ਬੇਮੌਸਮੀ ਮੀਂਹ ਤੇ ਹਨੇਰੀ ਨੇ ਖ਼ਾਸ ਤੌਰ ’ਤੇ ਉੱਤਰ ਭਾਰਤ ਤੇ ਮੱਧ ਭਾਰਤ ਦੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ, ਹਰਿਆਣਾ, ਯੂਪੀ, ਬਿਹਾਰ ਤੇ ਮਹਾਰਾਸ਼ਟਰ ’ਚ ਕਣਕ ਦੀ ਫ਼ਸਲ ਜ਼ਿਆਦਾ ਪ੍ਰਭਾਵਿਤ ਹੋਈ ਹੈ। ਕਈ ਥਾਵਾਂ ’ਤੇ ਫ਼ਸਲ ਪੱਕ ਕੇ ਤਿਆਰ ਸੀ, ਪਰ ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਖੇਤਾਂ ’ਚ ਹੀ ਫ਼ਸਲ ਵਿਛਾ ਦਿੱਤੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ਦੇ ਕਈ ਹਿੱਸਿਆਂ ’ਚ ਬੇਮੌਸਮੀ ਹਨੇਰੀ, ਮੀਂਹ ਤੇ ਗੜੇਮਾਰੀ ਨਾਲ ਹਾੜੀ ਦੀਆਂ ਫ਼ਸਲਾਂ ਨੂੰ ਹੋਏ ਨੁਕਸਾਨ ’ਤੇ ਕੇਂਦਰ ਸਰਕਾਰ ਸਰਗਰਮ ਹੋ ਗਈ ਹੈ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਗੰਭੀਰ ਸਥਿਤੀ ਦਾ ਨੋਟਿਸ ਲੈਂਦਿਆਂ ਮੰਤਰਾਲੇ ਨੂੰ ਵਿਸਥਾਰਤ ਸਮੀਖਿਆ ਕਰਨ ਤੇ ਸੂਬਿਆਂ ਨਾਲ ਤਾਲਮੇਲ ਦੇ ਨਿਰਦੇਸ਼ ਦਿੱਤੇ ਹਨ। ਖੇਤੀ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰਭਾਵਿਤ ਸੂਬਿਆਂ ਨਾਲ ਤੁਰੰਤ ਸੰਪਰਕ ਕਰ ਕੇ ਜ਼ਮੀਨੀ ਪੱਧਰ ’ਤੇ ਫ਼ਸਲ ਦੇ ਹੋਏ ਨੁਕਸਾਨ ਦਾ ਅਨੁਮਾਨ ਲਗਾਇਆ ਜਾਵੇ। ਇਸ ਮੁੱਦੇ ’ਤੇ ਸ਼ਿਵਰਾਜ ਪਾਟਿਲ ਇਕ ਦੋ ਦਿਨਾਂ ’ਚ ਵੱਖ-ਵੱਖ ਸੂਬਿਆਂ ਦੇ ਖੇਤੀ ਮੰਤਰੀਆਂ ਨਾਲ ਬੈਠਕ ਕਰ ਕੇ ਨੁਕਸਾਨ ਦੀ ਅਸਲ ਸਥਿਤੀ ’ਤੇ ਚਰਚਾ ਵੀ ਕਰਨਗੇ।
ਬੇਮੌਸਮੀ ਮੀਂਹ ਤੇ ਹਨੇਰੀ ਨੇ ਖ਼ਾਸ ਤੌਰ ’ਤੇ ਉੱਤਰ ਭਾਰਤ ਤੇ ਮੱਧ ਭਾਰਤ ਦੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ, ਹਰਿਆਣਾ, ਯੂਪੀ, ਬਿਹਾਰ ਤੇ ਮਹਾਰਾਸ਼ਟਰ ’ਚ ਕਣਕ ਦੀ ਫ਼ਸਲ ਜ਼ਿਆਦਾ ਪ੍ਰਭਾਵਿਤ ਹੋਈ ਹੈ। ਕਈ ਥਾਵਾਂ ’ਤੇ ਫ਼ਸਲ ਪੱਕ ਕੇ ਤਿਆਰ ਸੀ, ਪਰ ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਖੇਤਾਂ ’ਚ ਹੀ ਫ਼ਸਲ ਵਿਛਾ ਦਿੱਤੀ। ਪੰਜਾਬ ਤੇ ਹਰਿਆਣਾ ’ਚ ਸਮੱਸਿਆ ਸਭ ਤੋਂ ਗੰਭੀਰ ਹੈ। ਇੱਥੇ ਖੇਤਾਂ ’ਚ ਖੜ੍ਹੀ ਫ਼ਸਲ ਡਿੱਗ ਗਈ ਹੈ ਤੇ ਨਾਲ ਹੀ ਖੇਤਾਂ ’ਚ ਪਾਣੀ ਭਰ ਗਿਆ ਹੈ। ਹਲਾਤ ਇਹ ਹੋ ਗਏ ਹਨ ਕਿ ਜਿੱਥੇ ਕਣਕ ਦੀ ਫ਼ਸਲ ਪੱਕ ਚੁੱਕੀ ਹੈ, ਮੀਂਹ ਕਾਰਨ ਉਸ ਦੀ ਵਾਢੀ ਨਹੀਂ ਹੋ ਪਾ ਰਹੀ ਤੇ ਪੱਕੀ ਹੋਈ ਫ਼ਸਲ ਖੇਤਾਂ ’ਚ ਵਿਛਣ ਨਾਲ ਉਸ ਦੇ ਖ਼ਰਾਬ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਮਸ਼ੀਨਾਂ ਦਾ ਸੰਚਾਲਨ ਮੁਸ਼ਕਲ ਹੋ ਗਿਆ। ਪੰਜਾਬ ’ਚ ਕਣਕ ਦੀ ਖ਼ਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਤੱਕ ਮੰਡੀਆਂ ’ਚ ਕਣਕ ਨਹੀਂ ਪੁੱਜੀ। ਇਨ੍ਹਾਂ ਹਾਲਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਕਈ ਜ਼ਿਲਿ੍ਹਆਂ ’ਚ ਹਜ਼ਾਰਾਂ ਹੈਕਟੇਅਰ ਫ਼ਸਲ ਖ਼ਰਾਬ ਹੋਣ ਦੀ ਖ਼ਬਰ ਹੈ। ਇਹੀ ਹਾਲ ਮੱਧ ਪ੍ਰਦੇਸ਼ ਦਾ ਹੈ। ਇੱਥੇ ਵੀ ਵੱਡੀ ਗਿਣਤੀ ’ਚ ਕਿਸਾਨ ਪ੍ਰਭਾਵਿਤ ਹੋਏ ਹਨ।
ਇਸੇ ਵਿਚਾਲੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਸੰਕਟ ਦੀ ਇਸ ਘੜੀ ’ਚ ਉਹ ਇਕੱਲੇ ਨਹੀਂ ਹਨ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨੁਕਸਾਨ ਦਾ ਅਨੁਮਾਨ ਲਗਾ ਕੇ ਜ਼ਰੂਰੀ ਰਾਹਤ ਉਪਾਅ ਕੀਤੇ ਜਾਣਗੇ। ਸੂਬਿਆਂ ਤੋਂ ਆਉਣ ਵਾਲੀ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕੁਝ ਐਲਾਨ ਕੀਤੇ ਜਾ ਸਕਦੇ ਹਨ।
ਸੱਤ ਤੋਂ 10 ਅਪ੍ਰੈਲ ਦੌਰਾਨ ਇਕ ਹੋਰ ਪੱਛਮੀ ਗੜਬੜੀ ਹੋਵੇਗੀ ਸਰਗਰਮ
ਆਈਐੱਮਡੀ ਮੁਤਾਬਕ, ਖ਼ਰਾਬ ਮੌਸਮ ਦੀ ਇਹ ਸਥਿਤੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਬਣੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿੱ ਸੱਤ ਤੋਂ ਦੱਸ ਅਪ੍ਰੈਲ ਵਿਚਕਾਰ ਉੱਤਰ ਪੱਛਮੀ ਭਾਰਤ ’ਚ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸ ਨਾਲ ਮੀਂਹ, ਹਨੇਰੀ ਤੇ ਗੜੇਮਾਰੀ ਦੀ ਨਵੀਂ ਲਹਿਰ ਆ ਸਕਦੀ ਹੈ।
ਖੇਤੀ ਤੇ ਮੌਸਮ ਵਿਗਿਆਨੀਆਂ ਨੇ ਕਿਸਾਨਾਂ ਨੂੰ ਇਸ ਦੌਰਾਨ ਚੌਕਸ ਰਹਿਣ ਦਾ ਸੁਝਾਅ ਦਿੱਤਾ ਹੈ। ਜਿੱਥੇ ਫ਼ਸਲ ਤਿਆਰ ਹੈ, ਉੱਥੇ ਛੇਤੀ ਵਾਢੀ ਕਰਨ ਦੀ ਸਲਾਹ ਦਿੱਤੀ ਹੈ। ਬਾਗ਼ਬਾਨੀ ਦੀਆਂ ਫ਼ਸਲਾਂ ਲਈ ਗੜੇਮਾਰੀ ਦਾ ਅਸਰ ਘੱਟ ਕਰਨ ਲਈ ਜਾਲ ਲਗਾਉਣ ਤੇ ਤੋੜੀ ਗਈ ਫ਼ਸਲ ਨੂੰ ਸੁਰੱਖਿਅਤ ਨੂੰ ਥਾਂ ’ਤੇ ਰੱਖਣ ਦੀ ਹਦਾਇਤ ਦਿੱਤੀ ਹੈ। ਪਸ਼ੂ ਪਾਲਕਾਂ ਨੂੰ ਵੀ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਰੱਖਣ ਲਈ ਕਿਹਾ ਗਿਆ ਹੈ।