- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਮੌਨਸੂਨ ਦਾ ਭਵਿੱਖ ਪ੍ਰਸ਼ਾਂਤ ਮਹਾਸਾਗਰ ਦੇ ਐਲ ਨੀਨੋ ਅਤੇ ਹਿੰਦ ਮਹਾਸਾਗਰ ਡਾਇਪੋਲ (IOD) ਵਿਚਕਾਰ ਚੱਲ ਰਹੀ ਖਿੱਚੋਤਾਣ 'ਤੇ ਨਿਰਭਰ ਕਰਦਾ ਹੈ।

ਮਹਾਸਾਗਰਾਂ ’ਚ ਦੋ ਮੌਸਮੀ ਤੰਤਰਾਂ ਦੇ ਮੁਕਾਬਲੇ ’ਤੇ ਟਿਕੀ ਮੌਨਸੂਨ ਦੀ ਚਾਲ
-ਪ੍ਰਸ਼ਾਂਤ ਤੇ ਹਿੰਦ ਮਹਾਸਾਗਰ ’ਚ ਮੌਸਮੀ ਖਿੱਚੋਤਾਣ ਨਾਲ ਤੈਅ ਹੋ ਸਕਦੀ ਹੈ ਮੌਨਸੂਨੀ ਬਾਰਿਸ਼
-ਅਲਨੀਨੋ ਦੇ ਅਸਰ ਨੂੰ ਘੱਟ ਕਰ ਸਕਦਾ ਹੈ ਪਾਜ਼ੀਟਿਵ ਇੰਡੀਅਨ ਓਸ਼ਨ ਡਾਇਪੋਲ
ਅਰਵਿੰਦ ਸ਼ਰਮਾ, ਜਾਗਰਣ
ਨਵੀਂ ਦਿੱਲੀ : ਇਸ ਵਾਰ ਮੌਨਸੂਨ ਦੀ ਅੱਗੇ ਦੀ ਤਸਵੀਰ ਕਾਫ਼ੀ ਹੱਦ ਤੱਕ ਪ੍ਰਸ਼ਾਂਤ ਤੇ ਹਿੰਦ ਮਹਾਸਾਗਰ ’ਚ ਚੱਲ ਰਹੀਆਂ ਦੋ ਵੱਡੀਆਂ ਮੌਸਮੀ ਪ੍ਰਣਾਲੀਆਂ ਦੀ ਖਿੱਚੋਤਾਣ ’ਤੇ ਟਿਕੀ ਹੈ। ਇਕ ਪਾਸੇ ਪ੍ਰਸ਼ਾਂਤ ਮਹਾਸਾਗਰ ’ਚ ਵਿਕਸਤ ਹੋ ਰਹੀ ਅਲਨੀਨੋ ਦੀ ਸਥਿਤੀ ਬਾਰਿਸ਼ ਨੂੰ ਕਮਜ਼ੋਰ ਕਰਨ ਵੱਲ ਇਸ਼ਾਰਾ ਕਰ ਰਹੀ ਹੈ, ਤੇ ਦੂਜੇ ਪਾਸੇ ਹਿੰਦ ਮਹਾਸਾਗਰ ’ਚ ਇੰਡੀਅਨ ਓਸ਼ਨ ਡਾਇਪੋਲ (ਆਈਓਡੀ) ਉਸ ਦੇ ਅਸਰ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੁਲਾਈ ਤੇ ਅਗਸਤ ਦੌਰਾਨ ਜੇ ਆਈਓਡੀ ਪਾਜ਼ੀਟਿਵ ਹੋਇਆ ਤਾਂ ਉਹ ਅਲਨੀਨੋ ਦੇ ਅਸਰ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਸਕਦਾ ਹੈ।
ਮੌਨਸੂਨ ਨੂੰ ਕੇਰਲਮ ਪੁੱਜੇ ਲਗਪਗ ਮਹੀਨਾ ਭਰ ਹੋ ਚੁੱਕਾ ਹੈ, ਪਰ ਦੇਸ਼ ਦੇ ਕਈ ਹਿੱਸੇ ਸੋਕੇ ਦੀ ਲਪੇਟ ’ਚ ਆ ਗਏ ਹਨ। ਘੱਟ ਬਾਰਿਸ਼ ਕਾਰਨ ਫ਼ਸਲਾਂ ਦੀ ਬਿਜਾਈ ਪ੍ਰਭਾਵਿਤ ਹੋਈ ਹੈ। ਬਿਜਾਈ ਦਾ ਰਕਬਾ ਪਿਛਲੇ ਸਾਲਾਂ ਦੀ ਤੁਲਨਾ ’ਚ ਅਜੇ ਲਗਪਗ 23 ਫ਼ੀਸਦੀ ਘੱਟ ਹੈ। ਉਮੀਦ ਮੌਨਸੂਨ ਦੇ ਦੂਜੇ ਪੜਾਅ ’ਤੇ ਟਿਕੀ ਹੈ।
ਮਾਹਿਰਾਂ ਮੁਤਾਬਕ, ਮੌਨਸੂਨ ਦੇ ਅਗਲੇ ਪੜਾਅ ਦਾ ਰੁਖ਼ ਇਸ ਗੱਲ ਨਾਲ ਤੈਅ ਹੋਵੇਗਾ ਕਿ ਅਲਨੀਨੋ ਵੱਧ ਅਸਰਦਾਰ ਰਹਿੰਦਾ ਹੈ ਜਾਂ ਆਈਓਡੀ ਮਜ਼ਬੂਤ ਹੋ ਕੇ ਉਸ ਦਾ ਮੁਕਾਬਲਾ ਕਰਦਾ ਹੈ। ਜੇ ਆਈਓਡੀ ਸਮੇਂ ’ਤੇ ਸਰਗਰਮ ਹੋ ਗਿਆ ਤਾਂ ਅਗਸਤ-ਸਤੰਬਰ ’ਚ ਬਾਰਿਸ਼ ਦੀ ਸਥਿਤੀ ਸੁਧਰ ਸਕਦੀ ਹੈ। ਜੇ ਅਲਨੀਨੋ ਦਾ ਅਸਰ ਜ਼ਿਆਦਾ ਰਿਹਾ ਤੇ ਆਈਓਡੀ ਕਮਜ਼ੋਰ ਜਾਂ ਦੇਰ ਨਾਲ ਵਿਕਸਤ ਹੋਇਆ ਤਾਂ ਮੌਨਸੂਨ ’ਤੇ ਦਬਾਅ ਬਣਿਆ ਰਹਿ ਸਕਦਾ ਹੈ।
ਵਿਸ਼ਵ ਮੌਸਮ ਸੰਗਠਨ (ਡਬਲਯੂਐੱਮਓ) ਤੇ ਭਾਰਤੀ ਮੌਸਮ ਵਿਭਾਗ ਮੁਤਾਬਕ ਫ਼ਿਲਹਾਲ ਆਈਓਡੀ ਨਿਊਟਰਲ ਸਥਿਤੀ ’ਚ ਹੈ। ਅਜੇ ਉਸ ਦਾ ਮੌਨਸੂਨ ’ਤੇ ਕੋਈ ਖਾਸ ਅਸਰ ਨਹੀਂ ਪੈ ਰਿਹਾ। ਪਰ ਜੁਲਾਈ ਤੋਂ ਅਗਸਤ ਵਿਚਾਲੇ ਇਸ ਦੇ ਪਾਜ਼ੀਟਿਵ ਹੋਣ ਦੀ ਸੰਭਾਵਨਾ ਹੈ। ਅਜਿਹਾ ਹੋਣ ’ਤੇ ਹਿੰਦ ਮਹਾਸਾਗਰ ਤੋਂ ਵੱਧ ਨਮੀ ਮਿਲਣ ਲੱਗੇਗੀ, ਜਿਸ ਨਾਲ ਅਗਸਤ-ਸਤੰਬਰ ’ਚ ਮੌਨਸੂਨ ਮਜ਼ਬੂਤ ਹੋ ਸਕਦਾ ਹੈ। ਸਾਲ 1997 ’ਚ ਬਹੁਤ ਸ਼ਕਤੀਸ਼ਾਲੀ ਅਲਨੀਨੋ ਦੇ ਬਾਵਜੂਦ ਪਾਜ਼ੀਟਿਵ ਆਈਓਡੀ ਨੇ ਮੌਨਸੂਨ ਨੂੰ ਆਮ ਬਣਾਈ ਰੱਖਣ ’ਚ ਵੱਡੀ ਭੂਮਿਕਾ ਨਿਭਾਈ ਸੀ। ਸਮੁੰਦਰ ਦੇ ਤਾਪਮਾਨ ’ਚ ਆਮ ਤੋਂ ਲਗਪਗ 0.4 ਡਿਗਰੀ ਸੈਲਸੀਅਸ ਤੱਕ ਦਾ ਫ਼ਰਕ ਨਿਊਟਰਲ ਮੰਨਿਆ ਜਾਂਦਾ ਹੈ। ਇਸ ਤੋਂ ਵੱਧ ਬੜ੍ਹਤ ਪਾਜ਼ੀਟਿਵ ਆਈਓਡੀ ਵੱਲ ਸੰਕੇਤ ਦਿੰਦੀ ਹੈ। ਅਜੇ ਇਸ ਦੇ ਪਾਜ਼ੀਟਿਵ ਹੋਣ ਦੇ ਸੰਕੇਤ ਹਨ। ਪਰ ਮੌਨਸੂਨ ਨੂੰ ਮਜ਼ਬੂਤੀ ਤਦ ਮਿਲੇਗੀ, ਜਦ ਸਮੁੰਦਰ ਦਾ ਤਾਪਮਾਨ ਹੋਰ ਵਧੇ।
ਮੌਸਮ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਜਾਣੋ
-ਇੰਡੀਅਨ ਓਸ਼ਨ ਡਾਇਪੋਲ (ਆਈਓਡੀ) ਹਿੰਦ ਮਹਾਸਾਗਰ ਦੇ ਪੱਛਮ ਤੇ ਪੂਰਬੀ ਹਿੱਸਿਆਂ ਦੇ ਸਮੁੰਦਰੀ ਸਤ੍ਹਾ ਦੇ ਤਾਪਮਾਨ ਦੇ ਫ਼ਰਕ ਨੂੰ ਕਿਹਾ ਜਾਂਦਾ ਹੈ। ਜਦ ਅਫਰੀਕਾ ਵੱਲ ਦਾ ਪੱਛਮੀ ਹਿੰਦ ਮਹਾਸਾਗਰ ਆਮ ਤੋਂ ਗਰਮ ਤੇ ਇੰਡੋਨੇਸ਼ੀਆ ਵੱਲ ਦਾ ਪੂਰਬੀ ਹਿੱਸਾ ਉਮੀਦ ਮੁਤਾਬਕ ਠੰਢਾ ਹੋ ਜਾਂਦਾ ਹੈ, ਤਦ ਪਾਜ਼ੀਟਿਵ ਆਈਓਡੀ ਦੀ ਸਥਿਤੀ ਬਣਦੀ ਹੈ। ਇਸ ਨਾਲ ਅਰਬ ਸਾਗਰ ਤੋਂ ਭਾਰਤ ਵੱਲ ਆਉਣ ਵਾਲੀਆਂ ਨਮੀ ਨਾਲ ਭਰੀਆਂ ਹਵਾਵਾਂ ਮਜ਼ਬੂਤ ਹੁੰਦੀਆਂ ਹਨ ਤੇ ਮੌਨਸੂਨੀ ਬੱਦਲਾਂ ਨੂੰ ਵੱਧ ਸਹਾਰਾ ਮਿਲਦਾ ਹੈ।
-ਅਲਨੀਨੋ ਇਕ ਜਲਵਾਯੂ ਪੈਟਰਨ ਹੈ। ਇਹ ਪੂਰਬੀ ਗਰਮ ਖੰਡੀ ਪ੍ਰਸ਼ਾਂਤ ਮਹਾਸਾਗਰ ’ਚ ਸਤਹੀ ਪਾਣੀ ਦੀ ਆਮ ਰੂਪ ਨਾਲ ਗਰਮ ਸਥਿਤੀ ਨੂੰ ਦਰਸਾਉਂਦਾ ਹੈ। ਇਹ ਮੌਨਸੂਨੀ ਹਵਾਵਾਂ ਦੇ ਕਮਜ਼ੋਰ ਹੋਣ ਤੇ ਭਾਰਤ ’ਚ ਘੱਟ ਬਾਰਿਸ਼ ਨਾਲ ਜੁੜਿਆ ਹੋਇਆ ਹੈ। ਅਲਨੀਨੋ ਕਾਰਨ ਤਾਪਮਾਨ ਗਰਮ ਹੁੰਦਾ ਹੈ।