਦੋਂ ਟਾਈਗਰ ਸ਼ਰਾਫ਼ ਦੀ ਫ਼ਿਲਮ 'ਹੀਰੋਪੰਤੀ 2' ਰਿਲੀਜ਼ ਹੋਈ ਸੀ। ਟਾਈਗਰ ਦੀ ਇਹ ਫ਼ਿਲਮ ਈਦ ਮੌਕੇ ਰਿਲੀਜ਼ ਹੋ ਰਹੀ ਸੀ। ਆਮ ਤੌਰ 'ਤੇ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਵੀ ਈਦ 'ਤੇ ਰਿਲੀਜ਼ ਹੁੰਦੀਆਂ ਹਨ।
'ਹੀਰੋਪੰਤੀ 2' ਦੇ ਪ੍ਰਮੋਸ਼ਨ ਦੌਰਾਨ ਇਕ ਸਮਾਗਮ 'ਚ ਟਾਈਗਰ ਸ਼ਰਾਫ਼ ਤੋਂ ਈਦ 'ਤੇ ਫ਼ਿਲਮ ਰਿਲੀਜ਼ ਕਰਨ ਬਾਰੇ ਪੁੱਛਿਆ ਗਿਆ ਸੀ। ਇਸ 'ਤੇ ਉਨ੍ਹਾਂ ਨੇ ਕਿਹਾ ਸੀ, "ਇਸ ਇੰਡਸਟਰੀ 'ਚ ਸਿਰਫ਼ ਇਕ ਹੀ ਟਾਈਗਰ ਹੈ ਅਤੇ ਉਹ ਹਨ ਸਲਮਾਨ ਸਰ। ਉਨ੍ਹਾਂ ਦੇ ਸਾਹਮਣੇ ਮੈਂ ਸਿਰਫ਼ ਇਕ ਬਿੱਲੀ ਹਾਂ। ਮੈਂ ਸਿੰਬਾ ਹਾਂ, ਇਕ ਟਾਈਗਰ ਦਾ ਬੱਚਾ..."
ਟਾਈਗਰ ਸ਼ਰਾਫ਼ ਨੇ ਇਹ ਗੱਲ ਸਲਮਾਨ ਖ਼ਾਨ ਦੀ ਫ਼ਿਲਮ 'ਏਕ ਥਾ ਟਾਈਗਰ' ਅਤੇ ਇਸ ਨਾਲ ਜੁੜੇ ਸੀਕਵਲ ਨੂੰ ਧਿਆਨ 'ਚ ਰੱਖ ਕੇ ਕਹੀ ਸੀ। ਉਸ ਸਮੇਂ ਟਾਈਗਰ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ।
ਸ਼ੂਟਰਾਂ ਦੇ ਦਾਅਵਿਆਂ ਦੀ ਜਾਂਚ ਕਰ ਰਹੀ ਪੁਲਿਸ
ਪੁਲਿਸ ਸੂਤਰਾਂ ਅਨੁਸਾਰ, ਹਮਲਾਵਰ ਫੂਲ ਸਿੰਘ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਨੂੰ ਹਮਲੇ ਦੇ ਅਸਲ ਮਕਸਦ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਹਾਲਾਂਕਿ, ਲੋੜੀਂਦੇ ਮੁਲਜ਼ਮ ਅਤੇ ਕਥਿਤ ਮੁੱਖ ਸਾਜ਼ਿਸ਼ਕਰਤਾ ਅਨਿਲ ਪੰਡਿਤ ਨੇ ਉਸ ਨੂੰ ਦੱਸਿਆ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਉਸ ਟਿੱਪਣੀ ਦਾ ਬਦਲਾ ਲੈਣਾ ਚਾਹੁੰਦਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਦਾਅਵੇ ਦੀ ਜਾਂਚ ਕਰ ਰਹੇ ਹਨ।
ਲਾਰੈਂਸ ਬਿਸ਼ਨੋਈ ਗੈਂਗ ਪਹਿਲਾਂ ਵੀ ਸਲਮਾਨ ਖ਼ਾਨ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦੇ ਚੁੱਕਾ ਹੈ। ਅਮਰੀਕਾ 'ਚ ਰਹਿਣ ਵਾਲੇ ਅਨਿਲ ਪੰਡਿਤ ਅਤੇ ਗੈਂਗ ਦੇ ਇਕ ਹੋਰ ਮੈਂਬਰ ਹਰਮਨ ਸੰਧੂ ਦੇ ਨਾਂ ਨਾਲ ਜੁੜੇ ਕੁਝ ਆਡੀਓ ਸੁਨੇਹੇ ਵੀ ਸਾਹਮਣੇ ਆਏ ਸਨ। ਹਰਮਨ ਸੰਧੂ ਪਹਿਲਾਂ ਵੀ ਅਜਿਹੇ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦੇ ਦਾਅਵਿਆਂ ਨਾਲ ਜੁੜਿਆ ਰਿਹਾ ਹੈ।
ਇਨ੍ਹਾਂ ਆਡੀਓ ਸੁਨੇਹਿਆਂ 'ਚ ਚਿਤਾਵਨੀ ਦਿੱਤੀ ਗਈ ਸੀ ਕਿ ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲੇ ਫ਼ਿਲਮ ਇੰਡਸਟਰੀ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਹ ਗੈਂਗ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨੂੰ ਲੈ ਕੇ ਸਲਮਾਨ ਖ਼ਾਨ ਤੋਂ ਕਈ ਵਾਰ ਮੁਆਫ਼ੀ ਮੰਗਣ ਦੀ ਮੰਗ ਕਰ ਚੁੱਕਾ ਹੈ।