ਦਸੰਬਰ 'ਚ ਸਿਖਰ 'ਤੇ ਰਹੇਗਾ ਅਲ-ਨੀਨੋ ਦਾ ਅਸਰ, ਫਰਵਰੀ-ਮਾਰਚ 2027 ਤਕ ਬਦਲਦਾ ਰਹੇਗਾ ਠੰਢ ਦਾ ਮਿਜ਼ਾਜ; ਬਰਫ਼ਬਾਰੀ ਦਾ ਵੀ ਖਦਸ਼ਾ
ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਸਰਦੀ ਦਾ ਮਿਜ਼ਾਜ ਸਿਰਫ਼ ਅਲ ਨੀਨੋ ਨਾਲ ਤੈਅ ਨਹੀਂ ਹੋਵੇਗਾ। ਪੱਛਮੀ ਗੜਬੜੀਆਂ ਦੀ ਗਿਣਤੀ, ਉਨ੍ਹਾਂ ਦੀ ਤੀਬਰਤਾ ਅਤੇ ਦਿਸ਼ਾ ਦੇ ਨਾਲ ਹਿੰਦ ਮਹਾਸਾਗਰ ਦੇ ਹਾਲਾਤ ਵੀ ਮਹੱਤਵਪੂਰਨ ਹੋਣਗੇ। ਇਹੀ ਕਾਰਨ ਹੈ ਕਿ ਆਮ ਨਾਲੋਂ ਗਰਮ ਸਰਦੀ ਦੇ ਸੰਕੇਤਾਂ ਦੇ ਬਾਵਜੂਦ ਵਿਚ-ਵਿਚ ਸੀਤ ਲਹਿਰ, ਮੀਂਹ ਅਤੇ ਪਹਾੜਾਂ ਵਿਚ ਬਰਫ਼ਬਾਰੀ ਹੋ ਸਕਦੀ ਹੈ।
Publish Date: Sun, 29 Nov 2026 09:48 AM (IST)
Updated Date: Sun, 29 Nov 2026 09:54 AM (IST)
ਅਰਵਿੰਦ ਸ਼ਰਮਾ, ਜਾਗਰਣ ਨਵੀਂ ਦਿੱਲੀ : ਪ੍ਰਸ਼ਾਂਤ ਮਹਾਸਾਗਰ ’ਚ ਦਸੰਬਰ ’ਚ ਅਲ ਨੀਨੋ ਦਾ ਅਸਰ ਸਿਖ਼ਰ 'ਤੇ ਹੋਵੇਗਾ। ਇਸ ਕਾਰਨ ਫਰਵਰੀ-ਮਾਰਚ 2027 ਤੱਕ ਦੇਸ਼ ਦੇ ਵੱਡੇ ਹਿੱਸੇ ’ਚ ਠੰਢ ਦਾ ਅੰਦਾਜ਼ਾ ਲਗਾਉਣਾ ਆਸਾਨ ਨਹੀਂ ਹੋਵੇਗਾ। ਕਿਤੇ ਆਮ ਨਾਲੋਂ ਵੱਧ ਤਾਪਮਾਨ ਰਹਿ ਸਕਦਾ ਹੈ ਤਾਂ ਕਿਤੇ ਅਚਾਨਕ ਸੀਤ ਲਹਿਰ ਅਤੇ ਕੜਾਕੇ ਦੀ ਠੰਢ ਪੈ ਸਕਦੀ ਹੈ। ਕਿਤੇ ਸਰਦੀ ਦੇਰ ਨਾਲ ਸ਼ੁਰੂ ਹੋਵੇਗੀ ਤਾਂ ਕਿਤੇ ਅਚਾਨਕ ਠੰਢ ਵਧ ਜਾਵੇਗੀ। ਪਹਾੜਾਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਦੇ ਉਤਾਰ-ਚੜ੍ਹਾਅ ਨਾਲ ਸਰਦੀ ਦਾ ਰਵਾਇਤੀ ਮਿਜ਼ਾਜ ਬਦਲ ਸਕਦਾ ਹੈ। ਬੰਗਾਲ ਦੀ ਖਾੜੀ ਵਿਚ ਲਗਾਤਾਰ ਚੱਕਰਵਾਤੀ ਗਤੀਵਿਧੀਆਂ ਵੀ ਮੌਸਮ ਨੂੰ ਗੁੰਝਲਦਾਰ ਬਣਾਈ ਰੱਖਣਗੀਆਂ।
ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਸਰਦੀ ਦਾ ਮਿਜ਼ਾਜ ਸਿਰਫ਼ ਅਲ ਨੀਨੋ ਨਾਲ ਤੈਅ ਨਹੀਂ ਹੋਵੇਗਾ। ਪੱਛਮੀ ਗੜਬੜੀਆਂ ਦੀ ਗਿਣਤੀ, ਉਨ੍ਹਾਂ ਦੀ ਤੀਬਰਤਾ ਅਤੇ ਦਿਸ਼ਾ ਦੇ ਨਾਲ ਹਿੰਦ ਮਹਾਸਾਗਰ ਦੇ ਹਾਲਾਤ ਵੀ ਮਹੱਤਵਪੂਰਨ ਹੋਣਗੇ। ਇਹੀ ਕਾਰਨ ਹੈ ਕਿ ਆਮ ਨਾਲੋਂ ਗਰਮ ਸਰਦੀ ਦੇ ਸੰਕੇਤਾਂ ਦੇ ਬਾਵਜੂਦ ਵਿਚ-ਵਿਚ ਸੀਤ ਲਹਿਰ, ਮੀਂਹ ਅਤੇ ਪਹਾੜਾਂ ਵਿਚ ਬਰਫ਼ਬਾਰੀ ਹੋ ਸਕਦੀ ਹੈ। ਯੂਰਪੀ ਮੌਸਮ ਕੇਂਦਰ ਕਾਪਰਨਿਕਸ ਦੇ ਤਾਜ਼ਾ ਮੁਲਾਂਕਣ ਵਿਚ ਦਸੰਬਰ ਤੋਂ ਫਰਵਰੀ ਦੇ ਵਿਚਕਾਰ ਉੱਤਰੀ ਭਾਰਤ ਵਿਚ ਆਮ ਨਾਲੋਂ ਵੱਧ ਤਾਪਮਾਨ ਰਹਿਣ ਦੀ ਲਗਪਗ 98 ਫ਼ੀਸਦੀ ਸੰਭਾਵਨਾ ਪ੍ਰਗਰਟਾਈ ਗਈ ਹੈ। ਅਮਰੀਕਾ ਦੇ ਕਲਾਈਮੇਟ ਪ੍ਰਿਡਿਕਸ਼ਨ ਸੈਂਟਰ ਨੇ ਵੀ ਦਸੰਬਰ ਤੋਂ ਫਰਵਰੀ ਦੇ ਵਿਚਕਾਰ ਅਲ ਨੀਨੋ ਦੀ ਸਥਿਤੀ ਬਣੀ ਰਹਿਣ ਦੀ ਲਗਪਗ ਸੌ ਫ਼ੀਸਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦਾ ਅਨੁਮਾਨ ਹੈ ਕਿ ਜਨਵਰੀ ਤੋਂ ਮਾਰਚ 2027 ਤੱਕ ਮਜ਼ਬੂਤ ਤੋਂ ਅਤਿ ਮਜ਼ਬੂਤ ਅਲ ਨੀਨੋ ਬਣਿਆ ਰਹਿ ਸਕਦਾ ਹੈ। ਇਸ ਨਾਲ ਦੇਸ਼ ਦੇ ਵੱਡੇ ਹਿੱਸੇ ਵਿਚ ਆਮ ਨਾਲੋਂ ਗਰਮ ਠੰਢ ਪੈਣ ਦਾ ਖ਼ਦਸ਼ਾ ਬਣਿਆ ਰਹਿ ਸਕਦਾ ਹੈ। ਹਾਲਾਂਕਿ, ਇਹ ਮੌਸਮੀ ਮਾਡਲਾਂ ਦੇ ਅਨੁਮਾਨ ਹਨ, ਇਨ੍ਹਾਂ ਨੂੰ ਪੱਕੀ ਭਵਿੱਖਬਾਣੀ ਨਹੀਂ ਮੰਨਿਆ ਜਾ ਸਕਦਾ। ਸਕਾਈਮੇਟ ਦੇ ਉਪ ਪ੍ਰਧਾਨ ਜੇਪੀ ਸ਼ਰਮਾ ਅਨੁਸਾਰ, ਅਲ ਨੀਨੋ ਦਾ ਅਸਰ ਮਾਰਚ 2027 ਤੱਕ ਰਹਿ ਸਕਦਾ ਹੈ। ਇਸ ਤੋਂ ਬਾਅਦ ਵੀ ਦੋ-ਤਿੰਨ ਮਹੀਨੇ ਨਿਊਟ੍ਰਲ ਸਥਿਤੀ ਬਣਨ ਵਿਚ ਲੱਗ ਜਾਣਗੇ। ਯਾਨੀ ਭਾਰਤ ਵਿਚ ਲਗਪਗ ਜੂਨ ਤੱਕ ਅਲ ਨੀਨੋ ਪ੍ਰਭਾਵੀ ਰਹਿ ਸਕਦਾ ਹੈ। ਇਸ ਕਾਰਨ ਸਰਦੀਆਂ ਦੇ ਤਾਪਮਾਨ ਅਤੇ ਮੀਂਹ 'ਤੇ ਵੀ ਅਸਰ ਪੈਣਾ ਤੈਅ ਹੈ।
ਪੱਛਮੀ ਹਿਮਾਲਿਆ ਦੇ ਹਿੱਸਿਆਂ ’ਚ ਫਰਵਰੀ ਤੱਕ ਆਮ ਨਾਲੋਂ ਵੱਧ ਬਰਫ਼ਬਾਰੀ ਦੀ ਸੰਭਾਵਨਾ
ਅੰਤਰਰਾਸ਼ਟਰੀ ਪਰਬਤੀ ਵਿਕਾਸ ਕੇਂਦਰ (ਆਈਸੀਮੋਡ) ਦੇ ਮੁਲਾਂਕਣ ਵਿਚ ਪੱਛਮੀ ਹਿਮਾਲਿਆ ਦੇ ਹਿੱਸਿਆਂ ਵਿਚ ਫਰਵਰੀ ਤੱਕ ਆਮ ਨਾਲੋਂ ਵੱਧ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਪੂਰੀ ਸਰਦੀ ਦੌਰਾਨ ਆਮ ਨਾਲੋਂ ਵੱਧ ਤਾਪਮਾਨ ਦੇ ਸੰਕੇਤ ਦਿੱਤੇ ਹਨ। ਦਸੰਬਰ ਦੇ ਸ਼ੁਰੂਆਤੀ ਦਿਨਾਂ ਤੱਕ ਉੱਤਰੀ ਭਾਰਤ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿ ਸਕਦਾ ਹੈ। ਬੰਗਾਲ ਦੀ ਖਾੜੀ ਵਿਚ ਇਕ ਮਹੀਨੇ ਦੌਰਾਨ ਤਿੰਨ ਚੱਕਰਵਾਤੀ ਤੂਫ਼ਾਨਾਂ ਦਾ ਵਿਕਸਤ ਹੋਣਾ ਵੀ ਮੌਸਮ ਦੇ ਬਦਲਦੇ ਮਿਜ਼ਾਜ ਵੱਲ ਸੰਕੇਤ ਕਰਦਾ ਹੈ। ਅਰਨਬ, ਮੁਰਾਸੂ ਅਤੇ ਅਕਵਾਨ ਤੂਫ਼ਾਨਾਂ ਦੇ ਪਿੱਛੇ ਸਮੁੰਦਰ ਵਿਚ ਪ੍ਰਤੀਕੂਲ ਮੌਸਮੀ ਹਾਲਾਤ ਰਹੇ ਹਨ। ਸਕਾਈਮੇਟ ਨੇ ਅਲ ਨੀਨੋ ਦੇ ਨਾਲ ਸਕਾਰਾਤਮਕ ਇੰਡੀਅਨ ਓਸ਼ਨ ਡਾਈਪੋਲ ਅਤੇ ਮੈਡਨ-ਜੂਲੀਅਨ ਓਸੀਲੇਸ਼ਨ ਨੂੰ ਵੀ ਇਨ੍ਹਾਂ ਗਤੀਵਿਧੀਆਂ ਵਿਚ ਸਹਾਇਕ ਮੰਨਿਆ ਹੈ।