- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਚੀਨ ਨਾਲ ਪੂਰੀ ਤਰ੍ਹਾਂ ਮੁਕਾਬਲਾ ਕਰਨ ਲਈ ਭਾਰਤ ਦੇ ਛੋਟੇ ਉੱਦਮੀ ਅਜੇ ਤਿਆਰ ਨਹੀਂ ਹਨ। ਇਸੇ ਦੌਰਾਨ ਚੀਨੀ ਸਰਕਾਰ ਦਾ ਮੁੱਖ-ਪੱਤਰ ਮੰਨੇ ਜਾਣ ਵਾਲੇ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਅਜਿਹੇ ਉਤਪਾਦ ਬਣਾਉਣ ਵਾਲੀਆਂ ਭਾਰਤੀ ਕੰਪਨੀਆਂ ਨੂੰ ਸਲਾਹ ਦਿੱਤੀ ਹੈ ਕਿ ਸਿਰਫ਼ ਦੇਸ਼ਭਗਤੀ ਦੇ ਨਾਂ ’ਤੇ ਗਾਹਕਾਂ ਨੂੰ ਖਿੱਚਿਆ ਨਹੀਂ ਕੀਤਾ ਜਾ ਸਕਦਾ।

ਜੈਪ੍ਰਕਾਸ਼ ਰੰਜਨ, ਜਾਗਰਣ, ਨਵੀਂ ਦਿੱਲੀ : ਇਹ ਸੱਚ ਹੈ ਕਿ ਇਸ ਵਾਰ ਵੀ ਦੀਵਾਲੀ ਮੌਕੇ ਭਾਰਤੀ ਬਾਜ਼ਾਰ ਚੀਨ ’ਚ ਬਣੀਆਂ ਸਜਾਵਟੀ ਵਸਤਾਂ ਨਾਲ ਭਰੇ ਪਏ ਹਨ। ਪਰ ਦੂਜਾ ਪੱਖ ਇਹ ਵੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਥੋੜ੍ਹਾ ਅਸਰ ਨਜ਼ਰ ਆ ਰਿਹਾ ਹੈ। ਹਾਲਾਂਕਿ ਚੀਨ ਨਾਲ ਪੂਰੀ ਤਰ੍ਹਾਂ ਮੁਕਾਬਲਾ ਕਰਨ ਲਈ ਭਾਰਤ ਦੇ ਛੋਟੇ ਉੱਦਮੀ ਅਜੇ ਤਿਆਰ ਨਹੀਂ ਹਨ। ਇਸੇ ਦੌਰਾਨ ਚੀਨੀ ਸਰਕਾਰ ਦਾ ਮੁੱਖ-ਪੱਤਰ ਮੰਨੇ ਜਾਣ ਵਾਲੇ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਅਜਿਹੇ ਉਤਪਾਦ ਬਣਾਉਣ ਵਾਲੀਆਂ ਭਾਰਤੀ ਕੰਪਨੀਆਂ ਨੂੰ ਸਲਾਹ ਦਿੱਤੀ ਹੈ ਕਿ ਸਿਰਫ਼ ਦੇਸ਼ਭਗਤੀ ਦੇ ਨਾਂ ’ਤੇ ਗਾਹਕਾਂ ਨੂੰ ਖਿੱਚਿਆ ਨਹੀਂ ਕੀਤਾ ਜਾ ਸਕਦਾ। ਆਰਡਰ ਹਾਸਲ ਕਰਨ ਲਈ ਵਾਜਬ ਕੀਮਤ, ਵੰਨ-ਸੁਵੰਨਤਾ ਤੇ ਸਮੇਂ ਸਿਰ ਲੋੜੀਂਦੀ ਸਪਲਾਈ ਦੇਣੀ ਪਵੇਗੀ।
‘ਗਲੋਬਲ ਟਾਈਮਜ਼’ ਮੁਤਾਬਕ, ਦੀਵਾਲੀ ਨਾਲ ਜੁੜੀਆਂ ਵਸਤਾਂ ਲਈ ਚੀਨ ਨੂੰ ਲਗਾਤਾਰ ਆਰਡਰ ਮਿਲ ਰਹੇ ਹਨ। ਝੇਜਿਆਂਗ ਸੂਬੇ ਦੇ ਯੀਵੂ ’ਚ ਨਿਰਮਾਤਾਵਾਂ ਨੂੰ ਭਾਰਤ ਤੋਂ ਸਜਾਵਟੀ ਲਾਈਟਾਂ ਤੇ ਐੱਲਈਡੀ ਦੀਆਂ ਲੜੀਆਂ ਦੇ ਵੱਡੇ ਆਰਡਰ ਮਿਲੇ ਹਨ। ਉਹ ਭਾਰਤੀ ਮੰਗ ਮੁਤਾਬਕ ਵੱਖ-ਵੱਖ ਕਿਸਮਾਂ ਦੇ ਉਤਪਾਦ ਤਿਆਰ ਕਰ ਰਹੇ ਹਨ।
ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਪਿਛਲੇ ਹਫ਼ਤੇ ਚੀਨੀ ਦਰਾਮਦਾਂ ਬਾਰੇ ਕਿਹਾ ਸੀ ਕਿ ਚੀਨੀ ਪਟਾਕਿਆਂ ਤੋਂ ਬਚਣ ਦਾ ਫ਼ੈਸਲਾ ਦਿਲੋਂ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ‘ਮੇਡ ਇਨ ਇੰਡੀਆ’ ਉਤਪਾਦਾਂ ਨੂੰ ਤਰਜੀਹ ਦੇਣ ਦੀ ਗੱਲ ਕਹੀ ਸੀ, ਪਰ ਨਾਲ ਹੀ ਇਹ ਵੀ ਆਖਿਆ ਕਿ ਲੋਕਾਂ ’ਤੇ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਟੈਕਸ ਭਰ ਕੇ ਸਾਮਾਨ ਲਿਆਉਣ ਵਾਲਿਆਂ ਨੂੰ ਇਜਾਜ਼ਤ ਦੇਣੀ ਪਵੇਗੀ, ਕਿਉਂਕਿ ਭਾਰਤ ਇਕ ਲੋਕਤੰਤਰ ਹੈ ਤੇ ਕੌਮਾਂਤਰੀ ਵਪਾਰ ਨਿਯਮਾਂ ਦੀ ਪਾਲਣਾ ਕਰਦਾ ਹੈ। ਜਾਪਾਨ ਤੇ ਦੱਖਣੀ ਕੋਰੀਆ ਦੀ ਮਿਸਾਲ ਦਿੰਦਿਆਂ ਗੋਇਲ ਨੇ ਕਿਹਾ ਕਿ ਬਦਲਾਅ ਕੌਮੀ ਭਾਵਨਾ ਤੇ ਖਪਤਕਾਰਾਂ ਦੀ ਆਪਣੀ ਪਸੰਦ ਰਾਹੀਂ ਆਉਣਾ ਚਾਹੀਦਾ ਹੈ।
ਦੀਵਾਲੀ ਮੌਕੇ ਭਾਰਤ ਚੀਨ ਤੋਂ ਕਿੰਨਾ ਸਜਾਵਟੀ ਸਾਮਾਨ ਦਰਾਮਦ ਕਰਦਾ ਹੈ, ਇਸ ਬਾਰੇ ਨਾ ਤਾਂ ਸਰਕਾਰ ਕੋਈ ਅਧਿਕਾਰਤ ਅੰਕੜਾ ਜਾਰੀ ਕਰਦੀ ਹੈ ਅਤੇ ਨਾ ਹੀ ਕੋਈ ਹੋਰ ਏਜੰਸੀ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਆਈਟੀ) ਵਰਗੀਆਂ ਜਥੇਬੰਦੀਆਂ ਨੇ ਕੁਝ ਰਿਪੋਰਟਾਂ ’ਚ ਦੇਸੀ ਸਾਮਾਨ ਨੂੰ ਮਿਲ ਰਹੀ ਤਰਜੀਹ ਤੇ ਚੀਨੀ ਉਤਪਾਦਾਂ ਦੀ ਘਟਦੀ ਮੰਗ ਦਾ ਦਾਅਵਾ ਕੀਤਾ ਹੈ। ਪਰ ਬਾਜ਼ਾਰ ਦੀ ਜ਼ਮੀਨੀ ਤਸਵੀਰ ਇਸ ਤੋਂ ਵੱਖਰੀ ਹੈ। ਸਜਾਵਟੀ ਲਾਈਟਾਂ, ਐੱਲਈਡੀ ਦੀਆਂ ਲੜੀਆਂ ਅਤੇ ਹੋਰ ਸਜਾਵਟੀ ਵਸਤਾਂ ’ਚ ਚੀਨੀ ਉਤਪਾਦ ਘੱਟ ਕੀਮਤ ਤੇ ਆਸਾਨੀ ਨਾਲ ਉਪਲਬਧ ਹੋਣ ਕਾਰਨ ਅਜੇ ਵੀ ਲੋਕਪ੍ਰਿਯ ਹਨ।
‘ਗਲੋਬਲ ਟਾਈਮਜ਼’ ਦੇ ਲੇਖ ’ਚ ਅੱਗੇ ਕਿਹਾ ਗਿਆ ਹੈ ਕਿ ਤਿਉਹਾਰਾਂ ਨਾਲ ਜੁੜੀਆਂ ਵਸਤਾਂ ਦੁਵੱਲੇ ਵਪਾਰ ਦਾ ਛੋਟਾ ਜਿਹਾ ਹਿੱਸਾ ਹਨ, ਪਰ ਇਹ ਭਾਰਤੀ ਨਿਰਮਾਣ ਖੇਤਰ ਦੀ ਅਸਲ ਪਰਖ ਹਨ। ਦਰਾਮਦਾਂ ਅਰਥਚਾਰੇ ਦੀਆਂ ਦੁਸ਼ਮਣ ਨਹੀਂ ਹੁੰਦੀਆਂ। ਇਹ ਦੁਕਾਨਦਾਰਾਂ ਦੀ ਲਾਗਤ ਘਟਾਉਂਦੀਆਂ ਹਨ, ਖਪਤਕਾਰਾਂ ਨੂੰ ਵਧੇਰੇ ਚੋਣ ਦਿੰਦੀਆਂ ਹਨ ਤੇ ਘਰੇਲੂ ਉਤਪਾਦਕਾਂ ’ਤੇ ਮੁਕਾਬਲੇ ਦਾ ਦਬਾਅ ਬਣਾਉਂਦੀਆਂ ਹਨ, ਜਿਸ ਨਾਲ ਉਤਪਾਦਾਂ ’ਚ ਸੁਧਾਰ ਹੁੰਦਾ ਹੈ। ਭਾਰਤੀ ਕੰਪਨੀਆਂ ਸਿਰਫ਼ ਦੇਸ਼ਭਗਤੀ ਦੇ ਨਾਂ ’ਤੇ ਗਾਹਕਾਂ ਨੂੰ ਆਪਣੇ ਵੱਲ ਨਹੀਂ ਖਿੱਚ ਸਕਦੀਆਂ। ਉਨ੍ਹਾਂ ਨੂੰ ਵੰਨ-ਸੁਵੰਨਤਾ, ਸਮੇਂ ਸਿਰ ਸਪਲਾਈ ਤੇ ਅਜਿਹੀਆਂ ਕੀਮਤਾਂ ਦੇ ਆਧਾਰ ’ਤੇ ਮੁਕਾਬਲਾ ਕਰਨਾ ਪਵੇਗਾ, ਜਿਨ੍ਹਾਂ ’ਚ ‘ਦੇਸ਼ਭਗਤੀ ਦਾ ਵਾਧੂ ਮੁੱਲ’ ਨਾ ਜੁੜਿਆ ਹੋਵੇ।
ਭਾਰਤੀ ਉਤਪਾਦ ਦੇ ਮੁਕਾਬਲੇ ਚੀਨੀ ਉਤਪਾਦ ਅੱਧੀ ਕੀਮਤ ’ਤੇ ਉਪਲਬਧ
‘ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ, ਚੀਨ ਦੀਆਂ 10 ਮੀਟਰ ਲੰਬੀਆਂ ਐੱਲਈਡੀ ਲਾਈਟਾਂ ਦੀਆਂ ਲੜੀਆਂ ਲਗਪਗ 100 ਰੁਪਏ ਜਾਂ ਇਸ ਤੋਂ ਵੀ ਘੱਟ ਕੀਮਤ ’ਤੇ ਮਿਲ ਜਾਂਦੀਆਂ ਹਨ। ਇਸੇ ਤਰ੍ਹਾਂ ਦੇ ਭਾਰਤੀ ਉਤਪਾਦਾਂ ਦੀ ਕੀਮਤ ਲਗਪਗ ਦੁੱਗਣੀ ਹੈ। ਇਸ ਸਾਲ ਕੀਮਤਾਂ ’ਚ 20-25 ਫ਼ੀਸਦੀ ਵਾਧੇ ਦੇ ਬਾਵਜੂਦ ਚੀਨੀ ਲਾਈਟਾਂ ਸਸਤੀਆਂ ਹਨ, ਕਿਉਂਕਿ ਉਨ੍ਹਾਂ ’ਚ ਤਾਂਬੇ ਦੀ ਮਾਤਰਾ ਘੱਟ ਹੁੰਦੀ ਹੈ।