
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਚਾਉਣ ਦੀ ਕੋਸ਼ਿਸ਼ ਦੌਰਾਨ ਪੁੱਤਰ ਦੇ ਨਾਲ ਪਿਤਾ ਵੀ ਉੱਚੀ ਪਹਾੜੀ ਤੋਂ ਹੇਠਾਂ ਡਿੱਗ ਪਏ। ਬਾਅਦ ’ਚ ਪੁੱਤਰ ਤੇ ਪਤੀ ਦੀ ਮੌਤ ਦਾ ਸਦਮਾ ਨਾ ਸਹਿ ਸਕਣ ਕਾਰਨ ਮਾਂ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ। ਇਸ ਘਟਨਾ ’ਚ ਤਿੰਨਾਂ ਦੀ ਮੌਤ ਹੋ ਗਈ।

ਛਤਰਪਤੀ ਸੰਭਾਜੀਨਗਰ (ਏਜੰਸੀ) : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ’ਚ ਸ਼ੁੱਕਰਵਾਰ ਦੁਪਹਿਰ ਇਕ ਦੁਖਦਾਈ ਘਟਨਾ ਸਾਹਮਣੇ ਆਈ। ਪੁੱਤਰ ਦੀ ਨਵਾਂ ਮੋਬਾਈਲ ਲੈਣ ਦੀ ਜ਼ਿੱਦ ਨੇ ਉਸ ਦੇ ਨਾਲ ਹੀ ਮਾਪਿਆਂ ਦੀ ਵੀ ਜਾਨ ਲੈ ਲਈ। ਮੋਬਾਈਲ ਫੋਨ ਨੂੰ ਲੈ ਕੇ ਹੋਏ ਘਰੇਲੂ ਵਿਵਾਦ ਤੋਂ ਬਾਅਦ ਨੌਜਵਾਨ ਇਕ ਪਹਾੜੀ ’ਤੇ ਚੜ੍ਹ ਗਿਆ। ਬਚਾਉਣ ਦੀ ਕੋਸ਼ਿਸ਼ ਦੌਰਾਨ ਪੁੱਤਰ ਦੇ ਨਾਲ ਪਿਤਾ ਵੀ ਉੱਚੀ ਪਹਾੜੀ ਤੋਂ ਹੇਠਾਂ ਡਿੱਗ ਪਏ। ਬਾਅਦ ’ਚ ਪੁੱਤਰ ਤੇ ਪਤੀ ਦੀ ਮੌਤ ਦਾ ਸਦਮਾ ਨਾ ਸਹਿ ਸਕਣ ਕਾਰਨ ਮਾਂ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ। ਇਸ ਘਟਨਾ ’ਚ ਤਿੰਨਾਂ ਦੀ ਮੌਤ ਹੋ ਗਈ।
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵਾਲੁਜ ਐੱਮਆਈਡੀਸੀ ਇਲਾਕੇ ਅਧੀਨ ਆਉਂਦੇ ਤਿਸਗਾਂਵ ਖੇਤਰ ’ਚ ਹੋਈ। ਮ੍ਰਿਤਕਾਂ ਦੀ ਪਛਾਣ ਸ਼ਹਿਰ ਦੇ ਜਲਟਾ ਫਾਟਾ ਇਲਾਕੇ ਦੇ ਰਹਿਣ ਵਾਲੇ 48 ਸਾਲਾ ਮੁਰਲੀਧਰ ਚਾਂਗੁਡੇ, ਉਨ੍ਹਾਂ ਦੀ ਪਤਨੀ ਸੰਗੀਤਾ ਤੇ 19 ਸਾਲਾ ਪੁੱਤਰ ਕੁਨਾਲ ਵਜੋਂ ਹੋਈ ਹੈ। ਅਧਿਕਾਰੀਆਂ ਮੁਤਾਬਕ, ਇਸ ਘਟਨਾ ਦਾ ਸਿਲਸਿਲਾ ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕੁਨਾਲ ਨਵਾਂ ਮੋਬਾਈਲ ਫੋਨ ਲੈਣ ਦੀ ਮੰਗ ਨੂੰ ਲੈ ਕੇ ਮਾਪਿਆਂ ਨਾਲ ਹੋਈ ਬਹਿਸ ਤੋਂ ਬਾਅਦ ਪਹਾੜੀ ’ਤੇ ਚੜ੍ਹ ਗਿਆ। ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਮੁਰਲੀਧਰ ਤੇ ਸੰਗੀਤਾ ਉਸ ਨੂੰ ਸਮਝਾਉਣ ਲਈ ਪਹਾੜੀ ’ਤੇ ਉਸ ਦੇ ਪਿੱਛੇ ਗਏ। ਇਸ ਦੌਰਾਨ ਸਥਾਨਕ ਪਿੰਡ ਵਾਸੀ, ਪੁਲਿਸ ਮੁਲਾਜ਼ਮ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਬਚਾਅ ਕਾਰਜ ਲਈ ਮੌਕੇ ’ਤੇ ਇਕੱਠੇ ਹੋ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹਾੜੀ ਦੇ ਹੇਠਾਂ ਸੁਰੱਖਿਆ ਜਾਲ ਵਿਛਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਨਾਲ ਚੱਟਾਨ ਦੇ ਕਿਨਾਰੇ ਆਪਣੀ ਥਾਂ ਬਦਲਦਾ ਰਿਹਾ, ਜਿਸ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਦੁਪਹਿਰ ਕਰੀਬ ਇਕ ਵਜੇ ਇਸ ਮਾਮਲੇ ’ਚ ਨਵਾਂ ਮੋੜ ਉਦੋਂ ਆਇਆ, ਜਦੋਂ ਮੁਰਲੀਧਰ ਆਪਣੇ ਪੁੱਤਰ ਨੂੰ ਸਮਝਾਉਣ ਲਈ ਉਸ ਦੇ ਨੇੜੇ ਗਏ, ਪਰ ਕੁਨਾਲ ਖੜ੍ਹੀ ਪਹਾੜੀ ਤੋਂ ਹੇਠਾਂ ਛਾਲ ਮਾਰ ਗਿਆ। ਮੁਰਲੀਧਰ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਨ੍ਹਾਂ ਦਾ ਵੀ ਸੰਤੁਲਨ ਵਿਗੜ ਗਿਆ ਅਤੇ ਉਹ ਵੀ ਪਹਾੜੀ ਤੋਂ ਹੇਠਾਂ ਡਿੱਗ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਆਪਣੇ ਪਤੀ ਅਤੇ ਪੁੱਤਰ ਨੂੰ ਡਿੱਗ ਕੇ ਮਰਦੇ ਦੇਖ ਕੇ ਸੰਗੀਤਾ ਨੇ ਵੀ ਕੁਝ ਹੀ ਦੇਰ ਬਾਅਦ ਪਹਾੜੀ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ਾਂ ਬਰਾਮਦ ਕਰ ਲਈਆਂ ਹਨ।