ਜਿਸਦੀ ਮੌਤ 'ਤੇ ਰੋਇਆ ਪੂਰਾ ਪਰਿਵਾਰ, ਉਹ ਅਚਾਨਕ ਬੂਹੇ 'ਤੇ ਆ ਖੜ੍ਹਿਆ; ਕੀ ਹੈ ਦੋ ਵਾਰ ਪੋਸਟਮਾਰਟਮ ਵਾਲੀ ਲਾਸ਼ ਦਾ ਰਾਜ਼?
ਵੈਸ਼ਾਲੀ ਸੈਕਟਰ-5 ਦੇ ਰਹਿਣ ਵਾਲੇ 40 ਸਾਲਾ ਗਿਰਧਰ ਬਿਸ਼ਟ ਨੂੰ ਕੌਸ਼ਾਂਬੀ ਥਾਣਾ ਪੁਲਿਸ ਨੇ 17 ਮਈ ਨੂੰ ਕੁੱਟਮਾਰ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਸੀ। ਏ.ਸੀ.ਪੀ. ਦੀ ਅਦਾਲਤ ਤੋਂ 21 ਮਈ ਨੂੰ ਉਸ ਨੂੰ ਨਿੱਜੀ ਮੁਚਲਕੇ 'ਤੇ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਜਾਰੀ ਹੋਇਆ।
Publish Date: Thu, 25 Jun 2026 02:00 PM (IST)
Updated Date: Thu, 25 Jun 2026 02:06 PM (IST)
ਜਾਸ, ਸਾਹਿਬਾਬਾਦ : ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਸੂਰੀ ਨਹਿਰ ਵਿੱਚ ਮ੍ਰਿਤਕ ਮਿਲਿਆ ਗਿਰਧਰ ਬਿਸ਼ਟ ਜ਼ਿੰਦਾ ਵਾਪਸ ਪਰਤ ਆਇਆ ਹੈ। ਜ਼ਿਕਰਯੋਗ ਹੈ ਕਿ ਨਹਿਰ ਵਿੱਚ ਮਿਲੀ ਲਾਸ਼ ਦੀ ਪਛਾਣ ਪਰਿਵਾਰ ਵਾਲਿਆਂ ਨੇ ਗਿਰਧਰ ਬਿਸ਼ਟ ਵਜੋਂ ਕੀਤੀ ਸੀ। ਇਹੀ ਨਹੀਂ, ਪਰਿਵਾਰ ਦੀ ਮੰਗ 'ਤੇ ਪੁਲਿਸ ਨੇ ਲਾਸ਼ ਦਾ ਦੋ ਵਾਰ ਪੋਸਟਮਾਰਟਮ ਵੀ ਕਰਵਾਇਆ ਸੀ।
ਗਿਰਧਰ ਬਿਸ਼ਟ ਦੇ ਕਤਲ ਦੇ ਦੋਸ਼ ਵਿੱਚ ਉਸਦੇ ਪਰਿਵਾਰ ਦੀ ਸ਼ਿਕਾਇਤ 'ਤੇ ਮਸੂਰੀ ਥਾਣੇ ਵਿੱਚ ਸੱਤ ਲੋਕਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ।
ਹੁਣ ਗਿਰਧਰ ਦੇ ਜ਼ਿੰਦਾ ਪਰਤਣ 'ਤੇ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ। ਹੁਣ ਉਸਦੀ ਵਾਪਸੀ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਨਹਿਰ ਵਿੱਚ ਮਿਲੀ ਲਾਸ਼ ਗਿਰਧਰ ਦੀ ਨਹੀਂ ਸੀ ਤਾਂ ਉਹ ਕਿਸਦੀ ਸੀ, ਜਿਸਦਾ ਦੋ ਵਾਰ ਪੋਸਟਮਾਰਟਮ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ।
ਪੁਲਿਸ ਹੁਣ ਪੂਰੇ ਮਾਮਲੇ ਦੀ ਤਫ਼ਤੀਸ਼ ਵਿੱਚ ਲੱਗੀ ਹੋਈ ਹੈ। ਗਿਰਧਰ ਬਿਸ਼ਟ ਆਪਣੀ ਮਾਂ ਨਾਲ ਕੌਸ਼ਾਂਬੀ ਇਲਾਕੇ ਦੀ ਕਲਪਨਾ ਸੁਸਾਇਟੀ ਵਿੱਚ ਰਹਿੰਦਾ ਹੈ। ਉਸ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਗਿਰਧਰ ਨੂੰ 17 ਮਈ ਨੂੰ ਸ਼ਾਂਤੀ ਭੰਗ ਕਰਨ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਸੀ। 21 ਮਈ ਨੂੰ ਨਿੱਜੀ ਮੁਚਲਕੇ 'ਤੇ ਰਿਹਾਅ ਹੋਣ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ। ਪੋਸਟਮਾਰਟਮ ਦੀ ਰਿਪੋਰਟ ਵਿੱਚ ਸਰੀਰਕ ਸੱਟਾਂ ਦੀ ਪੁਸ਼ਟੀ ਨਹੀਂ ਹੋਈ ਸੀ। ਡਾਕਟਰਾਂ ਦੇ ਪੈਨਲ ਨੇ ਜਾਂਚ ਲਈ ਵਿਸਰਾ ਸੁਰੱਖਿਅਤ ਰੱਖਿਆ ਹੈ।
ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਵੈਸ਼ਾਲੀ ਸੈਕਟਰ-5 ਦੇ ਰਹਿਣ ਵਾਲੇ 40 ਸਾਲਾ ਗਿਰਧਰ ਬਿਸ਼ਟ ਨੂੰ ਕੌਸ਼ਾਂਬੀ ਥਾਣਾ ਪੁਲਿਸ ਨੇ 17 ਮਈ ਨੂੰ ਕੁੱਟਮਾਰ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਸੀ। ਏ.ਸੀ.ਪੀ. ਦੀ ਅਦਾਲਤ ਤੋਂ 21 ਮਈ ਨੂੰ ਉਸ ਨੂੰ ਨਿੱਜੀ ਮੁਚਲਕੇ 'ਤੇ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਜਾਰੀ ਹੋਇਆ।
21 ਮਈ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਗਿਰਧਰ ਬਿਸ਼ਟ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਮਸੂਰੀ ਥਾਣੇ ਵਿੱਚ ਉਸਦੀ ਗੁੰਮਸ਼ੁਦਗੀ ਦਰਜ ਕਰਵਾਈ। 12 ਜੂਨ ਨੂੰ ਗਿਰਧਰ ਦੀ ਲਾਸ਼ ਮਸੂਰੀ ਨਹਿਰ ਵਿੱਚੋਂ ਮਿਲੀ।
ਪਹਿਲੀ ਵਾਰ ਹੋਈ ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦਾ ਕਾਰਨ ਡੁੱਬਣਾ ਦੱਸਿਆ ਗਿਆ ਸੀ। ਪਰਿਵਾਰ ਨੇ ਮਾਮਲੇ ਵਿੱਚ ਗਿਰਧਰ ਦੇ ਕਤਲ ਦਾ ਦੋਸ਼ ਲਗਾਉਂਦੇ ਹੋਏ ਸੱਤ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਸੀ। ਮੰਗ ਤੋਂ ਬਾਅਦ 14 ਜੂਨ ਐਤਵਾਰ ਨੂੰ ਡਾਕਟਰਾਂ ਦੇ ਪੈਨਲ ਤੋਂ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਗਿਆ।
ਹੁਣ ਘਰ ਪਹੁੰਚੀ ਪੁਲਿਸ
ਮਾਮਲੇ ਦੀ ਜਾਂਚ ਲਈ ਵੀਰਵਾਰ ਨੂੰ ਦਿਨ ਵੇਲੇ ਪੁਲਿਸ ਵੀ ਗਿਰਧਰ ਦੇ ਘਰ ਪਹੁੰਚੀ ਹੈ। ਇਸਦੇ ਨਾਲ ਹੀ ਜਿਵੇਂ ਹੀ ਇਹ ਖ਼ਬਰ ਇਲਾਕੇ ਵਿੱਚ ਫੈਲੀ, ਲੋਕ ਗਿਰਧਰ ਦੇ ਘਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕਾਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਭਾਰੀ ਹੈਰਾਨੀ ਹੈ ਕਿ ਆਖ਼ਰ ਜਿਸ ਸ਼ਖਸ ਦੀ ਭੋਗ-ਤੇਰ੍ਹਵੀਂ ਆਦਿ ਤੱਕ ਹੋ ਚੁੱਕੀ ਹੈ, ਉਹ ਕਿਵੇਂ ਵਾਪਸ ਆ ਗਿਆ ਅਤੇ ਫਿਰ ਉਹ ਕੌਣ ਸ਼ਖਸ ਸੀ ਜਿਸਦਾ ਦੋ-ਦੋ ਵਾਰ ਪੋਸਟਮਾਰਟਮ ਹੋਇਆ।